ਡੇਂਗੂ ਦਾ ਖਾਤਮਾ ਇਕੱਲਾ ਸਿਹਤ ਵਿਭਾਗ ਨਹੀਂ ਕਰ ਸਕਦਾ ਹੈ : ਸੰਜੀਵ ਸ਼ਰਮਾ ਬਿੱਟੂ

Last Updated: May 17 2018 18:25

ਪਟਿਆਲਾ ਵਾਸੀਆਂ ਲਈ ਡੇਂਗੂ ਪਿਛਲੇ 2 ਸਾਲਾਂ ਤੋਂ ਵੱਡੀ ਚੁਨੌਤੀ ਬਣ ਕੇ ਸਾਹਮਣੇ ਆ ਰਿਹਾ ਹੈ। ਸਿਹਤ ਵਿਭਾਗ ਦੇ ਹਰ ਵਾਰ ਇਹ ਦਾਅਵੇ ਹੁੰਦੇ ਹਨ ਕਿ ਸ਼ਹਿਰ 'ਚ ਡੇਂਗੂ ਮੱਛਰਾਂ ਦੀ ਰੋਕਥਾਮ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਪਰ ਫੇਰ ਵੀ ਇੱਕ ਵਕਤ ਆਉਂਦਾ ਹੈ ਕਿ ਸਿਹਤ ਵਿਭਾਗ ਦੇ ਦਾਅਵੇ ਧਰੇ ਦੇ ਧਰੇ ਰਹਿ ਜਾਂਦੇ ਹਨ ਅਤੇ ਡੇਂਗੂ ਮੱਛਰ ਪੂਰੇ ਸ਼ਹਿਰ ਤੇ ਰਾਜ ਕਰਦੇ ਹਨ। ਇਸ ਸਮੱਸਿਆ ਬਾਰੇ ਗੱਲ ਕਰਦੇ ਹੋਏ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਡੇਂਗੂ ਦਾ ਖਾਤਮਾ ਇਕੱਲਾ ਸਿਹਤ ਵਿਭਾਗ ਨਹੀਂ ਕਰ ਸਕਦਾ ਹੈ ਬਲਕਿ ਇਸ ਲਈ ਲੋਕਾਂ ਦੀ ਮਦਦ ਦੀ ਵੀ ਵਿਭਾਗ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੇਅਰ ਬਿੱਟੂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਡੇਂਗੂ ਤੇ ਕਾਬੂ ਪਾਉਣਾ ਇਕੱਲੀ ਸਰਕਾਰ, ਸਿਹਤ ਵਿਭਾਗ ਜਾਂ ਫੇਰ ਸਿਰਫ਼ ਨਗਰ ਨਿਗਮ ਦੀ ਇਹ ਜ਼ਿੰਮੇਵਾਰੀ ਹੈ, ਸਗੋਂ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਡੇਂਗੂ ਵਰਗੀ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰੀਏ।

ਮੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਦਾ ਹੈ ਜਦੋਂ ਉਹ ਸੁਣਦੇ ਹਨ ਕਿ ਉਨ੍ਹਾਂ ਦੇ ਆਪਣੇ ਸ਼ਹਿਰ 'ਚ ਲੋਕੀ ਡੇਂਗੂ ਕਾਰਨ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰੇਕ ਸ਼ਹਿਰ ਵਾਸੀ ਨੂੰ ਆਪਣੇ ਆਲੇ-ਦੁਆਲੇ ਦੇ ਖੇਤਰਾਂ 'ਚ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਆਪਣੇ ਨੇੜੇ ਰਹਿੰਦੇ ਗੁਆਂਢੀਆਂ ਨੂੰ ਵੀ ਸਫ਼ਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਡੇਂਗੂ ਦਾ ਮੱਛਰ ਚਾਰ ਸੌ ਮੀਟਰ ਦੇ ਖੇਤਰ ਤੱਕ ਫੈਲਦਾ ਹੈ, ਜੇਕਰ ਤੁਸੀਂ ਪਾਣੀ ਨੂੰ ਰੋਜ਼ਾਨਾ ਸਾਫ਼ ਕਰ ਵੀ ਰਹੇ ਹੋ ਅਤੇ ਤੁਹਾਡੇ ਆਲੇ-ਦੁਆਲੇ ਪਾਣੀ ਦੀ ਸਫ਼ਾਈ ਨਹੀਂ ਕੀਤੀ ਜਾ ਰਹੀ ਹੈ ਤਾਂ ਵੀ ਤੁਸੀਂ ਡੇਂਗੂ ਦੀ ਮਾਰ ਹੇਠ ਆ ਸਕਦੇ ਹੋ, ਇਸ ਲਈ ਸਾਨੂੰ ਸਿਰਫ਼ ਆਪਣੇ ਘਰ ਤੱਕ ਨਾ ਸੀਮਤ ਹੋ ਕੇ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਖੜ੍ਹੇ ਪਾਣੀ ਦੇ ਸਰੋਤਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ।