ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ: ਈਸ਼ਾ ਕਾਲੀਆ

Last Updated: May 17 2018 20:14

ਮਹਿਲਾਵਾਂ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ ਕਿਉਂਕਿ ਉਹ ਕਿਸੇ ਵੀ ਖੇਤਰ ਵਿੱਚ ਪੁਰਸ਼ਾਂ ਨਾਲੋਂ ਘੱਟ ਨਹੀਂ ਹਨ, ਇਸਦਾ ਸਬੂਤ ਹੈ ਕਿ ਮਹਿਲਾਵਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਇਸ ਲਈ ਆਪਣੇ ਅੰਦਰ ਕਦੇ ਵੀ ਹੀਣ ਦੀ ਭਾਵਨਾ ਨਹੀਂ ਪੈਦਾ ਕਰਨੀ ਚਾਹੀਦੀ। ਮਹਿਲਾਵਾਂ ਨੂੰ ਹਮੇਸ਼ਾ ਆਪਣੇ-ਆਪ ਨੂੰ ਪੁਰਸ਼ਾਂ ਦੇ ਬਰਾਬਰ ਸਮਝਣਾ ਚਾਹੀਦਾ ਹੈ। ਇਹ ਵਿਚਾਰ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਦੇ ਖੇਤਰੀ ਕੇਂਦਰ ਬਠਿੰਡਾ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਟ੍ਰੇਨਿੰਗ ਦੇ ਸਮਾਪਤੀ ਮੌਕੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤਾ। ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਦਫਤਰੀ ਅਤੇ ਹੋਰ ਕੰਮਕਾਜੀ ਸੰਸਥਾਨਾਂ 'ਤੇ ਕੰਮ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਹਿੱਤ ਦਿੱਤੀ ਗਈ ਇਸ ਟ੍ਰੇਨਿੰਗ ਦੇ ਆਖਰੀ ਦਿਨ ਉਨ੍ਹਾਂ ਨੇ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਖੁੱਦ ਅਤੇ ਅੱਗੇ ਹੋਰਾਂ ਨੂੰ ਵੀ ਜਾਗਰੂਕ ਕਰਨ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਔਰਤਾਂ ਦੀ ਸੁਰੱਖਿਆ ਤੇ ਅਧਿਕਾਰਾਂ ਲਈ ਗਠਿਤ ਕੀਤੀਆਂ ਗਈਆਂ ਕਮੇਟੀਆਂ ਨੂੰ ਔਰਤਾਂ ਪ੍ਰਤੀ ਸਾਰਥਿਕ ਸੋਚ ਰੱਖਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਫਤਰਾਂ ਤੇ ਹੋਰ ਕੰਮ-ਕਾਜੀ ਸੰਸਥਾਨਾਂ 'ਤੇ ਕੰਮ ਕਰ ਰਹੀਆਂ ਕਰਮਚਾਰਣਾਂ ਅਤੇ ਦਫਤਰਾਂ ਵਿੱਚ ਆਪਣੇ ਕੰਮਕਾਜ ਲਈ ਆਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੂੰ ਦਫਤਰਾਂ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਨੇ ਟ੍ਰੇਨਿੰਗ ਦੌਰਾਨ ਔਰਤਾਂ ਨੂੰ ਦਫਤਰੀ ਸੰਸਥਾਨ 'ਤੇ ਕੰਮ-ਕਾਜ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਤੇ ਉਨ੍ਹਾਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਟ੍ਰੇਨਿੰਗ ਲੈਣ ਵਾਲੀਆਂ ਵੱਖ-ਵੱਖ ਵਿਭਾਗਾਂ ਦੀਆਂ ਮਹਿਲਾ ਕਰਮਚਾਰਣਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।