ਆਜ਼ਾਦ ਦੀ ਆਜ਼ਾਦ ਸੋਚ ਨੇ ਪਹੁੰਚਾ ਦਿੱਤਾ ਉਸਨੂੰ ਥਾਣੇ !!! (ਭਾਗ ਦੂਜਾ) (ਨਿਊਜ਼ਨੰਬਰ ਖਾਸ ਖ਼ਬਰ)

Kulwant Singh
Last Updated: May 17 2018 14:36

ਅਸੀਂ ਤੁਹਾਨੂੰ ਪਿਛਲੇ ਅੰਕ 'ਚ ਦੱਸਿਆ ਕਿ, ਅਗਾਊਂ ਜਮਾਨਤ ਹਾਸਲ ਕਰਨ ਦੇ ਬਾਅਦ ਡਾਕਟਰ ਆਜ਼ਾਦ ਨੇ ਆਪਣੇ ਜਿੰਦਗੀ ਦੇ ਕੁਝ ਅਜਿਹੇ ਤਜੁਰਬੇ ਨਿਊਜ਼ਨੰਬਰ ਨਾਲ ਸਾਂਝੇ ਕੀਤੇ, ਜਿਹੜੇ ਇਹ ਸਾਬਤ ਕਰਨ ਲਈ ਕਾਫ਼ੀ ਨਜ਼ਰ ਆਏ ਕਿ, ਅਗਰ ਤੁਸੀਂ ਭਾਰਤ ਵਿੱਚ ਸੁੱਖ਼ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹੋ ਤਾਂ, ਕਦੇ ਸੁਫ਼ਨੇ ਵਿੱਚ ਵੀ ਸਰਕਾਰ ਦੇ ਕੰਮਾਂ ਕਾਜਾਂ ਵਿੱਚ ਨਘੋਚਾਂ ਨਾ ਕੱਢੋ। ਬੱਸ ਭੇਡਾਂ ਬੱਕਰੀਆਂ ਬਣ ਜਾਓ ਤੇ ਲਾਈਨਾਂ ਵਿੱਚ ਲੱਗੇ ਅੱਗੇ ਤੁਰਦੇ ਰਹੋ, ਵਰਨਾਂ ਲਾਈਨ ਤੋੜਨ ਤੇ ਡਾਂਗਾਂ ਬੜੀਆਂ ਪੈਣਗੀਆਂ, ਅਗਰ ਫਿਰ ਵੀ ਤੁਸੀਂ ਨਾ ਟਲੇ ਤਾਂ ਜੇਲ੍ਹਾਂ ਤੇ ਥਾਣੇ ਤੁਹਾਡੇ ਲਈ ਬਣੇ ਹੀ ਹੋਏ ਹਨ।

ਇਸ ਮੁਲਾਕਾਤ ਦੇ ਦੌਰਾਨ ਡਾ. ਆਜ਼ਾਦ ਨੇ ਦੱਸਿਆ ਕਿ, ਆਪਣੇ ਜਿੰਦਗੀ ਦੇ ਸਫ਼ਰ ਦੌਰਾਨ ਉਨ੍ਹਾਂ ਨਾਲ ਇਹ ਸਭ ਕੁਝ ਪਹਿਲੀ ਵਾਰ ਨਹੀਂ ਹੋਇਆ ਬਲਕਿ ਜਦੋਂ-ਜਦੋਂ ਵੀ ਉਨ੍ਹਾਂ ਨੇ ਆਪਣੀ ਆਜ਼ਾਦ ਸੋਚ ਰਾਹੀਂ ਦੇਸ਼ ਦੀ ਆਮ ਆਵਾਮ ਦੇ ਭਲੇ ਲਈ ਅਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਰਕਾਰ ਨੇ ਉਸਦੀ ਆਜ਼ਾਦ ਸੋਚ ਨੂੰ ਗੁਲਾਮੀ ਦੀਆਂ ਜੰਜੀਰਾਂ ਪਹਿਣਾ ਕੇ ਕੈਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਅੱਗੇ...
 
