ਰਿਸ਼ਵਤ ਲੈਂਦੇ ਵਿਜੀਲੈਂਸ ਨੇ ਕੀਤੇ 2 ਗ੍ਰਿਫ਼ਤਾਰ

Last Updated: May 17 2018 12:53

ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਨੇ 2 ਵਿਅਕਤੀਆਂ ਨੂੰ ਰਿਸ਼ਵਤ ਲੈਣ ਲਈ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਰਾਕੇਸ਼ ਕੁਮਾਰ ਮੁਲਾਜ਼ਮ ਬਿਜਲੀ ਵਿਭਾਗ ਅਤੇ ਦੀਪਕ ਗੋਇਲ ਉਰਫ਼ ਦੀਪੂ ਵਾਸੀ ਪਾਤੜਾਂ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਪਾਤੜਾਂ ਥਾਣੇ 'ਚ ਉਕਤ ਵਿਅਕਤੀਆਂ ਖ਼ਿਲਾਫ਼ ਭਾਰਤੀ ਢੰਡ ਪ੍ਰਣਾਲੀ ਦੀ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਮਨ ਸਿੰਘ ਵਾਸੀ ਪਾਤੜਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਨੇ ਆਪਣੇ ਪਿੰਡ ਘੱਗਾ 'ਚ ਆਪਣੇ ਘਰ ਵਿਖੇ ਆਟਾ ਚੱਕੀ ਲਗਵਾਉਣ ਲਈ ਬਿਜਲੀ ਦਾ ਕੁਨੈਕਸ਼ਨ ਲੈਣਾ ਸੀ, ਜਿਸ ਲਈ ਉਕਤ ਮੁਲਜ਼ਮ ਦੀਪਕ ਸ਼ਿਕਾਇਤਕਰਤਾ ਨੂੰ ਮੁਲਜ਼ਮ ਰਾਕੇਸ਼ ਕੋਲ ਲੈ ਗਿਆ ਅਤੇ ਦੋਵਾਂ ਨੇ ਸਰਕਾਰੀ ਫੀਸ ਦੇ ਨਾਲ-ਨਾਲ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਾਂਚ ਅਧਿਕਾਰੀ ਹਰਮਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੇ ਨਾਲ ਮਿਲ ਕੇ ਮੁਲਜ਼ਮਾਂ ਲਈ ਟਰੈਪ ਵਿਛਾਇਆ ਅਤੇ ਦੋਵਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।