ਰੀਹੈਬਲੀਟੇਸ਼ਨ ਸੈਂਟਰ 'ਚ ਸਿਵਲ ਸਰਜਨ ਨੇ ਜ਼ਿਲ੍ਹਾ ਪੱਧਰੀ ਓਟ ਕਲੀਨਿਕ ਦੀ ਕੀਤੀ ਸ਼ੁਰੂਆਤ

Last Updated: May 17 2018 20:07

ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਵੱਲੋਂ ਆਰੰਭੀ ਗਈ ਨਸ਼ਾ ਛੁਡਾਓ ਮੁਹਿੰਮ ਦੇ ਦੂਜੇ ਪੜਾਅ ਤਹਿਤ ਜ਼ਿਲ੍ਹਾ ਤਰਨਤਾਰਨ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਊਟਪੇਸ਼ੇਂਟ ਓਪੀਓਇਡ ਅਸਿਸਟਡ ਟਰੀਟਮੈਂਟ ਕੇਂਦਰਾਂ (ਓਟ) ਦਾ ਸੂਬਾ ਪੱਧਰੀ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ, ਸਬ ਡਵੀਜਨ ਅਤੇ ਜੇਲ੍ਹਾਂ ਅੰਦਰ ਓਟ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਪਰੋਕਤ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਬ੍ਰਾਹਮਣ ਮਾਜਰਾ (ਸਰਹਿੰਦ) ਵਿਖੇ ਜ਼ਿਲ੍ਹਾ ਪੱਧਰ ਦੇ ਓਟ ਕਲੀਨਿਕ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਇਸ ਕਲੀਨਿਕ ਵਿੱਚ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਨਸ਼ਾ ਛੁਡਾਉਣ ਲਈ ਓ.ਪੀ.ਡੀ ਅਧਾਰਿਤ ਅਤੇ ਲੋੜ ਪੈਣ ਤੇ ਇਨਡੋਰ ਮੁਫ਼ਤ ਇਲਾਜ ਕੀਤਾ ਜਾਵੇਗਾ।

ਇਸ ਮੌਕੇ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਅੱਗੇ ਦੱਸਿਆ ਕਿ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਸਬੰਧੀ ਉਨ੍ਹਾਂ ਦੀ ਕਾਊਂਸਲਿੰਗ ਕਰਕੇ ਜੀਵਨ ਦੇ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਿਤ ਕੀਤਾ ਜਾਵੇਗਾ। ਨਸ਼ਾ ਛੁਡਾਉਣ ਲਈ ਮਰੀਜ ਦਾ ਇਲਾਜ ਪਹਿਲਾਂ ਜ਼ਿਲ੍ਹਾ ਹਸਪਤਾਲ 'ਚ ਮੌਜੂਦ ਮਨੋਚਕਿਤਸਕ ਵੱਲੋਂ ਕੀਤਾ ਜਾਵੇਗਾ ਅਤੇ ਬਾਅਦ 'ਚ ਉਸਨੂੰ ਆਊਟਪੇਸ਼ੇਂਟ ਓਪੀਓਇਡ ਅਸਿਸਟਡ ਟਰੀਟਮੈਂਟ ਕਲੀਨਿਕ 'ਚ ਇਲਾਜ ਲਈ ਭੇਜਿਆ ਜਾਵੇਗਾ। ਇਹ ਓਟ ਕਲੀਨਿਕ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਨਸ਼ਾ ਛੁਡਾਓ ਕੇਂਦਰਾਂ 'ਚ ਜਾਣ ਤੋਂ ਡਰਦੇ ਸਨ ਪਰ ਹੁਣ ਆਮ ਲੋਕ ਜਾਗਰੂਕ ਹੋਣ ਕਰਕੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਨਸ਼ਾ ਛੁਡਾਊ ਮੁਹਿੰਮ ਦਾ ਵੱਧ ਤੋਂ ਵੱਧ ਫ਼ਾਇਦਾ ਲੈ ਰਹੇ ਹਨ।

ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਕੇਂਦਰ ਵਿੱਚ ਡਾ. ਦਿਵਜੋਤ ਸਿੰਘ ਅਤੇ ਸਬ ਡਵੀਜਨ ਓਟ ਕੇਂਦਰ ਮੰਡੀ ਗੋਬਿੰਦਗੜ੍ਹ ਵਿਖੇ ਡਾ. ਜਸਬੀਰ ਸਿੰਘ ਆਪਣੀਆਂ ਸੇਵਾਵਾਂ ਦੇਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਨਸ਼ਾ ਛੁਡਾਓ ਕੇਂਦਰ ਫ਼ਤਿਹਗੜ੍ਹ ਸਾਹਿਬ ਵਿਖੇ ਡਾ. ਪ੍ਰੀਤਜੋਤ ਵੱਲੋਂ ਹੁਣ ਤੱਕ 11046 ਮਰੀਜਾਂ ਦਾ ਓ.ਪੀ.ਡੀ ਵਿੱਚ ਅਤੇ 898 ਮਰੀਜਾਂ ਦਾ ਦਾਖਲ ਕਰਕੇ ਇਲਾਜ ਕੀਤਾ ਜਾ ਚੁੱਕਾ ਹੈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਕਿਰਪਾਲ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਨਵਜੋਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੁਪਿੰਦਰ ਵਾਲੀਆ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਸੁਦਰਸ਼ਨ ਕੌਰ, ਸਕੂਲ ਹੈਲਥ ਮੈਡੀਕਲ ਅਫ਼ਸਰ ਡਾ. ਨਵਨੀਤ ਕੌਰ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕਸ਼ੀਤਿਜ ਸੀਮਾ ਆਦਿ ਤੋਂ ਇਲਾਵਾ ਹੋਰ ਮੁਲਾਜ਼ਮ ਮੌਜੂਦ ਸਨ।