ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਪਠਾਨਕੋਟ ਫੇਰੀ

Last Updated: May 17 2018 18:25

ਅੱਜ ਵਿਧਾਨ ਸਭਾ ਹਲਕਾ ਭੋਆ ਵਿਖੇ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਦੀ ਪ੍ਰਧਾਨਗੀ ਹੇਠ ਕਾਨਵਾਂ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਹਲਕਾ ਭੋਆ ਦੀਆਂ 31 ਪੰਚਾਇਤਾਂ ਨੂੰ ਪਿੰਡਾਂ ਵਿੱਚ ਗਲੀਆਂ ਨਾਲੀਆਂ ਦਾ ਨਿਰਮਾਣ ਕਰਵਾਉਣ ਲਈ 1.18 ਕਰੋੜ ਰੁਪਏ ਦੇ ਚੈੱਕ ਵੰਡੇ। ਇਸ ਮੌਕੇ 'ਤੇ ਜੋਗਿੰਦਰ ਪਾਲ ਵਿਧਾਇਕ ਭੋਆ, ਅਨਿਲ ਵਿੱਜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਜ਼ਿਲ੍ਹਾ ਪਠਾਨਕੋਟ ਅਤੇ ਹੋਰ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਸਮਾਗਮ ਦੌਰਾਨ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਬੇਸ਼ੱਕ ਅਕਾਲੀ-ਭਾਜਪਾ ਸਰਕਾਰ ਪਿੱਛਲੇ 10 ਸਾਲਾਂ ਵਿੱਚ ਰਾਜ ਦੇ ਖਜਾਨੇ ਦਾ ਲੱਕ ਤੋੜ ਕੇ ਗਈ ਸੀ, ਪਰ ਬਿਹਤਰ ਵਿੱਤੀ ਪ੍ਰਬੰਧਨ ਰਾਹੀਂ ਪੰਜਾਬ ਸਰਕਾਰ ਸੂਬੇ ਵਿੱਚ ਲੋਕਾਂ ਦੀਆਂ ਊਮੀਦਾਂ ਤੋਂ ਵੱਧ ਕੇ ਕੰਮ ਕਰਕੇ ਵਿਖਾਏਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਕਾਂਗਰਸ ਨੇ ਸੱਤਾ ਸੰਭਾਲੀ ਸੀ, ਭਾਵੇਂ ਕਿ ਉਸ ਸਮੇਂ ਖਜਾਨਾ ਖਾਲ੍ਹੀ ਸੀ, ਪਰ ਫਿਰ ਵੀ ਕੈਪਟਨ ਦੀ ਸਰਕਾਰ ਨੇ ਬੁਢਾਪਾ ਪੈਨਸ਼ਨ ਵਧਾ ਕੇ ਦਿੱਤੀ ਅਤੇ ਕਿਸੇ ਦੀ ਪੈਨਸ਼ਨ ਨਹੀਂ ਰੁਕਣ ਦਿੱਤੀ।

