ਕਿਉਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਕੰਨੀ ਕਤਰਾ ਰਹੀ ਏ ਸਰਕਾਰ ? (ਨਿਊਜ਼ ਨੰਬਰ ਸਪੈਸ਼ਲ ਸਟੋਰੀ)

Last Updated: May 17 2018 18:14

ਪੰਜਾਬ ਵਿੱਚ ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ, ਜਿਸ ਦਿਨ ਕੋਈ ਮੁਲਾਜ਼ਮ ਜੱਥੇਬੰਦੀ ਜਾਂ ਫਿਰ ਕਿਸਾਨ ਜੱਥੇਬੰਦੀਆਂ ਸਰਕਾਰ ਦੇ ਵਿਰੁੱਧ ਸੰਘਰਸ਼ ਨਾ ਕਰਦੀਆਂ ਹੋਣ। ਹਰ ਦਿਨ ਧਰਨੇ ਮੁਜਾਹਰੇ ਅਤੇ ਸੜਕਾਂ ਜਾਮ ਹੋਣ ਦੀਆਂ ਖਬਰਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ, ਪਰ ਹੁੰਦਾ ਕੀ ਹੈ.? ਜੱਥੇਬੰਦੀਆਂ ਨੂੰ ਸਰਕਾਰ ਵੱਲੋਂ ਭਰੋਸਾ ਦੇ ਕੇ ਧਰਨੇ ਤਾਂ ਚੁੱਕਵਾ ਦਿੱਤੇ ਜਾਂਦੇ ਹਨ, ਪਰ..!! ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾਂਦਾ, ਜਿਸ ਕਾਰਨ ਮੁਲਾਜ਼ਮ ਜੱਥੇਬੰਦੀਆਂ ਫਿਰ ਤੋਂ ਆਪਣੇ ਕੰਮ ਕਾਜ ਛੱਡ ਕੇ ਧਰਨਿਆਂ ਜੋਗੀਆਂ ਹੀ ਰਹਿ ਜਾਂਦੀਆਂ ਹਨ। ਦੋਸਤੋਂ, ਜੇਕਰ ਮੈਂ ਤਾਜਾ ਮਸਲੇ ਦੀ ਗੱਲ ਕਰਾਂ ਤਾਂ ਪਿਛਲੇ ਕਰੀਬ 4 ਮਹੀਨਿਆਂ ਤੋਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦੇ ਬਾਹਰ ਆਂਗਣਵਾੜੀ ਵਰਕਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।

