ਸੀ ਐਮ ਸ਼ਹਿਰ ਦੀ ਪੁਲਿਸ 'ਤੇ ਚੜ੍ਹਿਆ ਸੱਤਾ ਦਾ ਸਰੂਰ : ਮੁੱਛਾਂ ਨੂੰ ਤਾਅ ਦੇਣ 'ਤੇ ਕੁੱਟ-ਕੁੱਟ ਉਂਗਲਾਂ ਤੋੜਨ ਦਾ ਦੋਸ਼ (ਨਿਊਜ਼ਨੰਬਰ ਖਾਸ ਖ਼ਬਰ)

Last Updated: May 17 2018 20:47

ਸ਼ਾਹੀ ਸ਼ਹਿਰ ਪਟਿਆਲਾ ਦੀ ਪੁਲਿਸ ਉੱਤੇ ਸੀ.ਐਮ ਸ਼ਹਿਰ ਹੋਣ ਕਾਰਨ ਸੱਤਾ ਦਾ ਸਰੂਰ ਚੜ੍ਹਨ 'ਤੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਉਸ ਦੀਆਂ ਉਂਗਲਾਂ ਤੋੜਨ ਦੇ ਦੋਸ਼ ਲੱਗੇ ਹਨ। ਇਹ ਪੀੜਿਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਹੈ, ਜਿਸ ਦੇ ਪਿੰਡੇ 'ਤੇ ਜਗ੍ਹਾ-ਜਗ੍ਹਾ ਵੱਜੀਆਂ ਸੱਟਾਂ ਕਾਰਨ ਪਏ ਨੀਲ ਉਸ ਨਾਲ ਹੋਈ ਕੁੱਟ ਮਾਰ ਦੀ ਗਵਾਹੀ ਭਰ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਟਿਆਲਾ ਦੇ ਥਾਣਾ ਕੋਤਵਾਲੀ ਦਾ ਹੈ, ਜਿਸ ਦੇ ਖੇਤਰ ਵਿੱਚੋਂ ਜਦੋਂ ਬੀਤੀ ਰਾਤ 11 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਸਵਾਰ ਹੋਕੇ ਘਰ ਵਿੱਚ ਚੱਲ ਰਹੇ ਵਿਆਹ ਸਮਾਗਮ ਲਈ ਪਾਣੀ ਦੀਆਂ ਬੋਤਲਾਂ ਲੈਣ ਜਾ ਰਹੇ ਵਿੱਕੀ ਅਤੇ ਕਾਲੀ ਨਾਮਕ ਦੋ ਨੌਜਵਾਨਾਂ ਨੂੰ ਕੋਤਵਾਲੀ ਪੁਲਿਸ ਨੇ ਸ਼ੇਰ-ਏ-ਪੰਜਾਬ ਮਾਰਕੀਟ ਵਿਖੇ ਰੋਕ ਲਿਆ। ਪੁਲਿਸ ਵਾਲਿਆਂ ਵੱਲੋਂ ਬਾਇਕ ਦੇ ਕਾਗਜ ਮੰਗਣ 'ਤੇ ਦੋਵੇਂ ਨੌਜਵਾਨ ਜਦੋਂ ਕਾਗਜ ਵਖਾਉਣ ਵਿੱਚ ਅਸਮਰਥ ਰਹੇ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਦਾ ਮੋਟਰਸਾਈਕਲ ਮੋਟਰਵਹਿਕਲ ਐਕਟ ਦੀ ਧਾਰਾ 207 ਤਹਿਤ ਜਪਤ ਕਰ ਲਿਆ ਅਤੇ ਦੋਵੇਂ ਨੌਜਵਾਨ ਉੱਥੋਂ ਪੈਦਲ ਵਿਆਹ ਵਾਲੇ ਘਰ ਗਾਂਧੀ ਨਗਰ ਆ ਗਏ।

