24 ਘੰਟਿਆਂ ਵਿੱਚ ਕਣਕ ਖ਼ਰੀਦ ਨਾ ਕਰਵਾਈ ਤਾਂ ਕਰਾਂਗੇ ਸੰਘਰਸ਼- ਕਿਸਾਨ ਸੰਗਠਨ

Last Updated: May 17 2018 20:26

ਅਬੋਹਰ ਮੰਡੀ ਦੇ ਅਧੀਨ ਆਉਂਦੇ ਕੁਲਾਰ ਫੋਕਲ ਪੁਆਇੰਟ ਵਿੱਚ ਕਣਕ ਖ਼ਰੀਦ ਨਹੀਂ ਕੀਤੇ ਜਾਣ ਦਾ ਇਲਜ਼ਾਮ ਕਿਸਾਨ ਸੰਗਠਨ ਅਤੇ ਕਿਸਾਨਾਂ ਨੇ ਲਾਇਆ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਦਰਜਨਾਂ ਕਿਸਾਨ ਪਿਛਲੇ ਕਰੀਬ 1 ਹਫ਼ਤੇ ਤੋਂ ਹਜਾਰਾਂ ਕੁਵਿੰਟਲ ਕਣਕ ਖੁੱਲ੍ਹੇ 'ਚ ਰੱਖਕੇ ਕਣਕ ਖ਼ਰੀਦ ਦਾ ਇੰਤਜਾਰ ਕਰ ਰਹੇ ਹਨ। ਉੱਥੇ ਹੀ ਕਿਸਾਨ ਸੰਗਠਨ ਦੇ ਆਗੂ ਸੁਭਾਸ਼ ਗੋਦਾਰਾ ਦਾ ਕਹਿਣਾ ਹੈ ਕਿ ਜੇਕਰ 24 ਘੰਟਿਆਂ 'ਚ ਪ੍ਰਸ਼ਾਸਨ ਨੇ ਕਣਕ ਦੀ ਖ਼ਰੀਦ ਨਹੀਂ ਕਰਵਾਈ ਤਾਂ ਉਹ ਕਿਸਾਨਾਂ ਨਾਲ ਮਿਲਕੇ ਸੰਘਰਸ਼ ਕਰਣ ਨੂੰ ਮਜਬੂਰ ਹੋਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਕੁਲਾਰ ਮੰਡੀ ਵਿੱਚ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਕਣਕ ਲੈ ਕੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਮੰਡੀ 'ਚ ਕਰੀਬ 1 ਦਰਜਨ ਕਿਸਾਨਾਂ ਦੀ ਕਰੀਬ 5 ਹਜਾਰ ਗੱਟੇ ਕਣਕ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ, ਉਨ੍ਹਾਂ ਇਲਜ਼ਾਮ ਲਾਇਆ ਕਿ ਕੋਈ ਏਜੰਸੀ ਕਣਕ ਖ਼ਰੀਦ ਨਹੀਂ ਕਰ ਰਹੀ ਅਤੇ ਪ੍ਰਬੰਧਕੀ ਅਧਿਕਾਰੀ ਵੀ ਉਨ੍ਹਾਂ ਦੀ ਸਾਰ ਨਹੀਂ ਲੈ ਰਹੇ। ਕਿਸਾਨਾਂ ਨੇ ਦਾਅਵਾ ਕੀਤਾ ਕਿ ਪਨਗ੍ਰੇਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਤਾਂ ਬਾਰਦਾਨਾ ਹੀ ਨਹੀਂ ਹੈ ਅਤੇ ਦੂਜਾ ਉਨ੍ਹਾਂ ਦਾ ਖ਼ਰੀਦ ਟੀਚਾ ਪੂਰਾ ਹੋ ਚੁੱਕਿਆ ਹੈ ਅਤੇ ਇਸ ਤੋਂ ਇਲਾਵਾ ਵੱਧ ਮਾਲ ਰੱਖਣ ਲਈ ਉਨ੍ਹਾਂ ਕੋਲ ਜਗ੍ਹਾ ਵੀ ਨਹੀਂ ਹੈ। ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਉਹ ਰਾਜਸਥਾਨ ਖੇਤਰ ਦੀ ਕਣਕ ਨਹੀਂ ਖ਼ਰੀਦ ਸਕਦੀ। ਉਨ੍ਹਾਂ ਕਿਹਾ ਕਿ ਕਣਕ ਖੁੱਲ੍ਹੇ ਅਸਮਾਨ ਵਿੱਚ ਮੰਡੀ ਵਿੱਚ ਪਿਆ ਹੈ ਜਦੋਂ ਕਿ ਉਨ੍ਹਾਂ ਨੂੰ ਹਰ ਸਮੇਂ ਮੌਸਮ ਦੇ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ, ਕਿਉਂਕਿ ਜੇਕਰ ਮੀਂਹ ਆਉਂਦਾ ਹੈ ਤਾਂ ਉਨ੍ਹਾਂ ਦੀ ਕਣਕ ਬਰਬਾਦ ਹੋ ਜਾਵੇਗੀ। ਉਨ੍ਹਾਂ ਮੰਗ ਕੀਤੀ ਹੈ ਕਿ ਕਣਕ ਖ਼ਰੀਦ ਕੀਤੀ ਜਾਵੇ।