ਪਿਛਲੇ 4 ਦਿਨਾਂ ਤੋਂ ਆਂਗਣਵਾੜੀ ਵਰਕਰਾਂ ਸਮੂਹ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਭੁੱਖ ਹੜਤਾਲਾਂ ਕਰਕੇ ਬੈਠੀਆਂ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ, ਜਿਸ ਕਾਰਨ ਮੁਲਾਜ਼ਮਾਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਇੱਥੇ ਹਰ ਵਾਰ ਇਹ ਸਵਾਲ ਉੱਠਦਾ ਰਹਿੰਦਾ ਹੈ ਕਿ ਆਂਗਣਵਾੜੀ ਵਰਕਰਾਂ ਨਾਲ ਸਰਕਾਰ ਵਾਅਦੇ ਵੀ ਕਰਦੀ ਹੈ, ਮੀਟਿੰਗਾਂ ਵੀ ਕਰਦੀ ਹੈ, ਪਰ ਜਦੋਂ ਮੰਗਾਂ ਮੰਨਣ ਦੀ ਵਾਰੀ ਆਉਂਦੀ ਹੈ ਤਾਂ ਭੱਜ ਜਾਂਦੀ ਹੈ, ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਉਹ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨੂੰ ਪੂਰੇ ਕਰੇ? ਸਰਕਾਰ ਤੋਂ ਦੁਖੀ ਹੋ ਮੁਲਾਜਮ ਸੜਕਾਂ 'ਤੇ ਉਤਰਦੇ ਹਨ, ਭੁੱਖ ਹੜਤਾਲਾਂ ਅਤੇ ਕਲਮਛੋੜ ਹੜਤਾਲ ਕਰਦੇ ਹਨ, ਜਿਸ ਦਾ ਸਭ ਤੋਂ ਵੱਧ ਨੁਕਸਾਨ ਆਮ ਜਨਤਾ ਦਾ ਹੁੰਦਾ ਹੈ। ਦੋਸਤੋਂ, ਆਪਾਂ ਅੱਜ ਇਸ ਲੇਖ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਗੱਲਬਾਤ ਕਰਾਂਗੇ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਆਂਗਣਵਾੜੀ ਕੇਂਦਰ ਸਰਕਾਰ ਵੱਲੋਂ ਸੰਚਾਲਿਤ ਇੱਕ ਉਪਰਾਲਾ ਹੈ। ਜਿਸ ਰਾਹੀਂ ਪਿੰਡਾਂ, ਸ਼ਹਿਰਾਂ ਵਿੱਚ ਔਰਤਾਂ ਖਾਸ ਕਰਕੇ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਸਾਂਭ-ਸੰਭਾਲ ਦਾ ਖਿਆਲ ਰੱਖਿਆ ਜਾਂਦਾ ਹੈ। ਇੱਕ ਆਂਗਣਵਾੜੀ ਸੈਂਟਰ ਵਿੱਚ ਦੋ ਔਰਤਾਂ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਹੈਲਪਰ ਅਤੇ ਮੁਲਾਜਮ ਦਾ ਨਾਂ ਦਿੱਤਾ ਗਿਆ ਹੈ। ਆਂਗਣਵਾੜੀ ਵਿੱਚ ਔਰਤਾਂ, ਨਵਜਾਤ ਬੱਚਿਆਂ ਅਤੇ ਬੱਚੀਆਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ। ਆਂਗਣਵਾੜੀ ਸੈਂਟਰਾਂ ਵਿੱਚ ਜਿੱਥੇ ਡਾਕਟਰਾਂ ਵੱਲੋਂ ਬੱਚਿਆਂ ਨੂੰ ਦਵਾਈਆਂ ਅਤੇ ਆਇਰਣ ਦੀ ਗੋਲੀ ਆਦਿ ਖੁਆਈਆਂ ਜਾਂਦੀਆਂ ਹਨ। ਉੱਥੇ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਂਗਣਵਾੜੀ ਹੈਲਪਰ ਅਤੇ ਵਰਕਰ ਆਪਣੇ ਖੇਤਰ ਦੇ ਵਿਕਾਸ ਵਿੱਚ ਹਿੱਸਾ ਪਾਂਦੀਆਂ ਹਨ। ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ 28000 ਆਂਗਣਵਾੜੀ ਸੈਂਟਰ ਹਨ ਅਤੇ ਇਨ੍ਹਾਂ ਵਿੱਚ ਕਰੀਬ 56000 ਆਂਗਣਵਾੜੀ ਮੁਲਾਜ਼ਮਾਂ ਅਤੇ ਹੈਲਪਰਾਂ ਕੰਮ ਕਰਦੀਆਂ ਹਨ। ਤਾਜਾ ਜਾਣਕਾਰੀ ਦੇ ਮੁਤਾਬਿਕ ਪਿਛਲੀ 14 ਮਈ ਤੋਂ ਸੂਬੇ ਵਿੱਚ ਮੰਤਰੀਆਂ ਦੇ ਘਰਾਂ ਅੱਗੇ ਭੁੱਖ ਹੜਤਾਲ 'ਤੇ ਬੈਠੀਆਂ ਆਂਗਣਵਾੜੀ ਮੁਲਾਜ਼ਮਾਂ, ਜਿੱਥੇ ਆਪਣੇ ਖੂਨ ਦੇ ਨਾਲ ਮੰਗ ਪੱਤਰ ਲਿੱਖ ਕੇ ਸਰਕਾਰ ਨੂੰ ਭੇਜ ਰਹੀਆਂ ਹਨ, ਉੱਥੇ ਹੀ ਰੋਜਾਨਾ ਹੀ ਸਵੇਰੇ 10 ਵਜੇ ਤੋਂ 4 ਵਜੇ ਤੱਕ ਮੁਕੰਮਲ ਭੁੱਖ ਹੜਤਾਲ ਵੀ ਮੁਲਾਜਮਾਂ ਵਲੋਂ ਕੀਤੀ ਜਾਂਦੀ ਹੈ। ਅੱਜ ਹੜਤਾਲ ਦਾ ਚੌਥਾ ਦਿਨ ਹੈ।

ਆਂਗਣਵਾੜੀ ਮੁਲਾਜਮਾਂ ਦੀਆਂ ਮੰਗਾਂ ਨੂੰ ਜਾਣਨ ਲਈ 'ਨਿਊਜ਼ ਨੰਬਰ' ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਆਗੂ ਜਸਪਾਲ ਕੌਰ ਅਤੇ ਕੁਲਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਂਗਣਵਾੜੀ ਵਰਕਰਾਂ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਵਾਅਦੇ ਕੀਤੇ ਸਨ ਕਿ ਸਮੂਹ ਮੁਲਾਜਮਾਂ ਦੀਆਂ ਜਿੰਨੀਆਂ ਵੀ ਮੰਗਾਂ ਹਨ ਉਨ੍ਹਾਂ ਨੂੰ ਪ੍ਰਵਾਨ ਕੀਤਾ ਜਾਵੇਗਾ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਬਣੀ ਨੂੰ ਕਰੀਬ ਸਵਾ ਸਾਲ ਹੋ ਗਿਆ ਹੈ, ਪਰ ਇਸ ਸਰਕਾਰ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਨੇ ਦੱਸਿਆ ਕਿ 14 ਮਈ ਤੋਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਮਾਣਭੱਤੇ ਵਿੱਚ ਵਾਧਾ ਕਰਨ ਅਤੇ ਹੋਰ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਆਪਣੇ ਖੂਨ ਨਾਲ ਲਿਖਿਆ ਪੱਤਰ ਵੀ ਭੇਜੇ ਜਾ ਰਹੇ ਹਨ। ਇਸ ਮੰਗ ਪੱਤਰ ਰਾਹੀਂ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਲੰਮੇ ਸਮੇਂ ਤੋਂ ਆਪਣੀ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਸੰਘਰਸ਼ ਕਰ ਰਹੀਆਂ ਹਨ, ਪਰ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਂਝ ਉਨ੍ਹਾਂ ਨੇ ਆਸ ਪ੍ਰਗਟਾਈ ਹੈ ਕਿ ਖੂਨ ਨਾਲ ਪੱਤਰ ਲਿਖਣ ਮਗਰੋਂ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਛੇਤੀ ਹੀ ਕੋਈ ਕਦਮ ਚੁੱਕਿਆ ਜਾਵੇਗਾ।

