...ਆਖਿਰ ਹੁਣ ਇਸ ਪਿੰਡ ਦੀ ਕੋਣ ਸੁਣੇਗਾ, ਜਿੱਥੇ ! (ਨਿਊਜ਼ ਨੰਬਰ ਸਪੈਸ਼ਲ ਸਟੋਰੀ)

Last Updated: May 17 2018 15:36

ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨਾਲ ਅਨੇਕਾਂ ਵਾਅਦੇ ਕੀਤੇ ਸਨ। ਕੈਪਟਨ ਵੱਲੋਂ ਕੀਤੇ ਵਾਅਦੇ ਹੁਣ ਤੱਕ ਕੁੱਝ ਕੁ ਤਾਂ ਪੂਰੇ ਹੋ ਗਏ, ਪਰ ਕਈ ਵਾਅਦੇ ਹਾਲੇ ਅੱਧ ਵਿਚਾਲੇ ਅਧੂਰੇ ਹਨ। ਦੋਸਤੋਂ, ਜਿਵੇਂ ਕਿ 10 ਸਾਲ ਅਕਾਲੀਆਂ ਨੇ ਪੰਜਾਬ 'ਤੇ ਰਾਜ ਕੀਤਾ, ਉਨ੍ਹਾਂ ਨੇ ਆਪਣੇ ਰਾਜ ਦੇ 9 ਸਾਲਾਂ ਵਿੱਚ ਤਾਂ ਕੁੱਝ ਕੀਤਾ ਨਹੀਂ ਅਤੇ ਆਖਰੀ ਸਾਲ ਵਿੱਚ ਵਿਕਾਸ ਕਾਰਜਾਂ ਹੀ ਹਨੇਰੀ ਲਿਆ ਦਿੱਤੀ। ਜੋ ਅਕਾਲੀ ਨੇ ਵਿਕਾਸ ਕਾਰਜ ਕਰਵਾਏ ਉਹ ਚੋਣਾਂ ਹੋਣ ਦੀ ਦੇਰ ਸੀ ਟੁੱਟ ਭੱਜ ਵੀ ਗਏ। ਜੇਕਰ ਤਾਜਾ ਹਲਾਤਾਂ 'ਤੇ ਨਿਗਾਂਹ ਮਾਰੀ ਜਾਵੇ ਤਾਂ ਫਿਰੋਜ਼ਪੁਰ ਦੇ ਬਹੁਤੇ ਪਿੰਡਾਂ ਦੇ ਵਿਕਾਸ ਕਾਰਜ ਹਾਲੇ ਅਧੂਰੇ ਪਏ ਹਨ। ਜੋ ਅਕਾਲੀ ਦਲ ਆਪਣੇ ਰਾਜ ਵਿੱਚ ਪੋਚਾ ਮਾਰ ਕੇ ਛੱਡ ਗਿਆ ਸੀ, ਉਸ ਤੋਂ ਬਾਅਦ 'ਇੱਕ ਚਵਾਨੀ' ਵੀ ਪਿੰਡਾਂ 'ਤੇ ਨਹੀਂ ਖਰਚੀ ਗਈ। ਦੋਸਤੋਂ, ਅੱਜ ਆਪਾ ਇਸ ਲੇਖ ਵਿੱਚ ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਨਸੀਰਾਂ ਖਿਲਚੀਆਂ ਦੇ ਪਿੰਡ ਦੀ ਤਰਸਯੋਗ ਹਾਲਤ ਬਾਰੇ ਗੱਲਬਾਤ ਕਰਾਂਗੇ, ਜਿੱਥੇ ਕਿ ਹੁਣ ਤੱਕ ਨਾ ਤਾਂ ਲੋਕਾਂ ਨੂੰ ਸਾਫ ਪਾਣੀ ਮਿਲ ਰਿਹਾ ਹੈ ਅਤੇ ਲੋਕ ਨਹਿਰ ਤੋਂ ਪਾਣੀ ਲੈ ਕੇ ਆ ਰਹੇ ਹਨ, ਹੋਰ ਤੇ ਹੋਰ ਪਿੰਡ ਵਿੱਚ ਸੀਵਰੇਜ ਤਾਂ ਪਾਇਆ ਗਿਆ ਹੈ, ਪਰ ਚੱਲਦਾ ਨਹੀਂ।

