ਗਿੱਦੜਬਾਹਾ ਦੇ ਨਵੇਂ ਸਰਕਾਰੀ ਕਾਲਜ ਲਈ ਦੋ ਪਿੰਡਾਂ ਦੀ ਜ਼ਮੀਨ ਦਾ ਮੁਆਇਨਾ

Last Updated: May 17 2018 15:19

ਗਿੱਦੜਬਾਹਾ ਹਲਕੇ ਦੇ ਵਿੱਚ ਨਵੇਂ ਮਨਜੂਰ ਹੋਏ ਸਰਕਾਰੀ ਕਾਲਜ ਦੀ ਉਸਾਰੀ ਲਈ ਜਗ੍ਹਾ ਦੇਖਣ ਵਾਸਤੇ ਦੋ ਪਿੰਡਾਂ ਦੀ ਜ਼ਮੀਨ ਦਾ ਮੁਆਇਨਾ ਹੋਇਆ ਹੈ। ਹਲਕਾ ਵਿਧਾਇਕ ਰਾਜਾ ਵੜਿੰਗ ਅਤੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਵੱਲੋਂ ਪਿੰਡ ਦੌਲਾ ਦੇ ਵਿੱਚ ਜ਼ਮੀਨ ਦਾ ਮੁਆਇਨਾ ਕੀਤਾ ਗਿਆ। ਇਸਦੇ ਨਾਲ ਹੀ ਨਜ਼ਦੀਕੀ ਪਿੰਡ ਹੁਸਨਰ ਦੇ ਵਿੱਚ ਵੀ ਜ਼ਮੀਨ ਦੇਖੀ ਜਾ ਰਹੀ ਹੈ। ਵਿਧਾਇਕ ਰਾਜਾ ਵੜਿੰਗ ਅਤੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਦੇ ਅਨੁਸਾਰ ਸਰਕਾਰ ਨੇ ਇਸ ਬਜਟ ਸੈਸ਼ਨ ਵਿੱਚ 20 ਨਵੇਂ ਕਾਲਜਾਂ ਦਾ ਐਲਾਨ ਕੀਤਾ ਹੈ ਅਤੇ ਇਸ ਵਿੱਚੋਂ ਇੱਕ ਕਾਲਜ ਗਿੱਦੜਬਾਹਾ ਦੇ ਹਿੱਸੇ ਆਇਆ ਹੈ। ਉਨ੍ਹਾਂ ਕਿਹਾ ਕਿ ਹੁਸਨਰ ਅਤੇ ਦੌਲਾ ਪਿੰਡ ਵਿੱਚੋਂ ਜਿਹੜੇ ਪਿੰਡ ਦੀ ਜਗ੍ਹਾ ਜ਼ਿਆਦਾ ਉਚਿੱਤ ਹੋਵੇਗੀ ਉਸਦੇ ਉੱਤੇ ਕਾਲਜ ਦਾ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਮੀਨ ਬਾਰੇ ਰਿਪੋਰਟ ਤਿਆਰ ਹੋ ਰਹੀ ਹੈ ਅਤੇ ਇੱਕ ਪਿੰਡ ਨੂੰ ਚੁਣ ਕੇ ਸਰਕਾਰ ਕੋਲ ਭੇਜਿਆ ਜਾਵੇਗਾ। ਜਾਣਕਾਰੀ ਅਨੁਸਾਰ ਇਸ ਕਾਲਜ ਦੇ ਨਿਰਮਾਣ ਵਾਸਤੇ ਸਰਕਾਰ ਨੇ 20 ਕਰੋੜ ਦਾ ਬਜਟ ਪ੍ਰਵਾਨ ਕੀਤਾ ਹੈ ਅਤੇ ਇਸਨੂੰ ਸਿੱਖਿਆ ਦੀਆਂ ਆਧੁਨਿਕ ਸਹੂਲਤਾਂ ਨਾਲ ਲੈੱਸ ਕੀਤਾ ਜਾਣ ਦੀ ਗੱਲ ਆਖੀ ਗਈ ਹੈ।