ਇਨਸਾਨਾਂ 'ਤੇ ਭਾਰੀ ਪੈ ਰਿਹਾ ਹੈ ਕੁੱਤੇ ਪਾਲਣ ਦਾ ਸ਼ੌਂਕ : ਹੁਣ ਇੱਕ ਦੀ ਹਲਕਾਅ ਨਾਲ ਮੌਤ (ਨਿਊਜ਼ਨੰਬਰ ਖਾਸ ਖ਼ਬਰ)

Last Updated: May 17 2018 14:54

ਇੰਝ ਲੱਗਦਾ ਹੈ ਕਿ ਜਿਵੇਂ ਕੁੱਤੇ ਪਾਲਣ ਦਾ ਸ਼ੌਂਕ ਇਨਸਾਨ ਲਈ ਜੀ ਦਾ ਜੰਜਾਲ ਬਣਦਾ ਜਾ ਰਿਹਾ ਹੈ, ਬੀਤੀ ਕੱਲ੍ਹ ਆਪਣੇ ਪਾਲਤੂ ਕੁੱਤੇ ਨੂੰ ਬਚਾਉਂਦਿਆਂ ਦੋ ਚਚੇਰੇ ਭਰਾਂਵਾਂ ਦੇ ਪਾਣੀ ਵਿੱਚ ਡੁੱਬ ਜਾਣ ਦੀ ਘਟਨਾ ਤੋਂ ਬਾਅਦ ਪਟਿਆਲਾ ਦੇ ਪਿੰਡ ਕੌਲੀ ਵਾਸੀ ਇੱਕ ਵਿਅਕਤੀ ਨੂੰ ਵੀ ਕੁੱਤੇ ਪਾਲਣ ਦਾ ਸ਼ੌਂਕ ਇੰਨਾਂ ਮਹਿੰਗਾ ਪਿਆ ਕਿ ਇਸ ਸ਼ੌਂਕ ਨੇ ਉਸ ਦੀ ਜਾਨ ਲੈ ਲਈ। ਸ਼ੱਕ ਹੈ ਕਿ ਇਸ ਵਿਅਕਤੀ ਵੱਲੋਂ ਪਾਲੇ ਗਏ ਕੁੱਤਿਆਂ 'ਚੋਂ ਇੱਕ ਨੂੰ ਹਲਕਾਅ ਹੋ ਗਿਆ ਸੀ, ਜਿਸ ਤੋਂ ਇਹ ਬਿਮਾਰੀ ਕੁੱਤਿਆਂ ਦੇ ਮਾਲਕ ਨੂੰ ਵੀ ਹੋ ਗਈ, ਜਿਸ ਨੇ ਉਸ ਦੀ ਜਾਨ ਲੈ ਲਈ।

ਇਸ ਸਬੰਧ ਵਿੱਚ ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰ ਕਰਨਵੀਰ ਸਿੰਘ ਵੱਲੋਂ ਵਿਸਥਾਰ ਨਾਲ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੋਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਕੁੱਤੇ ਪਾਲਣ ਦਾ ਸ਼ੌਂਕੀਨ ਸੀ ਅਤੇ ਉਸ ਨੇ 12 ਕੁੱਤੇ ਪਾਲ ਰੱਖੇ ਸਨ। ਕਰਨਵੀਰ ਅਨੁਸਾਰ ਗੋਪਾਲ ਨੂੰ ਕੁੱਤਿਆਂ ਨਾਲ ਇੰਨਾਂ ਮੋਹ ਸੀ ਕਿ ਉਹ ਜਦੋਂ ਵੀ ਕੀਤੇ ਕੋਈ ਨਵੀਂ ਨਸਲ ਦਾ ਕੁੱਤਾ ਵੇਖਦਾ, ਤੁਰੰਤ ਉਸ ਨੂੰ ਖਰੀਦ ਕੇ ਲਿਆਉਣ ਲਈ ਪੈਸਿਆਂ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੰਦਾ ਸੀ। ਸ਼ਇਦ ਇਸੇ ਲਈ ਉਸ ਨੇ ਇੱਕ ਕੁੱਤਾ ਰੱਖਣ ਦੇ ਸ਼ੌਂਕ ਤੋਂ ਸ਼ੁਰੂ ਹੋ ਕੇ ਬਾਅਦ ਵਿੱਚ 11 ਮਹਿੰਗੇ ਕੁੱਤੇ ਹੋਰ ਖਰੀਦ ਲਏ ਸਨ। ਕਰਨਵੀਰ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਉਸਦੇ ਇੱਕ-ਇੱਕ ਕਰਕੇ 6 ਕੁੱਤੇ ਅਚਾਨਕ ਮਰ ਗਏ। ਜਿਸ ਦਾ ਗੋਪਾਲ ਨੂੰ ਬੇਹੱਦ ਦੁੱਖ ਸੀ ਅਤੇ ਉਸ ਤੋਂ ਬਾਅਦ ਉਹ ਖੁੱਦ ਵੀ ਬੇਹੱਦ ਉਦਾਸ ਅਤੇ ਬੀਮਾਰ ਜਿਹਾ ਲੱਗਣ ਲੱਗ ਪਿਆ।

