ਕਲੀਨ ਸਿਟੀ ਆਫ਼ ਨਾਰਥ ਬਣਿਆ ਸ਼ਹਿਰ ਭਾਦਸੋਂ

Kajal Kaushik
Last Updated: May 17 2018 13:02

ਪਟਿਆਲਾ ਜ਼ਿਲ੍ਹਾ ਅੰਦਰ ਪੈਂਦਾ ਸ਼ਹਿਰ ਭਾਦਸੋਂ ਇੱਕ ਵਾਰ ਫ਼ੇਰ ਸਵੱਛਤਾ ਸਰਵੇਖਣ 'ਚ ਬਾਜ਼ੀ ਮਾਰ ਗਿਆ ਹੈ। ਸ਼ਹਿਰ ਨੂੰ ਕਲੀਨ ਸਿਟੀ ਆਫ ਨਾਰਥ ਦਾ ਖਿਤਾਬ ਮਿਲ ਗਿਆ ਹੈ, ਜਿਸ ਨਾਲ ਸ਼ਹਿਰ ਦੇ ਲੋਕ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਹਨ। ਸ਼ਹਿਰ ਦੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਸਨਮਾਨ ਨੂੰ ਸ਼ਹਿਰ ਲਈ ਹਾਸਲ ਕਰਨ ਵਿੱਚ ਸਰਕਾਰੀ, ਗੈਰ ਸਰਕਾਰੀ ਅਤੇ ਆਮ ਲੋਕਾਂ ਨੇ ਮਿਲ ਕੇ ਕੰਮ ਕੀਤਾ ਹੈ ਤਾਂ ਹੀ ਅੱਜ 1 ਲੱਖ ਤੋਂ ਘੱਟ ਵਾਲੇ ਭਾਦਸੋਂ ਕਸਬੇ ਨੂੰ ਪੂਰੇ ਉੱਤਰ ਭਾਰਤ ਵਿੱਚ ਸਫਾਈ ਦੇ ਮਾਮਲੇ ਵਿੱਚ ਪਹਿਲੇ ਨੰਬਰ ਤੇ ਰੱਖਿਆ ਗਿਆ ਹੈ। ਸ਼ਹਿਰ ਦੀ ਸਮਾਜਿਕ ਸੰਸਥਾ ਸਾਫ਼ ਵਾਤਾਵਰਣ ਟ੍ਰਸਟ ਦੇ ਮੈਂਬਰ ਹਰੀਸ਼ ਕੁਮਾਰ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜੇਕਰ ਇਸ ਟੈਗ ਦਾ ਕਰੈਡਿਟ ਕਿਸੇ ਨੂੰ ਸਭ ਤੋਂ ਪਹਿਲਾਂ ਜਾਣਾ ਚਾਹੀਦਾ ਹੈ ਤਾਂ ਉਹ ਹਨ ਸ਼ਹਿਰ ਵਾਸੀ, ਜਿਨ੍ਹਾਂ ਨੇ ਸਰਵੇਖਣ ਦੌਰਾਨ ਹਰ ਤਰੀਕੇ ਨਾਲ ਪ੍ਰਸ਼ਾਸਨ ਦੀ ਸਫ਼ਾਈ ਕਰਣ 'ਚ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਵੇਖਣ ਤੋਂ ਪਹਿਲਾਂ ਅਤੇ ਦੌਰਾਨ ਭਾਦਸੋਂ ਹੀ ਉੱਤਰ ਭਾਰਤ ਦਾ ਉਹ ਸ਼ਹਿਰ ਸੀ, ਜਿਸਨੇ ਸਰਵੇਖਣ ਐਪ ਨੂੰ ਡਾਊਨਲੋਡ ਕਰਨ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਸੀ। ਭਾਦਸੋਂ ਵਾਸੀਆਂ ਨੇ ਇਸ ਸਬੰਧ 'ਚ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਦਿਨ ਰਾਤ ਇੱਕ ਕਰਕੇ ਉਨ੍ਹਾਂ ਵੱਲੋਂ ਸ਼ਹਿਰ ਦੀ ਕੀਤੀ ਸਫ਼ਾਈ ਕੰਮ ਆਈ ਅਤੇ ਸ਼ਹਿਰ ਸਫ਼ਾਈ ਦੇ ਮਾਮਲੇ 'ਚ ਉੱਤਰੀ ਰਾਜਾ ਬਣ ਕੇ ਸਾਹਮਣੇ ਆਇਆ ਹੈ।