ਡਾ. ਆਜ਼ਾਦ ਕਹਿੰਦੇ ਹਨ ਕਿ, ਉਹ ਸ਼ੁਰੂ ਤੋਂ ਹੀ ਆਪਣੇ ਉਨ੍ਹਾਂ ਦੋਸਤਾਂ-ਮਿੱਤਰਾਂ ਦਾ ਵਿਰੋਧ ਝੱਲਦੇ ਆਏ ਹਨ ਜੋ ਕਿ, ਐਲੋਪੈਥੀ ਦੇ ਇਲਾਵਾ ਬਾਕੀ ਸਾਰੀਆਂ ਪੈਥੀਆਂ ਨੂੰ ਨੀਮ-ਹਕੀਮੀ ਦੱਸਦੇ ਹਨ। ਉਨ੍ਹਾਂ ਕਿਹਾ ਕਿ, ਉਹ ਇਸ ਗੱਲ ਦੇ ਧਾਰਨੀ ਹਨ ਕਿ, ਸਾਰੀਆਂ ਪੈਥੀਆਂ ਦੀ ਆਪੋ ਆਪਣੀ ਅਮਿਹਮੀਅਤ ਅਤੇ ਆਪੋ ਆਪਣੀ ਸੁੰਦਰਤਾ ਹੁੰਦੀ ਹੈ। ਡਾ. ਆਜ਼ਾਦ ਦਾ ਕਹਿਣਾ ਹੈ ਕਿ, ਉਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਆਪਣੇ ਸਾਥੀ ਅਤੇ ਸੀਨੀਅਰ ਡਾਕਟਰਾਂ ਦੀ ਭਾਰੀ ਵਿਰੋਧਤਾ ਦੇ ਬਾਵਜੂਦ ਵੀ ਸਰਕਾਰੀ ਹਸਪਤਾਲ ਧੂਰੀ, ਭਵਾਨੀਗੜ੍ਹ ਅਤੇ ਰਾਜਪੁਰਾ ਵਿਖੇ ਹਸਪਤਾਲ ਦੇ ਅੰਦਰ ਯੋਗਾ ਹਾਲ ਅਤੇ ਹੋਮਿਓਪੈਥਿਕ ਡਿਸਪੈਂਸਰੀਆਂ ਖੁਲ੍ਹਵਾਈਆਂ। ਕੇਵਲ ਖੁਲ੍ਹਵਾਈਆਂ ਹੀ ਨਹੀਂ ਬਲਕਿ ਲੋਕਾਂ ਨੇ ਵੀ ਇਹਨਾਂ ਦਾ ਖ਼ੂਬ ਫ਼ਾਇਦਾ ਉਠਾਇਆ।

ਉਨ੍ਹਾਂ ਦਾ ਕਹਿਣਾ ਹੈ ਕਿ, ਉਹ ਗੁਨਾਹਗਾਰ ਸਿਰਫ਼ ਇਸ ਲਈ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਪੂਰੀ ਸਰਵਿਸ ਦੌਰਾਨ ਸਰਕਾਰੀ ਹਸਪਤਾਲਾਂ ਨੂੰ ਸਿਰਫ਼ ਐਲੋਪੈਥੀ ਸੈਂਟਰਾਂ ਤੱਕ ਹੀ ਸੀਮਿਤ ਨਹੀਂ ਰਹਿਣ ਦਿੱਤਾ ਬਲਕਿ ਉਨ੍ਹਾਂ ਨੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਸਪਤਾਲਾਂ ਨੂੰ ਸਰਵ ਪੱਖੀ ਸਿਹਤ ਕੇਂਦਰ ਬਣਾਉਣ ਲਈ ਹਮੇਸ਼ਾ ਯਤਨ ਕੀਤੇ। ਮੁੱਢੋਂ ਈ ਸਿਸਟਮ ਤੋਂ ਪੀੜਿਤ ਡਾਕਟਰ ਨੇ ਕਿਹਾ ਕਿ, ਉਨ੍ਹਾਂ ਦਾ ਮਕਸਦ ਹਮੇਸ਼ਾ ਇਹ ਰਿਹਾ ਕਿ, ਹਸਪਤਾਲਾਂ ਵਿੱਚ ਰਹਿ ਕੇ ਵੱਧ ਤੋਂ ਵੱਧ ਮਰੀਜ਼ਾਂ ਦਾ ਭਲਾ ਕੀਤਾ ਜਾ ਸਕੇ।

ਆਜ਼ਾਦ ਕਹਿੰਦੇ ਹਨ ਕਿ, ਜਿਨ੍ਹਾਂ ਦਿਨਾਂ ਦੌਰਾਨ ਦੇਸ਼ ਵਿੱਚ ਐਮਰਜੈਂਸੀ ਲੱਗੀ ਹੋਈ ਸੀ, ਉਨ੍ਹਾਂ ਦਿਨਾਂ ਵਿੱਚ ਸਰਕਾਰ ਲੋਕਾਂ ਦੀ ਜਬਰਨ ਨਸਬੰਦੀ ਕਰਨ ਲੱਗੀ ਹੋਈ ਸੀ। ਉਸ ਕਾਲੇ ਦੌਰ ਦੇ ਦੌਰਾਨ ਵੀ ਉਨ੍ਹਾਂ ਨੇ ਆਪਣੇ ਦੋਸਤ ਡਾ. ਪਿਆਰਾ ਲਾਲ ਗਰਗ ਨਾਲ ਰਲ ਕੇ ਜਬਰੀ ਕੀਤੀ ਜਾ ਰਹੀ ਨਸਬੰਦੀ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹਨਾਂ ਦੋਹਾਂ ਨੇ ਇੱਕ ਪੈਂਫ਼ਲਿਟ "ਪਰਿਵਾਰ ਨਿਯੋਜਨ ਅਤੇ ਗਰੀਬੀ" ਵੀ ਲੋਕਾਂ ਵਿੱਚ ਛਪਵਾ ਕੇ ਵੰਡਿਆ ਸੀ, ਜਿਹੜਾ ਕਿ ਬੜਾ ਹੀ ਹਰਮਨ-ਪਿਆਰਾ ਹੋਇਆ, ਜਿਸ ਉੱਪਰ ਬਣੇ ਨਾਟਕ ਪੂਰੇ ਪੰਜਾਬ-ਹਰਿਆਣਾ ਵਿੱਚ ਖੇਡੇ ਗਏ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦਿਨਾਂ ਦੀ ਇਹ ਗੱਲ ਹੈ ਉਹਨਾਂ ਦਿਨਾਂ ਵਿੱਚ ਵੀ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦੇਣ ਅਤੇ ਜੇਲ੍ਹ ਭੇਜਣ ਦੀ ਗੱਲ ਕੀਤੀ ਸੀ। 