ਉਨ੍ਹਾਂ ਨੇ ਮੰਗ ਕੀਤੀ ਹੈ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ 'ਤੇ ਮਾਣ ਭੱਤਾ ਦਿੱਤਾ ਜਾਵੇ, ਉਨ੍ਹਾਂ ਨੂੰ ਪੈਨਸ਼ਨ, ਗਰੈਚੁਟੀ ਅਤੇ ਦੂਜੇ ਸਾਰੇ ਲਾਭ ਦਿੱਤੇ ਜਾਣ, ਐਨਜੀਓ ਅਧੀਨ ਚੱਲ ਰਹੇ ਖੂਹੀਆ ਸਰਵਰ ਅਤੇ ਬਠਿੰਡਾ ਨੂੰ ਵਾਪਸ ਵਿਭਾਗ ਅਧੀਨ ਲਿਆਂਦਾ ਜਾਵੇ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖ਼ਲ ਕੀਤੇ ਗਏ 3 ਤੋਂ 6 ਸਾਲਾਂ ਦੇ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ। ਉਨ੍ਹਾਂ ਨੇ ਕਿਹਾ ਕਿ ਯੂਨੀਅਨ ਨੇ ਪਿਛਲੇ 4 ਮਹੀਨਿਆਂ ਤੋਂ ਬਠਿੰਡਾ ਵਿੱਚ ਸਰਕਾਰ ਖ਼ਿਲਾਫ਼ ਜੋਰਦਾਰ ਸੰਘਰਸ਼ ਚਲਾਇਆ ਹੋਇਆ ਹੈ, ਪਰ ਅਜੇ ਤੱਕ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਲਟਾ ਪੰਜਾਬ ਪੁਲਿਸ ਵੱਲੋਂ ਰੋਸ ਪ੍ਰਦਰਸ਼ਨ ਕਰ ਰਹੀਆਂ ਵਰਕਰਾਂ ਅਤੇ ਹੈਲਪਰਾਂ 'ਤੇ ਕਥਿਤ ਤੌਰ 'ਤੇ ਜ਼ੁਲਮ ਢਾਹਿਆ ਜਾ ਰਿਹਾ ਹੈ ਅਤੇ ਸੰਘਰਸ਼ਸ਼ੀਲ ਬੀਬੀਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਿਆਂ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਉਹ 20 ਮਈ ਨੂੰ ਸ਼ਾਹਕੋਟ ਜਿਮਨੀ ਚੋਣਾਂ ਦੌਰਾਨ ਸੂਬਾ ਪੱਧਰੀ ਰੋਸ ਮਾਰਚ ਕਰਨਗੀਆਂ।

ਦੋਸਤੋਂ, ਹੁਣ ਦੇਖਣਾ ਇਹ ਹੋਵੇਗਾ ਕਿ ਕੀ 20 ਮਈ ਨੂੰ ਸ਼ਾਹਕੋਟ ਹੋਣ ਵਾਲੇ ਆਂਗਣਵਾੜੀ ਵਰਕਰਾਂ ਦੇ ਪ੍ਰਦਰਸ਼ਨ ਦੌਰਾਨ ਸਰਕਾਰ ਇਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦੀ ਹੈ ਜਾਂ ਫਿਰ ਮੁਲਾਜ਼ਮਾਂ ਇਸੇ ਤਰ੍ਹਾਂ ਹੀ ਅੱਗੇ ਵੀ ਸੰਘਰਸ਼ ਜਾਰੀ ਰੱਖਣਗੀਆਂ। ਜਿਵੇਂ ਕਿ ਆਂਗਣਵਾੜੀ ਮੁਲਾਜਮਾਂ ਦੀ ਚੇਤਵਾਨੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਛੇਤੀ ਨਾ ਮੰਨੀਆਂ ਤਾਂ ਉਹ ਸੰਘਰਸ਼ ਤਿੱਖਾ ਕਰ ਦੇਣਗੀਆਂ। ਦੋਸਤੋਂ, ਹੁਣ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਉਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਅਤੇ ਚੋਣਾਂ ਸਮੇਂ ਮੁਲਾਜਮਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਨੂੰ ਜਲਦ ਪ੍ਰਵਾਨ ਨਹੀਂ ਕਰਦੀ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਪੰਜਾਬ ਦੇ ਮੁਲਾਜਮ ਫਿਰ ਤੋਂ ਸੜਕਾਂ 'ਤੇ ਆ ਜਾਣ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।