ਬਲੱਡ ਪ੍ਰੈਸ਼ਰ ਦੀ ਗੋਲੀ ਨੂੰ ਲੈ ਕੇ ਗਲਤ ਧਾਰਨਾਵਾਂ ਨਾ ਪਾਲਣ ਲੋਕ: ਡਾ. ਰਵਜੀਤ

Last Updated: May 17 2018 19:07

ਖਾਣ-ਪੀਣ ਦੇ ਗਲਤ ਢੰਗ ਤੇ ਤਣਾਅਪੂਰਨ ਜੀਵਨ ਸ਼ੈਲੀ ਦੇ ਚੱਲਦਿਆਂ ਅੱਜ ਜਿਆਦਾਤਰ ਲੋਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਪੀੜਤ ਹਨ। ਜੀਵਨ ਸ਼ੈਲੀ ਵਿੱਚ ਸੁਧਾਰ ਕਰਕੇ ਅਤੇ ਸੰਤੁਲਤ ਆਹਾਰ ਲੈ ਕੇ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਹ ਸ਼ਬਦ ਸੀਨੀਅਰ ਮੈਡੀਕਲ ਅਫਸਰ ਡਾ. ਅਜੀਤ ਸਿੰਘ ਨੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਆਯੋਜਿਤ ਜਾਗਰੂਕਤਾ ਪ੍ਰੋਗਰਾਮ ਦੌਰਾਨ ਕਹੇ। ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਇਸ ਪ੍ਰੋਗਰਾਮ ਦੌਰਾਨ ਮੈਡੀਕਲ ਸਪੈਸ਼ਲਿਸਟ ਡਾਕਟਰ ਰਵਜੀਤ ਸਿੰਘ ਵੱਲੋਂ ਮਰੀਜਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਕਾਰਨਾਂ ਤੇ ਉਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ 130/80 ਨੂੰ ਨਾਰਮਲ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ, ਜੇਕਰ ਇਸ ਤੋਂ ਜਿਆਦਾ ਹੈ ਤਾਂ ਵਿਅਕਤੀ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਕਾਰਨ ਹਾਰਟ ਅਟੈਕ, ਗੁਰਦਿਆਂ ਦਾ ਫੇਲ੍ਹ ਹੋਣਾ ਤੇ ਕਾਲਾ ਮੋਤੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਨੇ ਇਸ ਨੂੰ ਸਾਈਲੈਂਟ ਕਿਲਰ ਵੀ ਕਿਹਾ। ਡਾ. ਰਵਜੀਤ ਸਿੰਘ ਨੇ ਹਾਜਰੀਨ ਨੂੰ ਕਿਹਾ ਕਿ ਨੋ ਸਮੋਕਿੰਗ ਨੂੰ ਜੀਵਨ ਦਾ ਮੂਲ ਮੰਤਰ ਬਣਾਉਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਦਿਨ ਵਿੱਚ 5 ਵਾਰ ਫਲ ਤੇ ਸਬਜੀਆਂ ਖਾਣ, ਰੋਜਾਨਾ ਦੱਸ ਹਜ਼ਾਰ ਕਦਮ ਚੱਲਣ ਦੀ ਆਦਤ ਅਪੁਨੀ ਚਾਹੀਦੀ ਹੈ ਅਤੇ ਬਾਡੀ ਮਾਸ ਇੰਡੈਕਸ ਨੂੰ 25 ਤੋਂ ਘੱਟ ਰੱਖਣਾ ਚਾਹੀਦਾ ਹੈ। ਡਾ. ਰਵਜੀਤ ਨੇ ਇਹ ਵੀ ਦੱਸਿਆ ਕਿ ਸਰੀਰਕ ਗਤੀਵਿਧੀਆਂ ਅਤੇ ਕਸਰਤ ਦੀ ਘਾਟ ਵੀ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਬਚਪਨ ਵਿੱਚ ਹੀ ਸਰੀਰਕ ਗਤੀਵਿਧੀਆਂ ਕਰਵਾਉਣ ਜਿਵੇਂ ਕਿ ਖੇਡਾਂ ਖੇਡਣ ਆਦਿ ਦੀ ਆਦਤ ਬਣਾਉਣ ਲਈ ਪ੍ਰੇਰਿਆ। ਡਾਕਟਰ ਰਵਜੀਤ ਸਿੰਘ ਨੇ ਬਲੱਡ ਪ੍ਰੈਸ਼ਰ ਦੀ ਗੋਲੀ ਨੂੰ ਲੈ ਕੇ ਲੋਕਾਂ ਵਿੱਚ ਪ੍ਰਚਲਿਤ ਗਲਤ ਧਾਰਨਾਵਾਂ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਲੋਕ ਕਈ ਵਾਰ ਬਲੱਡ ਪ੍ਰੈਸ਼ਰ ਦੀ ਗੋਲੀ ਨੂੰ ਅੱਧ ਵਿੱਚਾਲੇ ਬਿਨਾ ਡਾਕਟਰੀ ਸਲਾਹ ਤੋਂ ਇਸ ਕਰਕੇ ਛੱਡ ਦਿੰਦੇ ਹਨ ਕਿ ਇਸ ਦੀ ਆਦਤ ਪੂਰੀ ਉਮਰ ਪੈ ਜਾਵੇਗੀ। ਜਦਕਿ ਸੱਚਾਈ ਇਹ ਹੈ ਕਿ ਇਹ ਸੁਰੱਖਿਅਤ ਹੈ। ਉਨ੍ਹਾਂ ਨੇ ਬੀ.ਪੀ.ਦੀ ਗੋਲੀ ਦੀ ਤੁਲਨਾ ਫਿਕਸਡ ਡਿਪਾਜਿਟ ਨਾਲ ਕੀਤੀ ਤੇ ਕਿਹਾ ਕਿ ਜਿਸ ਤਰ੍ਹਾਂ ਫਿਕਸਡ ਡਿਪਾਜਿਟ ਭਵਿੱਖ ਵਿੱਚ ਜਾ ਕੇ ਮਨੁੱਖ ਦੇ ਜੀਵਨ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ, ਉਸੇ ਤਰ੍ਹਾਂ ਡਾਕਟਰੀ ਸਲਾਹ ਨਾਲ ਲਈ ਗਈ ਬੀ.ਪੀ. ਦੀ ਗੋਲੀ ਭਵਿੱਖ ਵਿੱਚ ਜਾ ਕੇ ਸਿਹਤ ਨੂੰ ਸਹੀ ਰੱਖਦੀ ਹੈ ਤੇ ਫਾਇਦੇਮੰਦ ਹੁੰਦੀ ਹੈ।