ਸਦਰ ਜ਼ੀਰਾ ਪੁਲਿਸ ਦਾ ਦਾਅਵਾ, ਰੇਤ ਦੀ ਨਜਾਇਜ਼ ਨਿਕਾਸੀ ਕਰਨ ਦੇ ਦੋਸ਼ 'ਚ ਦੋ ਸਕੇ ਭਰਾ ਕਾਬੂ..!!

Last Updated: May 17 2018 15:03

ਬੀਤੇ ਦਿਨ ਪਿੰਡ ਬੁੱਲੇ ਤੋਂ ਥਾਣਾ ਸਦਰ ਜ਼ੀਰਾ ਪੁਲਿਸ ਨੇ ਦੋ ਸਕੇ ਭਰਾਵਾਂ ਨੂੰ ਰੇਤ ਦੀ ਨਜਾਇਜ਼ ਨਿਕਾਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿੱਚ ਪੁਲਿਸ ਨੇ ਆਈਪੀਸੀ ਅਤੇ ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਬੁੱਲੇ ਵਿਖੇ ਕੁਝ ਵਿਅਕਤੀ ਨਜਾਇਜ਼ ਰੇਤ ਦਾ ਖੱਡਾ ਲਗਾ ਕੇ ਰੇਤ ਦੀ ਨਿਕਾਸੀ ਕਰ ਰਹੇ ਹਨ।

ਏਐਸਆਈ ਨੇ ਦਾਅਵਾ ਕਰਦਿਆਂ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲਦਿਆਂ ਸਾਰ ਹੀ ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਪਿੰਡ ਬੁੱਲੇ ਵਿਖੇ ਛਾਪੇਮਾਰੀ ਕੀਤੀ ਤਾਂ ਉੱਥੋਂ ਦੋ ਸਕੇ ਭਰਾਵਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਟਰੈਕਟਰ ਟਰਾਲੀ ਰੇਤ ਨਾਲ ਭਰੀ ਹੋਈ ਜਦਕਿ ਰੇਤੇ ਦੇ ਖੱਡੇ ਵਿੱਚੋਂ 3 ਟਰੈਕਟਰ ਟਰਾਲੀਆਂ ਖਾਲੀ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਹਰਦੀਪ ਸਿੰਘ ਅਤੇ ਗੁਰਨਾਮ ਸਿੰਘ ਪੁੱਤਰਾਨ ਅਨੋਖ ਸਿੰਘ ਵਾਸੀਅਨ ਪਿੰਡ ਬੁੱਲੇ ਵਜੋਂ ਹੋਈ ਹੈ ਜਿਨ੍ਹਾਂ ਦੇ ਖ਼ਿਲਾਫ਼ 379 ਆਈਪੀਸੀ ਅਤੇ 21 (3) ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।