ਬਿਆਸ ਦਰਿਆ ਵਿੱਚ ਮਰੀਆ ਮੱਛੀਆਂ ਬਾਰੇ ਜਾਂਚ ਕਰਵਾਈ ਜਾਵੇ: ਸੰਤ ਸੀਚੇਵਾਲ

Last Updated: May 17 2018 20:39

ਬਿਆਸ ਦਰਿਆ ਵਿੱਚ ਜਹਿਰੀਲੇ ਪਾਣੀ ਕਾਰਨ ਮਰ ਰਹੀਆਂ ਮੱਛੀਆਂ ਬਾਰੇ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਚੇਅਰਮੈਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਉਹ ਨਿਜੀ ਤੌਰ 'ਤੇ ਦਖਲ ਦੇਣ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬਿਆਸ ਦਰਿਆ ਵਿੱਚ ਫੈਕਟਰੀਆਂ ਦਾ ਜਹਿਰੀਲਾ ਪਾਣੀ ਪਾਏ ਜਾਣ ਕਾਰਨ ਵੱਡੇ ਪੱਧਰ 'ਤੇ ਮੱਛੀਆਂ ਮਰ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਤੇ ਬੋਰਡ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਵੀ ਟੈਲੀਫੋਨ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਹੈ ਕਿ ਬਿਆਸ ਦਰਿਆ ਵਿੱਚ ਜਿਹੜੀ ਵੀ ਫੈਕਟਰੀ ਜਾਂ ਮਿੱਲ ਦਾ ਗੰਦਾ ਤੇ ਜਹਿਰੀਲਾ ਪਾਣੀ ਪੈ ਰਿਹਾ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੰਤ ਸੀਚੇਵਾਲ ਨੇ ਇਸ ਨੂੰ ਸਿੱਧੇ ਤੌਰ 'ਤੇ ਵਾਟਰ ਐਕਟ ਦੀ ਉਲੰਘਣਾ ਦੱਸਿਆ ਹੈ। ਸੰਤ ਸੀਚੇਵਾਲ ਜੋ ਕਿ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਮੈਂਬਰ ਵੀ ਹਨ, ਨੇ ਕਿਹਾ ਹੈ ਕਿ ਸਤਲੁਜ ਦਰਿਆ ਤਾਂ ਪਹਿਲਾਂ ਹੀ ਜਹਿਰੀਲਾ ਹੋ ਕੇ ਵੱਗ ਰਿਹਾ ਹੈ, ਹੁਣ ਬਿਆਸ ਦਰਿਆ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਦਾ ਮਾਲਵਾ ਇਲਾਕਾ ਕੈਂਸਰ ਬੈਲਟ ਬਣ ਚੁੱਕਾ ਹੈ। ਮਾਲਵਾ ਤੇ ਰਾਜਸਥਾਨ ਨੂੰ ਹਰੀਕੇ ਪੱਤਣ ਤੋਂ ਜਾਣ ਵਾਲਾ ਪਾਣੀ ਹੋਰ ਜਹਿਰੀਲਾ ਹੋ ਗਿਆ ਹੈ, ਜਿਹੜਾ ਮਨੁੱਖੀ ਜਿੰਦਗੀਆਂ ਨਾਲ ਸਿੱਧਾ ਖਿਲਵਾੜ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੂੰ ਬਣਿਆ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਜਿਹੜੇ ਵਾਅਦੇ ਚੋਣ ਮਨੋਰੱਥ ਪੱਤਰ ਵਿੱਚ ਵਾਤਾਵਰਣ ਨੂੰ ਲੈ ਕੇ ਕੀਤੇ ਗਏ ਸਨ, ਉਨ੍ਹਾਂ 'ਤੇ ਬਿਨਾ ਦੇਰੀ ਦੇ ਅਮਲ ਕੀਤਾ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਦਰਿਆ ਤੇ ਨਦੀਆਂ ਦੀ ਹਾਲਤ ਪਹਿਲਾਂ ਹੀ ਬੜੀ ਤਰਸਯੋਗ ਬਣੀ ਹੋਈ ਹੈ। ਇਸ ਵਰਤਾਰੇ ਨੂੰ ਰੋਕਣ ਲਈ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ, ਤਾਂ ਹੀ ਲੋਕਾਂ ਨੂੰ ਕੈਂਸਰ, ਕਾਲਾ ਪੀਲੀਆ ਅਤੇ ਹੋਰ ਭਿਆਨਕ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।