ਜਿਸ ਤੋਂ ਬਾਅਦ ਮੋਟਰਸਾਈਕਲ ਨੂੰ ਛੁਡਵਾਉਣ ਲਈ ਉਨ੍ਹਾਂ ਦੇ ਨਾਲ ਮਨੋਜ ਕੁਮਾਰ ਜੋ ਰਾਜਿੰਦਰਾ ਹਸਪਤਾਲ ਦੇ ਮੁਰਦਾ ਘਰ ਵਿਖੇ ਤਾਇਨਾਤ ਹੈ, ਉਸਦਾ ਲੜਕਾ ਅਮਿਤ ਕੁਮਾਰ ਤੇ ਕੁਝ ਹੋਰ ਰਿਸ਼ਤੇਦਾਰ ਮੋਟਰਸਾਈਕਲ ਰਾਤ ਪੌਣੇ 12 ਵਜੇ ਥਾਣਾ ਕੋਤਵਾਲੀ ਪੁੱਜੇ। ਇਸ ਘਟਨਾ ਤੋਂ ਪੀੜਤ ਅਮਿਤ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਸਨੇ ਥਾਣੇ 'ਚ ਮੌਜੂਦ ਡਿਊਟੀ ਅਫਸਰ ਥਾਣੇਦਾਰ ਹਰਸ਼ਰਨਵੀਰ ਸਿੰਘ ਨੂੰ ਆਪਣੀ ਬਾਈਕ ਬਾਰੇ ਪੁੱਛਿਆ ਤਾਂ ਉਸਨੇ ਆਪਣੇ ਸਾਥੀ ਮੁਲਾਜਮਾਂ ਨੂੰ ਕਿਹਾ ਕਿ ਇਸ ਨੂੰ ਫੜ ਕੇ ਹਵਾਲਾਤ 'ਚ ਦੇ ਦਿਓ, ਇਹ ਪੁਲਿਸ ਵਾਲਿਆਂ ਨੂੰ ਦੇਖ ਕੇ ਬੜਾ ਮੁੱਛਾਂ ਨੂੰ ਤਾਅ ਦਿੰਦਾ ਰਹਿੰਦਾ ਹੈ। ਪੀੜਿਤ ਅਨੁਸਾਰ ਉਸ ਤੋਂ ਬਾਅਦ ਤਾਂ ਉੱਥੇ ਮੌਜੂਦ ਪੰਜ ਪੁਲਿਸ ਵਾਲਿਆਂ ਨੇ ਉਸ ਨੂੰ ਬੱਕਰੇ ਵਾਂਗੂ ਢਾਅ ਲਿਆ ਤੇ ਹਵਾਲਾਤ ਅੰਦਰ ਨੰਗਾ ਕਰਕੇ ਉਸ ਨੂੰ ਉਦੋਂ ਤੱਕ ਡਾਂਗਾਂ ਨਾਲ ਕੁੱਟਦੇ ਰਹੇ, ਜਦੋਂ ਤੱਕ ਉਹ ਚੀਕਾਂ ਮਾਰ-ਮਾਰ ਕੇ ਥੱਕ ਨਹੀਂ ਗਿਆ।

ਪੀੜਿਤ ਅਨੁਸਾਰ ਉਸ ਨੂੰ ਕੁੱਟ-ਕੁੱਟ ਕੇ ਖੁੱਦ ਵੀ ਥੱਕ ਚੁਕੇ ਉਹ ਪੁਲਿਸ ਮੁਲਾਜਮ ਬਾਅਦ ਵਿੱਚ ਉਸਨੂੰ ਜਿਪਸੀ ਵਿੱਚ ਸੁੱਟ ਕੇ ਉਸਦਾ ਡਾਕਟਰੀ ਮੁਆਇਨਾ ਕਰਵਾਉਣ ਲਈ ਰਾਜਿੰਦਰਾ ਹਸਪਤਾਲ ਦੀ ਬਜਾਏ ਮਾਤਾ ਕੌਸ਼ਲਿਆ ਹਸਪਤਾਲ ਵਿੱਚ ਇਸ ਲਈ ਲੈ ਗਏ ਕਿਉਂਕਿ ਉਸ ਦੇ ਪਿਤਾ ਰਾਜਿੰਦਰਾ ਦੇ ਮੁਲਾਜਮ ਹਨ। ਅਮਿਤ ਅਨੁਸਾਰ ਹਸਪਤਾਲ ਵਿੱਚ ਜਦੋਂ ਉਸਨੇ ਡਾਕਟਰੀ ਮੁਆਇਨੇ ਦੀ ਰਿਪੋਰਟ 'ਤੇ ਹਸਤਾਖ਼ਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਫਿਰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕੁੱਟਦੇ ਹੋਏ ਉਹ ਉਸਨੂੰ ਜਬਰਦਸਤੀ ਜਿਪਸੀ 'ਚ ਬਿਠਾਉਣ ਲੱਗੇ, ਜਿਸਦਾ ਵਿਰੋਧ ਕਰਦਿਆਂ ਉਸ ਨੇ ਜਿਪਸੀ ਦੇ ਦਰਵਾਜੇ 'ਚ ਹੱਥ ਰੱਖ ਲਿਆ, ਜਿਸ 'ਤੇ ਉਨ੍ਹਾਂ ਪੁਲਿਸ ਵਾਲਿਆਂ ਨੇ ਬੜੀ ਨਿਰਦਇਤਾ ਨਾਲ ਜੋਰ ਦੀ ਖਿੜਕੀ ਬੰਦ ਕਰ ਦਿੱਤੀ।