ਦੋਸਤੋਂ, ਜਿਵੇਂ ਹੀ 'ਨਿਊਜ਼ ਨੰਬਰ' ਟੀਮ ਨੂੰ ਪਿੰਡ ਨਸੀਰਾਂ ਖਿਲਚੀਆਂ ਦੀ ਤਰਸਯੋਗ ਹਾਲਤ ਬਾਰੇ ਪਤਾ ਲੱਗਿਆ ਤਾਂ ਟੀਮ ਵੱਲੋਂ ਪਿੰਡ ਦਾ ਚੱਕਰ ਲਗਾਇਆ ਗਿਆ। ਨਿਊਜ਼ ਨੰਬਰ ਟੀਮ ਨਾਲ ਗੱਲਬਾਤ ਕਰਦੇ ਹੋਏ ਪਿੰਡ ਨਸੀਰਾਂ ਖਿਲਚੀਆਂ ਦੇ ਵਸਨੀਕ ਅਜੀਤ ਸਿੰਘ, ਮਹਿਲ ਸਿੰਘ, ਸੁੱਚਾ ਸਿੰਘ, ਸਰਦੂਲ ਸਿੰਘ, ਗੁਰਦੀਪ ਸਿੰਘ, ਰੁਕਮ ਕੌਰ, ਛਿੰਦਰ ਕੌਰ ਅਤੇ ਬਲਜੀਤ ਕੌਰ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਕਰੀਬ 55 ਸਾਲ ਬਾਅਦ ਉਨ੍ਹਾਂ ਦੇ ਪਿੰਡ ਵਿੱਚ ਸੀਵਰੇਜ ਸਿਸਟਮ ਪਾਇਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਸੀਵਰੇਜ ਪਾਇਆ ਗਿਆ ਤਾਂ ਕੁੱਝ ਕਰੀਬ 10 ਸਾਲ ਤਾਂ ਉਹ ਠੀਕ ਚੱਲਦਾ ਰਿਹਾ, ਪਰ..!! ਪਿਛਲੇ 5 ਸਾਲਾਂ ਤੋਂ ਸੀਵਰੇਜ ਸਿਸਟਮ ਵਿੱਚ ਆਈ ਖਰਾਬੀ ਨੇ ਪੂਰੇ ਪਿੰਡ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ।

ਬਜ਼ੁਰਗ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈ। ਸਕੂਲ ਵਾਲੀ ਸੜਕ ਜੋ ਅੱਧੀ ਦਰਜਨ ਦੇ ਕਰੀਬ ਪਿੰਡਾਂ ਨੂੰ ਜੋੜਦੀ ਹੈ ਦੇ 'ਤੇ ਹਰ ਸਮੇਂ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਨਿੱਕੇ-ਨਿੱਕੇ ਮਾਸੂਮਾਂ ਨੂੰ ਗੰਦੇ ਪਾਣੀ ਦੇ ਵਿੱਚ ਦੀ ਲੰਘ ਕੇ ਸਕੂਲ ਆਉਣਾ ਅਤੇ ਜਾਣਾ ਪੈਂਦਾ ਹੈ। ਅਜੀਤ ਸਿੰਘ ਨੇ ਦੱਸਿਆ ਕਿ ਜਿੱਥੇ ਸੀਵਰੇਜ ਦਾ ਪਾਣੀ ਬੱਚਿਆਂ ਲਈ ਲੰਘਣ 'ਚ ਪਰੇਸ਼ਾਨੀ ਬਣ ਰਿਹਾ ਹੈ, ਉੱਥੇ ਹੀ ਅਨੇਕਾਂ ਬਿਮਾਰੀਆਂ ਵੀ ਵੰਡ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਉਨ੍ਹਾਂ ਦੇ ਪਿੰਡ ਦੀ ਔਰਤ ਜੋ ਨਹਿਰ ਤੋਂ ਪਾਣੀ ਲੈ ਕੇ ਘਰ ਨੂੰ ਆ ਰਹੀ ਸੀ ਤਾਂ ਉਹ ਇਸ ਸੜਕ ਜਿਸ 'ਤੇ ਹਮੇਸ਼ਾ ਸੀਵਰੇਜ ਦਾ ਪਾਣੀ ਜਮਾ ਹੋਇਆ ਰਹਿੰਦਾ ਹੈ 'ਤੇ ਡਿੱਗ ਪਈ ਸੀ, ਜਿਸ ਕਾਰਨ ਉਸ ਦੀ ਲੱਤ ਲੁੱਟ ਗਈ।

ਇਸ ਮੌਕੇ ਪਿੰਡ ਨਸੀਰਾਂ ਖਿਲਚੀਆਂ ਦੀ ਰਹਿਣ ਵਾਲੀ ਰੁਕਮ ਕੌਰ, ਛਿੰਦਰ ਕੌਰ ਅਤੇ ਬਲਜੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਜਿੱਥੇ ਸੀਵਰੇਜ ਦੀ ਸਮੱਸਿਆ ਪਿਛਲੇ ਅੱਧੇ ਦਹਾਕੇ ਤੋਂ ਚੱਲਦੀ ਆ ਰਹੀ ਹੈ, ਉੱਥੇ ਹੀ ਪਿੰਡ ਵਿੱਚ ਪੀਣ ਲਈ ਸਾਫ਼ ਪਾਣੀ ਵੀ ਨਹੀਂ ਆ ਰਿਹਾ। ਉਨ੍ਹਾਂ ਨੇ ਦੱਸਿਆ ਕਿ ਜੋ ਪਿੰਡ ਵਿੱਚ ਆਰ.ਓ ਲੱਗਿਆ ਹੋਇਆ ਹੈ, ਉਸ ਦਾ ਪਾਣੀ ਵੀ ਸਾਫ ਨਹੀਂ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਪਿੰਡ ਤੋਂ 2 ਕਿੱਲੋਮੀਟਰ ਦੂਰ ਨਹਿਰ 'ਤੇ ਲੱਗੇ ਨਲਕੇ ਤੋਂ ਪਾਣੀ ਭਰ ਕੇ ਲਿਆਉਣਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਗੰਦਾ ਪਾਣੀ ਪੀਣ ਨਾਲ ਪਿੰਡ ਦੇ ਦਰਜਨਾਂ ਲੋਕ ਬਿਮਾਰ ਹੋ ਗਏ ਸਨ, ਜਿਸ ਵੱਲ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਅਤੇ ਨਾ ਹੀ ਪਿੰਡ ਦੇ ਸਰਪੰਚ ਆਦਿ ਨੇ ਕੋਈ ਧਿਆਨ ਦਿੱਤਾ।

