ਪਿੰਡ ਬਾਦਲ ਦੇ ਮੰਦਰ ਵਿੱਚ ਚੋਰਾਂ ਨੇ ਬੋਲਿਆ ਧਾਵਾ, ਇੱਕ ਨੂੰ ਕੀਤਾ ਗੰਭੀਰ ਜਖਮੀ

Last Updated: May 17 2018 14:57

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਦੇ ਮੰਦਿਰ ਦੇ ਵਿੱਚ ਚੋਰਾਂ ਨੇ ਰਾਤ ਨੂੰ ਧਾਵਾ ਬੋਲਦੇ ਹੋਏ ਦੋ ਗੋਲਕ ਚੋਰੀ ਕਰ ਲਏ ਅਤੇ ਇੱਕ ਵਿਅਕਤੀ ਨੂੰ ਗੰਭੀਰ ਜਖਮੀ ਕਰ ਦਿੱਤਾ। ਇਸ ਜਖਮੀ ਵਿਅਕਤੀ ਦੀ ਪਹਿਚਾਣ ਤੇਜਾ ਸਿੰਘ ਵਜੋਂ ਹੋਈ ਹੈ ਜੋ ਕਿ ਇੱਥੇ ਇੱਕ ਸੇਵਾਦਾਰ ਹੈ। ਜਾਣਕਾਰੀ ਅਨੁਸਾਰ ਤਿੰਨ ਚੋਰਾਂ ਨੇ ਮੰਦਿਰ ਵਿੱਚੋਂ ਦੋ ਗੋਲਕ ਚੋਰੀ ਕਰ ਲਏ ਅਤੇ ਜਦੋਂ ਤੇਜਾ ਸਿੰਘ ਇਹਨਾਂ ਨੂੰ ਰੋਕ ਰਿਹਾ ਸੀ ਤਾਂ ਇੱਕ ਚੋਰ ਨੇ ਮੰਦਿਰ ਵਿੱਚੋਂ ਤ੍ਰਿਸ਼ੂਲ ਉਸਦੇ ਢਿੱਡ ਵਿੱਚ ਮਾਰ ਉਸਨੂੰ ਗੰਭੀਰ ਜਖਮੀ ਕਰ ਦਿੱਤਾ। ਇਸ ਦੌਰਾਨ ਇਹਨਾਂ ਵਿੱਚੋਂ ਦੋ ਚੋਰ ਦੋ ਗੋਲਕ ਲੈ ਕੇ ਫ਼ਰਾਰ ਹੋ ਗਏ ਅਤੇ ਇੱਕ ਚੋਰ ਨੂੰ ਲੋਕਾਂ ਵੱਲੋਂ ਫੜ ਲਿਆ ਗਿਆ। ਫ਼ਿਲਹਾਲ ਫੜੇ ਗਏ ਇਸ ਚੋਰ ਕੋਲੋਂ ਪੁਲਿਸ ਪੁੱਛ-ਗਿੱਛ ਜਾਰੀ ਹੈ ਅਤੇ ਜਖਮੀ ਤੇਜਾ ਸਿੰਘ ਨੂੰ ਗੰਭੀਰ ਹਾਲਤ ਦੇ ਚੱਲਦੇ ਬਠਿੰਡਾ ਰੈਫ਼ਰ ਕੀਤਾ ਗਿਆ ਹੈ।