ਸ਼ਾਹੀ ਸ਼ਹਿਰ ਦੀਆਂ ਗਲੀਆਂ ਹੋਣਗੀਆਂ ਚੌੜੀਆਂ : ਘਰਾਂ ਅੱਗੇ ਬਣੇ ਰੈਂਪ ਤੋੜਨ ਦੀ ਸ਼ੁਰੂਆਤ ਮੇਅਰ ਦੀ ਗਲੀ ਤੋਂ

Last Updated: May 17 2018 20:52

ਸ਼ਾਹੀ ਸ਼ਹਿਰ ਦੇ ਧੁਰ ਅੰਦਰੂਨੀ ਇਲਾਕਿਆਂ ਵਿੱਚ ਬਣੀਆਂ ਗਲੀਆਂ ਦੀ ਚੌੜਾਈ ਦਿਨ-ਬਦਿਨ ਸੁੰਗੜਨ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਇਨ੍ਹਾਂ ਗਲੀਆਂ ਨੂੰ ਚੌੜਾ ਕਰਨ ਦੀ ਸ਼ੁਰੂਆਤ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਰੋਡ ਸਥਿਤ ਪੁਸ਼ਤੈਨੀ ਘਰ ਦੀ ਗਲੀ ਤੋਂ ਕੀਤੀ ਗਈ ਹੈ। ਜਿੱਥੇ 30 ਘਰਾਂ ਦੇ ਬਾਹਰ ਬਣੇ ਰੈਂਪ ਤੋੜ ਦਿੱਤੇ ਗਏ। ਇਨ੍ਹਾਂ ਨੂੰ ਤੋੜਨ ਦਾ ਕਾਰਨ ਇਹ ਦੱਸਿਆ ਗਿਆ ਕਿ ਇਸ ਗਲੀ ਦੀ ਚੌੜਾਈ 30 ਫੁੱਟ ਹੋਣ ਦੇ ਬਾਵਜੂਦ ਲੋਕਾਂ ਨੇ ਦੋਵੇਂ ਪਾਸੇ ਤੋਂ ਰੈਂਪ ਬਣਾ ਕੇ 10 ਫੁੱਟ ਸੜਕ 'ਤੇ ਕਬਜਾ ਕਰ ਰੱਖਿਆ ਸੀ। ਨਿਗਮ ਅਧਿਕਾਰੀਆਂ ਅਨੁਸਾਰ ਇਹ ਰੈਂਪ ਤੋੜਨ ਤੋਂ ਪਹਿਲਾਂ ਦੋ ਵਾਰ ਇਨ੍ਹਾਂ ਕਾਬਜਾਧਾਰੀਆਂ ਨੂੰ ਨੋਟਿਸ ਦਿੱਤੇ ਗਏ ਪਰ ਲੋਕਾਂ ਨੇ ਨੋਟਿਸ ਦੀ ਪਰਵਾਹ ਨਹੀਂ ਕੀਤੀ। ਇਸ ਮੁਹਿੰਮ ਦੀ ਅਗਵਾਈ ਨਿਗਮ ਦੇ ਅਸਿਸਟੈਂਟ ਟਾਊਨ ਪਲੈਨਰ ਨਰੇਸ਼ ਕੁਮਾਰ ਨੇ ਕੀਤੀ ਜਿਸ ਦੀ ਟੀਮ ਵਿੱਚ ਨਿਗਮ ਇੰਸਪੈਕਟਰ ਤਰੁਣ ਧਵਨ ਅਤੇ ਰਮਨ ਸਮੇਤ ਭਾਰੀ ਪੁਲਿਸ ਫੋਰਸ ਵੀ ਸ਼ਾਮਲ ਸੀ।