ਆਜ਼ਾਦ ਕਹਿੰਦੇ ਹਨ ਕਿ ਬੜੇ ਸਾਲ ਪਹਿਲਾਂ ਜਦੋਂ ਆਰ.ਓ. ਕੰਪਨੀਆਂ ਧੂੰਆਂ-ਧਾਰ ਪ੍ਰਚਾਰ ਕਰ ਰਹੀਆਂ ਸਨ, ਤਾਂ ਉਨ੍ਹਾਂ ਦਿਨਾਂ ਵਿੱਚ ਵੀ ਉਹਨਾਂ ਨੇ ਇੱਕ ਲੇਖ਼ ਰਾਹੀਂ ਦੇਸ਼ ਦੀ ਅਵਾਮ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ, ਆਰ.ਓ. ਦਾ ਪਾਣੀ ਮਨੁੱਖਤਾ ਲਈ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਦਿਨਾਂ ਵਿੱਚ ਹਰੇਕ ਨੇ ਉਨ੍ਹਾਂ ਨੂੰ ਪਾਗਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਹੁਣ ਖ਼ੁਦ ਸਰਕਾਰ ਵੀ ਮੰਨ ਰਹੀ ਹੈ ਤੇ ਸਾਈਂਸ ਵੀ।

ਡਾਕਟਰ ਸਾਹਿਬ ਦੱਸਦੇ ਹਨ ਕਿ, ਉਨ੍ਹਾਂ ਨੇ ਬਾਬਾ ਫ਼ਰੀਦ ਸੈਂਟਰ ਫ਼ਾਰ ਸਪੈਸ਼ਲ ਚਿਲਡਰਨ ਦੀ ਟੀਮ ਨਾਲ ਰਲਕੇ ਖੋਜਾਂ ਤੇ ਅਧਾਰਤ ਅਨੇਕਾਂ ਅਜਿਹੇ ਕੰਮ ਕੀਤੇ ਜਿਨ੍ਹਾਂ 'ਤੇ ਸ਼ੁਰੂ ਵਿੱਚ ਤਾਂ ਗੰਭੀਰ ਇਤਰਾਜ਼ ਲੱਗੇ ਪਰ ਬਾਅਦ ਵਿੱਚ ਉਹ ਸਾਰੇ ਸਹੀ ਤੇ ਠੀਕ ਸਾਬਤ ਹੋਏ। ਉਨ੍ਹਾਂ ਕਿਹਾ ਕਿ ਬਾਬਾ ਫ਼ਰੀਦ ਸੈਂਟਰ ਅਤੇ ਨੌਜਵਾਨ ਭਾਰਤ ਸਭਾ ਨੇ ਸਭ ਤੋਂ ਪਹਿਲਾਂ ਅਵਾਜ਼ ਬੁਲੰਦ ਕੀਤੀ ਕਿ, ਪੰਜਾਬ ਵਿੱਚ ਕਾਲਾ-ਪੀਲੀਆ ਵੱਡੀ ਪੱਧਰ ਤੇ ਫੈਲਣਾ ਸ਼ੁਰੂ ਹੋ ਗਿਆ ਹੈ। ਡਾਕਟਰ ਆਜ਼ਾਦ ਅਨੁਸਾਰ, ਉਨ੍ਹਾਂ ਦੇ ਦਾਅਵੇ ਨੂੰ ਸੁਣ ਕੇ ਉਨ੍ਹਾਂ ਦੇ ਸੀਨੀਅਰਜ਼ ਨੇ ਇਸ ਗੱਲ ਦਾ ਖ਼ੂਬ ਮਜ਼ਾਕ ਉਡਾਇਆ, ਪਰ ਅੱਜ ਹਕੀਕਤ ਆਪ ਸਭ ਦੇ ਸਾਹਮਣੇ ਹੈ।...(ਚਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।