ਵਕਫ਼ ਬੋਰਡ ਦੇ ਚੇਅਰਮੈਨ 'ਤੇ ਹਮਲਾ ਸ਼ਰਮਨਾਕ ਅਤੇ ਸਿਆਸਤ ਤੋਂ ਪ੍ਰੇਰਿਤ: ਦਿਲਬਰ ਮੁਹੰਮਦ ਖ਼ਾਨ

Last Updated: May 17 2018 18:18

ਬੀਤੇ ਦਿਨੀਂ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੁਨੇਜ ਰਜ਼ਾ ਉੱਤੇ ਹੋਏ ਹਮਲੇ 'ਤੇ ਮੁਸਲਿਮ ਆਗੂਆਂ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਇਸਨੂੰ ਸਿਆਸੀ ਪੱਜ ਪੂਰਨ ਵਾਲੀ ਕੋਝੀ ਸਿਆਸਤ ਦੱਸਿਆ ਹੈ। ਇਸ ਮਾਮਲੇ ਸਬੰਧੀ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਘੱਟ ਗਿਣਤੀ ਸੈਲ ਦੇ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਦੇ ਰਾਹੋਂ ਰੋਡ 'ਤੇ ਸਥਿਤ ਇਸਲਾਮੀਆ ਸਕੂਲ ਵਿੱਚ ਹੋਏ ਸਾਲਾਨਾ ਸਮਾਗਮ ਦੌਰਾਨ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਵਾਲ-ਵਾਲ ਬੱਚ ਗਏ। ਜਦਕਿ ਹਮਲਾਵਰਾਂ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ਅੰਗ ਰੱਖਿਅਕ ਦੀ ਬੁਰੀ ਤਰ੍ਹਾਂ ਨਾਲ ਖਿੱਚਧੂਹ ਕੀਤੀ ਗਈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੁਨੇਜ ਰਜਾ ਦੇ ਅੰਗ ਰੱਖਿਅਕ ਸ਼ਿੰਗਾਰਾ ਖ਼ਾਨ ਦੀ ਸ਼ਿਕਾਇਤ 'ਤੇ ਕੁੱਝ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਪਰ ਇਸ ਹਮਲੇ ਦੇ ਪਿੱਛੇ ਸਿਆਸਤ ਦੀ ਬੂ ਆ ਰਹੀ ਹੈ। ਕੁੱਝ ਲੋਕ ਇਸਲਾਮ ਦਾ ਨੁਕਸਾਨ ਕਰਨਾ ਚਾਹੁੰਦੇ ਹਨ ਅਤੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਜਿਹੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਘਟਨਾ ਨੂੰ ਸ਼ਰਮਨਾਕ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦੇ ਹੋਏ ਸਿਆਸੀ ਵਿਰੋਧੀਆਂ 'ਤੇ ਵਰਸਦੇ ਹੋਏ ਕਿਹਾ ਕਿ ਵਕਫ਼ ਬੋਰਡ ਦੀਆਂ ਵਡਮੁੱਲਿਆਂ ਜਾਇਦਾਦਾਂ 'ਤੇ ਕੁੱਝ ਸਿਆਸੀ ਰਸੂਖ਼ ਵਾਲੇ ਲੋਕਾਂ ਦਾ ਕਬਜ਼ਾ ਹੈ ਅਤੇ ਅਜਿਹੇ ਲੋਕਾਂ ਨੂੰ ਹੁਣ ਕਾਨੂੰਨੀ ਕਾਰਵਾਈ ਦਾ ਡਰ ਸਤਾ ਰਿਹਾ ਹੈ, ਜਿਸਦੇ ਚੱਲਦੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੀ ਜਾਂਚ ਸਪੈਸ਼ਲ ਜਾਂਚ ਟੀਮ (ਐਸਆਈਟੀ) ਤੋਂ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।