ਪ੍ਰਯਟਕਾਂ ਨੂੰ ਆਕਰਸ਼ਿਤ ਕਰਨ ਲਈ 'ਫ਼ਾਜ਼ਿਲਕਾ ਰਾਈਜਿੰਗ' ਪ੍ਰੋਗਰਾਮ 18 ਮਈ ਨੂੰ

Last Updated: May 17 2018 14:52

ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਛੁਪੀਆਂ ਪ੍ਰਯਟਨ ਦੀਆਂ ਅਪਾਰ ਸੰਭਾਵਨਾਵਾਂ ਦੇ ਦਰਵਾਜੇ ਪ੍ਰਯਟਕਾਂ ਲਈ ਖੋਲ੍ਹਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸੁਸਾਇਟੀ ਫ਼ਾਜ਼ਿਲਕਾ ਅਤੇ ਸਥਾਨਕ ਪ੍ਰਾਹੁਣਚਾਰੀ ਇੰਡਸਟਰੀ ਨੇ ਇੱਕ ਸਾਂਝੇ ਹੰਭਲੇ ਤਹਿਤ 18 ਮਈ ਨੂੰ ਫ਼ਾਜ਼ਿਲਕਾ ਰਾਈਜ਼ਿੰਗ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਾਜ਼ਿਲਕਾ ਪੰਜਾਬ ਦਾ ਅਜਿਹਾ ਜ਼ਿਲ੍ਹਾ ਹੈ ਜਿੱਥੇ ਨਾ ਕੇਵਲ ਸਮਾਜਿਕ ਵਿਭਿੰਨਤਾ ਹੁੰਦੇ ਹੋਏ ਵੀ ਸਮਾਜਿਕ ਸਹਿਚਾਰ ਦੀ ਨਿਵੇਕਲੀ ਮਿਸਾਲ ਵੇਖਣ ਨੂੰ ਮਿਲਦੀ ਹੈ ਸਗੋਂ ਇੱਥੋਂ ਦੀ ਜੰਗਲੀ ਜੀਵਾਂ ਦੀ ਖੁੱਲ੍ਹੀ ਰੁੱਖ ਵੀ ਕੁਦਰਤ ਪ੍ਰੇਮੀਆਂ ਨੂੰ ਖਿੱਚਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਿੰਨ ਥਾਵਾਂ 'ਤੇ ਅੰਤਰਰਾਸ਼ਟਰੀ ਸਰਹੱਦ 'ਤੇ ਰੀਟਰੀਟ ਦੀ ਰਸਮ ਹੁੰਦੀ ਹੈ ਜਿੰਨ੍ਹਾਂ ਵਿੱਚੋਂ ਇੱਕ ਸਾਦਕੀ ਚੌਕੀ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਹੈ। ਉਨ੍ਹਾਂ ਆਖਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਹਰ ਮਹੀਨੇ 20000 ਪ੍ਰਯਟਕ ਆਉਂਦੇ ਹਨ ਜਦ ਕਿ ਸਾਡਾ ਟੀਚਾ ਇਸ ਵਿੱਚ ਵਾਧਾ ਕਰਨਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਯਟਨ ਇੱਕ ਉਦਯੋਗ ਵਜੋਂ ਵਿਕਸਿਤ ਹੋ ਰਿਹਾ ਹੈ ਅਤੇ ਇਸ ਖੇਤਰ ਵਿੱਚ ਤਰੱਕੀ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਆਖਿਆ ਕਿ ਪ੍ਰਯਟਨ ਉਦਯੋਗ ਨਾਲ ਕਈ ਹੋਰ ਸਹਾਇਕ ਕਿੱਤੇ ਵੀ ਸਬੰਧਤ ਇਲਾਕਾ ਵਿੱਚ ਪਨਪ ਰਹੇ ਹਨ। ਸਿਵਲ ਸੁਸਾਇਟੀ ਫ਼ਾਜ਼ਿਲਕਾ ਦੇ ਨਵਦੀਪ ਅਸੀਜਾ ਦਾ ਕਹਿਣਾ ਹੈ ਕਿ ਫ਼ਾਜ਼ਿਲਕਾ ਨੂੰ ਵਿਸ਼ਵ ਮਾਨਚਿੱਤਰ 'ਤੇ ਲਿਆ ਸਕੀਏ ਇਸਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਬਲਕਿ ਇਹ ਪ੍ਰੋਗਰਾਮ ਇਸ ਖੇਤਰ ਵਿੱਚ ਪ੍ਰਯਟਨ ਉਦਯੋਗ ਨਾਲ ਜੁੜੇ ਲੋਕਾਂ ਲਈ ਆਪਣੇ ਆਪ ਨੂੰ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਵਿਕਸਤ ਹੋਣ ਲਈ ਵੀ ਪ੍ਰੇਰਿਤ ਕਰੇਗਾ।