ਕਰਮਚਾਰੀਆਂ ਦੀਆਂ ਤਨਖਾਹ ਸਲਿੱਪਾਂ ਜਾਰੀ ਕਰਨ ਦੀ ਮੰਗ

Last Updated: May 17 2018 17:47

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਕਰਮਚਾਰੀਆਂ ਨੂੰ ਬੀਤੇ ਕਈ ਸਾਲ ਤੋਂ ਆਪਣੀਆਂ ਸੀ.ਪੀ.ਐੱਫ. ਅਤੇ ਜੀ.ਪੀ.ਐੱਫ. ਸਲਿੱਪਾਂ ਨਹੀਂ ਮਿਲਣ ਕਾਰਨ ਉਨ੍ਹਾਂ ਵਿੱਚ ਰੋਸ ਹੈ। ਇਸ ਮਾਮਲੇ ਨੂੰ ਲੈ ਕੇ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਵੱਲੋਂ ਯੂਨੀਵਰਸਿਟੀ ਅਧਿਕਾਰੀਆਂ ਦੇ ਕੋਲ ਇਹ ਮਾਮਲਾ ਚੁੱਕਿਆ ਗਿਆ ਹੈ। ਟਰੱਸਟ ਦੇ ਚੇਅਰਮੈਨ ਜਗਦੀਸ਼ ਢੋਸੀਵਾਲ ਦੇ ਅਨੁਸਾਰ ਸੀ.ਪੀ.ਐੱਫ. ਸਲਿੱਪਾਂ ਅਤੇ ਜੀ.ਪੀ.ਐੱਫ. ਸਲਿੱਪਾਂ ਦੇ ਬਾਰੇ ਵਿੱਚ ਇਨ੍ਹਾਂ ਕਰਮਚਾਰੀਆਂ ਕੋਲੋਂ ਹਰ ਮਹੀਨੇ ਰਕਮ ਕੱਟੀ ਜਾ ਰਹੀ ਹੈ ਪਰ ਹਰ ਸਾਲ 31 ਮਾਰਚ ਨੂੰ ਉਨ੍ਹਾਂ ਨੂੰ ਇਸਦੀ ਸਾਲਾਂ ਸਲਿੱਪ ਨਹੀਂ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਵੱਲੋਂ 31 ਮਾਰਚ 2012 ਦੇ ਬਾਅਦ ਸੀ.ਪੀ.ਐੱਫ. ਸਲਿੱਪਾਂ ਜਾਰੀ ਨਹੀਂ ਹੋਈਆਂ ਅਤੇ ਇਸੇ ਤਰ੍ਹਾਂ 31 ਮਾਰਚ 2016 ਦੇ ਬਾਅਦ ਜੀ.ਪੀ.ਐੱਫ. ਸਲਿੱਪ ਵੀ ਜਾਰੀ ਨਹੀਂ ਹੋਏ ਹਨ।

ਇਸ ਮਾਮਲੇ ਨੂੰ ਲੈ ਕੇ ਸਾਰੇ ਕਰਮਚਾਰੀ ਆਪਣੇ ਪੈਸੇ ਦੀ ਸੁਰੱਖਿਆ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ ਅਤੇ ਉਨ੍ਹਾਂ ਵਿੱਚ ਰੋਸ ਦਾ ਆਲਮ ਹੈ। ਜਗਦੀਸ਼ ਰਾਏ ਢੋਸੀਵਾਲ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਫਾਈਨਾਂਸ ਅਧਿਕਾਰੀ ਸੀਤਾ ਰਾਮ ਗੋਇਲ ਅਤੇ ਅਕਾਊਂਟਸ ਡਿਪਾਰਟਮੈਂਟ ਦੇ ਸਹਾਇਕ ਰਜਿਸਟਰਾਰ ਮਨੋਰੰਜਨ ਡੇ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦਾ ਤਰਕ ਹੈ ਕੇ ਉਨ੍ਹਾਂ ਕੋਲ ਸਟਾਫ ਦੀ ਕਮੀ ਹੋਣ ਕਾਰਨ ਇਹ ਸਲਿੱਪਾਂ ਜਾਰੀ ਕਰਨ ਵਿੱਚ ਦੇਰੀ ਹੋ ਰਹੀ ਹੈ। ਇਸ ਮੌਕੇ ਜਗਦੀਸ਼ ਢੋਸੀਵਾਲ ਨੇ ਮੰਗ ਪੱਤਰ ਦੇ ਕੇ ਇੱਕ ਮਹੀਨੇ ਵਿੱਚ ਇਹ ਕੰਮ ਪੂਰਾ ਕਰਨ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਹੀਂ ਹੋਣ ਦੀ ਸੂਰਤ ਵਿੱਚ ਮਾਮਲਾ ਉੱਚ ਅਧਿਕਾਰੀਆਂ ਕੋਲ ਚੁੱਕਣ ਦੀ ਗੱਲ ਆਖੀ ਹੈ।