ਪਿੰਡ ਦੇ ਵਸਨੀਕ ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਪੰਚਾਇਤ ਵਿਭਾਗ ਦੇ ਅਧਿਕਾਰੀ ਨੂੰ ਮਿਲ ਚੁੱਕੇ ਹਨ ਅਤੇ ਕਈ ਵਾਰ ਪਿੰਡ ਦੇ ਸਰਪੰਚ ਨੂੰ ਵੀ ਉਕਤ ਸਮੱਸਿਆ ਸਬੰਧੀ ਸੂਚਿਤ ਕਰ ਚੁੱਕੇ ਹਨ, ਪਰ ਨਾ ਤਾਂ ਪੰਚਾਇਤੀ ਵਿਭਾਗ ਨੇ ਕੋਈ ਗੱਲ ਉਨ੍ਹਾਂ ਦੀ ਸੁਣੀ ਹੈ ਅਤੇ ਨਾ ਹੀ ਸਰਪੰਚ ਉਕਤ ਸਮੱਸਿਆ ਦਾ ਹੱਲ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਛੇਤੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰੋਸ ਧਰਨਾ ਸ਼ੁਰੂ ਕਰ ਦੇਣਗੇ। ਪਿੰਡ ਵਾਸੀਆਂ ਨੇ 'ਨਿਊਜ਼ ਨੰਬਰ' ਜਰੀਏ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਉਕਤ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਪਿੰਡ ਨਸੀਰਾਂ ਖਿਲਚੀਆਂ ਦੀ ਸਰਪੰਚ ਜਗੀਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੱਲਾ ਝਾੜਦੇ ਹੋਇਆ ਆਖਿਆ ਕਿ ਪੰਚਾਇਤ ਕੋਲ 'ਧੇਲਾ' ਵੀ ਗ੍ਰਾਂਟ ਨਹੀਂ ਹੈ। ਸਰਪੰਚ ਨੇ ਦਾਅਵਾ ਕਰਦਿਆਂ ਦੱਸਿਆ ਕਿ ਆਉਣ ਵਾਲੇ ਇੱਕ ਹਫਤੇ ਦੇ ਅੰਦਰ-ਅੰਦਰ ਪਿੰਡ ਦੀ ਪੰਚਾਇਤੀ ਜਮੀਨ ਦੀ ਬੋਲੀ ਕਰਵਾ ਕੇ ਜਿੰਨਾ ਪੈਸਾ ਇਕੱਠਾ ਹੋਵੇਗਾ, ਉਹ ਸਾਰਾ ਪਿੰਡ ਦੇ ਵਿਕਾਸ ਕਾਰਜ 'ਤੇ ਖਰਚ ਕੀਤਾ ਜਾਵੇਗਾ। ਜਦੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਸਬੰਧਤ ਪੰਚਾਇਤ ਅਫਸਰ ਨੂੰ ਆਖਣਗੇ ਕਿ ਪਿੰਡ ਦਾ ਮੌਕਾ ਵੇਖ ਕੇ ਪਿੰਡ ਅੰਦਰ ਰਹਿੰਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣ। ਸੋ ਦੋਸਤੋਂ, ਪਿੰਡ ਦਾ ਸਰਪੰਚ ਅਤੇ ਡੀਸੀ ਦਾਅਵਾ ਕਰ ਰਹੇ ਹਨ ਕਿ ਛੇਤੀ ਹੀ ਉਕਤ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਦੇਖਣਾ ਹੁਣ ਇਹ ਹੋਵੇਗਾ ਕਿ ਆਖਿਰ ਕਦੋਂ ਪਿੰਡ ਨਸੀਰਾਂ ਖਿਲਚੀਆਂ ਦੇ ਵਿੱਚ ਸੀਵਰੇਜ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਕਦੋਂ ਲੋਕ ਸਾਫ਼ ਪਾਣੀ ਪੀ ਸਕਣਗੇ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।