ਅਮਿਤ ਅਨੁਸਾਰ ਇਸ ਕਾਰਨ ਉਸਦਾ ਹੱਥ ਬੁਰੀ ਤਰ੍ਹਾਂ ਕੁਚਲਿਆ ਗਿਆ। ਅਮਿਤ ਕੁਮਾਰ ਦੇ ਦੱਸਣ ਅਨੁਸਾਰ ਇਹ ਸਭ ਦੇਖ ਕੇ ਉਸ ਦੇ ਪਿਤਾ ਮਨੋਜ ਕੁਮਾਰ ਨੇ ਉੱਚੀ-ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਪੁਲਿਸ ਵਾਲਿਆਂ ਨੇ ਇਹ ਕਹਿ ਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਕਿ ਵਿਆਹ ਨਬੇੜਨ ਤੋਂ ਬਾਅਦ ਇਸ ਨੂੰ ਦੁਬਾਰਾ ਥਾਣੇ ਲੈਕੇ ਆਉਣਾ।

ਅਮਿਤ ਦੇ ਪਿਤਾ ਦਾ ਵੀ ਇਹ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਨਾ ਸਿਰਫ ਉਸਦੇ ਪੁੱਤਰ 'ਤੇ ਬੁਰੀ ਤਰ੍ਹਾਂ ਤਸ਼ਦੱਦ ਕੀਤਾ ਹੈ, ਬਲਕਿ ਘਰ ਵਿੱਚ ਚੱਲ ਰਹੇ ਵਿਆਹ 'ਚ ਇਕੱਠਾ ਕੀਤਾ 50 ਹਜ਼ਾਰ ਰੁਪਏ ਦਾ ਸ਼ਗਨ ਵੀ ਉਨ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਤੋਂ ਖੋਹ ਲਿਆ। ਬਾਅਦ ਵਿੱਚ ਅਮਿਤ ਕੁਮਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ 'ਤੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਸਰੀਰ ਖਾਸ ਕਰ ਪਿੱਠ 'ਤੇ ਜਗ੍ਹਾ ਜਗ੍ਹਾ ਕੁੱਟ ਮਾਰ ਦੇ ਨਿਸ਼ਾਨ ਹਨ ਤੇ ਉਸਦੇ ਹੱਥ ਦੀਆਂ ਉਂਗਲਾਂ ਵਾਲਿਆਂ ਹੱਡੀਆਂ ਟੁੱਟ ਗਈਆਂ ਹਨ।

ਇੱਧਰ ਥਾਣਾ ਕੋਤਵਾਲੀ ਪੁਲਿਸ ਦੇ ਥਾਣੇਦਾਰ ਹਰਸ਼ਨਵੀਰ ਸਿੰਘ ਅਤੇ ਥਾਣਾ ਕੋਤਵਾਲੀ ਪਟਿਆਲਾ ਇੰਚਾਰਜ ਨੇ ਅਮਿਤ ਕੁਮਾਰ ਨਾਲ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ ਅਤੇ ਇਲਜਾਮ ਲਾਉਂਦਿਆਂ ਕਿਹਾ ਕਿ ਇਹ ਬੰਦਾ ਸ਼ਰਾਬ ਪੀ ਕੇ ਹੰਗਾਮਾ ਕਰ ਰਿਹਾ ਸੀ ਤੇ ਅਸੀਂ ਇਸਦਾ ਡਾਕਟਰੀ ਮੁਆਇਨਾ ਵੀ ਕਰਵਾਇਆ ਹੈ, ਸ਼ਾਇਦ ਇਹ ਹੁਣ ਪੁਲਿਸ ਕਾਰਵਾਈ ਤੋਂ ਬਚਣ ਲਈ ਇਹ ਸਾਰੇ ਇਲਜ਼ਾਮ ਲਾ ਰਿਹਾ ਹੈ। ਜਦਕਿ ਪਟਿਆਲਾ ਦੇ ਐਸਪੀ ਸਿਟੀ ਸ. ਕੇਸਰ ਸਿੰਘ ਅਨੁਸਾਰ ਇਹ ਮਾਮਲਾ ਮੀਡੀਆ ਨੇ ਹੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਉਹ ਪੂਰੀ ਜਾਂਚ ਕਰਵਾਉਣ ਤੋਂ ਬਾਅਦ ਹੀ ਕੋਈ ਟਿੱਪਣੀ ਕਰ ਸਕਦੇ ਹਨ।