ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਨੇ ਗੇਟ ਰੈਲੀ ਕਰਕੇ ਕੀਤਾ ਸਰਕਾਰ ਦਾ ਪਿੱਟ ਸਿਆਪਾ.!!!

Last Updated: May 17 2018 20:47

ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰੋਗਰਾਮ ਅਨੁਸਾਰ ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਵਿੱਚ ਗੇਟ ਰੈਲੀ ਸੁਖਪਾਲ ਸਿੰਘ ਸੂਬਾ ਜਨਰਲ ਸਕੱਤਰ ਐੱਸਸੀ ਯੂਨੀਅਨ ਦੀ ਅਗਵਾਈ ਵਿੱਚ ਕੀਤੀ ਗਈ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਸੂਬਾ ਜਨਰਲ ਸਕੱਤਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਨੂੰ ਤਕਰੀਬਨ ਸਵਾ ਸਾਲ ਹੋ ਗਿਆ ਹੈ, ਪਰ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਰਹੀ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲੋਂ ਕਿਹਾ ਸੀ ਕਿ ਠੇਕੇਦਾਰੀ ਸਿਸਟਮ ਬਿਲਕੁਲ ਖ਼ਤਮ ਕੀਤਾ ਜਾਵੇਗਾ, ਸਪੈਸ਼ਲ ਅਪ੍ਰੇਸ਼ਨ ਬੰਦ ਕੀਤਾ ਜਾਵੇਗਾ, ਨਵੀਂ ਟਰਾਂਸਪੋਰਟ ਨੀਤੀ ਜਲਦੀ ਲਾਗੂ ਕੀਤੀ ਜਾਵੇਗੀ। ਪਰ..!! ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ 'ਤੇ ਕੁਝ ਵੀ ਨਹੀਂ ਕੀਤਾ, ਸਗੋਂ ਸਪੈਸ਼ਲ ਅਪ੍ਰੇਸ਼ਨ ਨੂੰ ਬੜਾਵਾ ਦਿੱਤਾ।

ਸੁਖਪਾਲ ਸਿੰਘ ਨੇ ਆਖਿਆ ਕਿ ਬਾਦਲ ਸਰਕਾਰ ਦੀ ਤਰ੍ਹਾਂ ਕੈਪਟਨ ਸਰਕਾਰ ਵੱਲੋਂ ਵੀ ਭਰਤੀ ਠੇਕੇ 'ਤੇ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ, ਪੇ-ਕਮਿਸ਼ਨ ਦੀ ਰਿਪੋਰਟ ਜੋ ਕਿ 1 ਜਨਵਰੀ 2006 ਤੋਂ ਦੇਣਾ ਬਣਦਾ ਸੀ, ਅੱਜ ਤੱਕ ਉਸ ਬਾਰੇ ਕੁਝ ਨਹੀਂ ਕੀਤਾ ਗਿਆ ਉਹ ਦਿੱਤਾ ਜਾਵੇ। ਉਨ੍ਹਾਂ ਮੰਗ ਇਹ ਵੀ ਕੀਤੀ ਕਿ ਰੋਡਵੇਜ਼ ਦੇ ਡਰਾਈਵਰਾਂ 'ਤੇ ਧਾਰਾ 304-ਏ ਖ਼ਤਮ ਕੀਤੀ ਜਾਵੇ। ਇਸ ਮੌਕੇ ਸੈਂਟਰ ਬਾਡੀ ਦੇ ਲੀਡਰ ਅੰਗਰੇਜ਼ ਸਿੰਘ ਏਟਕ ਸੂਬਾ ਸੀਨੀਅਰ ਮੀਤ ਪ੍ਰਧਾਨ, ਰੇਸ਼ਮ ਸਿੰਘ ਪ੍ਰਧਾਨ ਪਨਬੱਸ ਕੰਟਰੈਕਟ ਵਰਕਰ ਯੂਨੀਅਨ, ਇੰਟਕ ਦੇ ਚੇਅਰਮੈਨ ਗੁਰਦਰਸ਼ਨ ਸਿੰਘ ਅਤੇ ਕਰਮਚਾਰੀ ਦਲ ਦੇ ਗੁਰਜੀਤ ਸਿੰਘ ਆਦਿ ਨੇ ਵੀ ਗੇਟ ਰੈਲੀ ਨੂੰ ਸੰਬੋਧਨ ਕੀਤਾ।