ਕਰਨਵੀਰ ਸਿੰਘ ਦੇ ਦੱਸਣ ਅਨੁਸਾਰ ਪਰਿਵਾਰ ਅਤੇ ਮਿਲਣ ਵਾਲੀਆਂ ਨੇ ਸੋਚਿਆ ਕਿ ਕੁੱਤਿਆਂ ਦੀ ਮੌਤ ਦੇ ਦੁੱਖ ਨੇ ਗੋਪਾਲ ਨੂੰ ਮੰਜੇ 'ਤੇ ਪਾ ਦਿੱਤਾ ਹੈ, ਕੁੱਝ ਦਿਨ ਬਾਅਦ ਆਪੇ ਠੀਕ ਹੋ ਜਾਊ। ਪਰ ਜਦੋਂ ਉਹ ਮਾਮੂਲੀ ਦਵਾਈ ਬੂਟੀ ਨਾਲ ਠੀਕ ਨਹੀਂ ਹੋਇਆ ਤਾਂ ਕੁੱਝ ਦਿਨ ਬਾਅਦ ਉਸ ਨੂੰ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ੱਕ ਜਾਹਿਰ ਕੀਤਾ ਕਿ ਗੋਪਾਲ ਨੂੰ ਹਲਕਾਅ ਹੋ ਸਕਦਾ ਹੈ। ਕਰਨਵੀਰ ਅਨੁਸਾਰ ਜਦੋਂ ਗੋਪਾਲ ਦੇ ਖੂਨ ਅਤੇ ਹੋਰ ਟੈਸਟ ਕਰਵਾਏ ਗਏ ਤਾਂ ਇਹ ਸਾਫ ਹੋ ਗਿਆ ਕਿ ਉਹ ਸੱਚਮੁੱਚ ਹਲਕਾਅ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ। ਜਿੱਥੋਂ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਪੀਜੀਆਈ ਰੈਫਰ ਕਰ ਦਿੱਤਾ, ਪਰ ਪੀਜੀਆਈ ਦੇ ਡਾਕਟਰਾਂ ਨੇ ਗੋਪਾਲ ਦੀਆਂ ਰਿਪੋਰਟਾਂ ਦੇਖ ਕੇ ਕਹਿ ਦਿੱਤਾ ਕਿ ਗੋਪਾਲ ਦੀ ਹਲਕਾਅ ਦੀ ਬਿਮਾਰੀ ਆਖਰੀ ਸਟੇਜ 'ਤੇ ਪਹੁੰਚ ਚੁੱਕੀ ਹੈ ਅਤੇ ਇਸ ਦਾ ਇਲਾਜ ਨਹੀਂ ਹੋ ਸਕਦਾ।

ਇਸ ਤੋਂ ਬਾਅਦ ਪਰਿਵਾਰ ਵਾਲੇ ਜਦੋਂ ਗੋਪਾਲ ਨੂੰ ਪੀਜੀਆਈ ਤੋਂ ਵਾਪਸ ਘਰ ਲਈ ਕੇ ਆ ਰਹੇ ਸੀ ਤਾਂ ਗੋਪਾਲ ਨੇ ਰਸਤੇ ਵਿੱਚ ਹੀ ਦੰਮ ਤੋੜ ਦਿੱਤਾ। ਪਿੰਡ ਵਾਸੀਆਂ ਨੂੰ ਸ਼ੱਕ ਹੈ ਕਿ ਗੋਪਾਲ ਦੀ ਮੌਤ ਤੋਂ ਪਹਿਲਾਂ ਜੋ ਕੁੱਤੇ ਅਚਾਨਕ ਮਰ ਗਏ ਸਨ ਉਨ੍ਹਾਂ 'ਚੋਂ ਇੱਕ ਨੂੰ ਹਲਕਾਅ ਹੋ ਗਿਆ ਸੀ, ਜਿਸ ਬਿਮਾਰੀ ਨੇ ਪਹਿਲਾਂ ਕੁੱਝ ਕੁੱਤਿਆਂ ਦੀ ਜਾਨ ਲਈ ਤੇ ਇਸ ਦੌਰਾਨ ਹੀ ਗੋਪਾਲ ਨੂੰ ਵੀ ਹਲਕਾਅ ਹੋ ਗਿਆ। ਇਲਾਕਾ ਨਿਵਾਸੀਆਂ ਨੂੰ ਸ਼ੱਕ ਹੈ ਕਿ ਬਾਕੀ ਕੁੱਤਿਆਂ ਨੂੰ ਵੀ ਇਸ ਬਿਮਾਰੀ ਨੇ ਆਪਣੀ ਚਪੇਟ ਵਿੱਚ ਨਾ ਲੈ ਲਿਆ ਹੋਵੇ। ਇਸ ਲਈ ਉਨ੍ਹਾਂ ਦੀ ਵੀ ਡਾਕਟਰੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਸਮਾਂ ਰਹਿੰਦਿਆਂ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਉਪਰਾਲੇ ਕੀਤੇ ਜਾ ਸਕਣ।