ਉਹ ਅੱਜ ਭੋਆ ਹਲਕੇ ਦੀਆਂ ਪੰਚਾਇਤਾਂ ਨੂੰ 118 ਲੱਖ ਰੁਪਏ ਰਾਸ਼ੀ ਦੇ ਚੈੱਕ ਵਿਕਾਸ ਕਾਰਜਾਂ ਲਈ ਵੰਡਨ ਹਿੱਤ ਹੋਏ ਇੱਕ ਸਮਾਗਮ ਦੌਰਾਨ ਇਲਾਕਾ ਵਾਸੀਆਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰ ਰਹੇ ਸਨ। ਸੁਨੀਲ ਜਾਖੜ ਨੇ ਕਿਹਾ ਕਿ ਪਿੱਛਲੇ 10 ਸਾਲਾਂ ਵਿੱਚ ਅਕਾਲੀ-ਭਾਜਪਾ ਸਰਕਾਰ ਸੂਬੇ ਨੂੰ ਆਰਥਿਕ ਤੌਰ 'ਤੇ ਕੰਗਾਲੀ ਦੇ ਕਗਾਰ 'ਤੇ ਲਿਆ ਕੇ ਗਈ ਸੀ, ਪਰ ਬਾਵਜੂਦ ਇਸਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਾ ਕੇਵਲ ਸੂਬੇ ਦੇ ਆਰਥਿਕ ਹਾਲਤ ਸਥਿਰ ਕਰਨ ਲਈ ਸਾਰਥਕ ਯਤਨ ਕੀਤੇ ਹਨ, ਸਗੋਂ ਇਸ ਸਮੇਂ ਦੌਰਾਨ ਸੂਬੇ ਵਿੱਚ ਕਿਸਾਨਾਂ ਦੀ ਕਰਜਾ ਮਾਫੀ ਸਕੀਮ ਸਫਲਤਾ ਨਾਲ ਲਾਗੂ ਕੀਤੀ ਹੈ ਅਤੇ ਬਜ਼ੁਰਗਾਂ ਨੂੰ ਮਿਲਦੀ ਪੈਨਸ਼ਨ ਦੀ ਰਕਮ 500 ਤੋਂ ਵਧਾ ਕੇ 750 ਕਰਨ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਹੈ ਕਿ ਪੈਨਸ਼ਨ ਹਰ ਮਹੀਨੇ ਨਿਯਮਿਤ ਸਮੇਂ 'ਤੇ ਮਿਲੇ। ਜਾਖੜ ਨੇ ਕਿਹਾ ਕਿ ਪਿੱਛਲੀ ਸਰਕਾਰ ਆਪਣੇ ਕਾਰਜਕਾਲ ਦੇ ਆਖਰੀ ਦਿਨ 31000 ਕਰੋੜ ਦਾ ਬੇਲੋੜਾ ਕਰਜਾ ਪੰਜਾਬ ਸਿਰ ਕਰ ਗਈ ਸੀ, ਜਿਸਦੇ ਵਿਆਜ 'ਤੇ ਹੀ ਹਰ ਸਾਲ 2500 ਕਰੋੜ ਖਰਚ ਹੋਣਗੇ। ਉਨ੍ਹਾਂ ਨੇ ਆਖਿਆ ਕਿ ਇਸ ਕਰਜੇ ਦੇ ਨਿਪਟਾਰੇ ਲਈ ਉਨ੍ਹਾਂ ਦੇ ਯਤਨ ਲਗਾਤਾਰ ਜਾਰੀ ਰਹਿਣਗੇ।

ਜਾਖੜ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਪਿੱਛਲੀਆਂ ਤਿੰਨ ਫਸਲਾਂ ਚੁੱਕਣ ਦੌਰਾਨ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਖੇਤੀ ਦੇ ਨਾਲ-ਨਾਲ ਸੂਬੇ ਦੇ ਸਨੱਅਤੀ ਵਿਕਾਸ ਨੂੰ ਵੀ ਤਰਜੀਹ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਦਿਨੀਂ ਇਸ ਖਿੱਤੇ ਵਿੱਚ ਲੱਗੀ ਇੱਕ ਇੰਡਸਟਰੀ ਕਾਰਨ ਲੀਚੀ ਉਤਪਾਦਕਾਂ ਨੂੰ ਲਾਭ ਹੋਵੇਗਾ, ਜਦ ਕਿ ਇਸ ਨਾਲ ਸਿੱਧੇ ਅਸਿੱਧੇ ਤੌਰ 'ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ। ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਉਹ ਇਸ ਸਾਲ ਹਰ ਹਲਕੇ ਵਿੱਚ 5-5 ਪਾਰਕ ਤਿਆਰ ਕਰਵਾਉਣਗੇ, ਤਾਂ ਜੋ ਸਾਡੇ ਨੌਜਵਾਨਾਂ ਅਤੇ ਬੱਚਿਆਂ ਨੂੰ ਬਿਹਤਰ ਭਵਿੱਖ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਸੁਜਾਨਪੁਰ ਵਿੱਚ ਰੇਲਵੇ ਅੰਡਰ ਬ੍ਰਿਜ ਅਤੇ ਪਠਾਨਕੋਟ ਵਿੱਚ ਰੇਲਵੇ ਓਵਰ ਬ੍ਰਿਜ ਬਣਾਇਆ ਜਾਵੇਗਾ।

ਲੋਕ ਸਭਾ ਮੈਂਬਰ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਪਿੱਛਲੇ ਇੱਕ ਸਾਲ ਵਿੱਚ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ, ਜਦ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਤੋਂ ਭੱਜ ਗਈ ਹੈ। ਇਸ ਮੌਕੇ ਕਰਨਾਟਕ ਦਾ ਜਿਕਰ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਸੱਤਾ ਲਾਲਚ ਦੇਸ਼ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਵਾਮ ਭਾਜਪਾ ਦੇ ਇਸ ਵਿਹਾਰ ਨੂੰ ਸਮਝ ਰਹਿ ਹੈ ਅਤੇ ਲੋਕ ਜਾਣਦੇ ਹਨ ਕਿ ਭਾਜਪਾ ਲੋਕ ਫਤਵੇ ਦਾ ਅਪਮਾਨ ਕਰ ਰਹੀ ਹੈ।