ਵਿਜੀਲੈਂਸ ਬਿਊਰੋ ਨੇ ਪੰਜਾਬ ਨਰਸਿੰਗ ਕਾਉਂਸਿਲ ਦੀ ਸੀਨੀਅਰ ਸਹਾਇਕ ਨੂੰ ਨੱਪ ਲਿਆ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ, ਪਰਚਾ ਦਰਜ

Last Updated: May 17 2018 12:38

ਨਰਸਿੰਗ ਇੰਸਟੀਚਿਊਟ ਨੂੰ ਐਫਲੀਏਸ਼ਨ ਸਰਟੀਫਿਕੇਟ ਜਾਰੀ ਕਰਨ ਦੀ ਆੜ 'ਚ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਵਿਜ਼ੀਲੈਂਸ ਬਿਊਰੋ ਰੇਂਜ਼ ਯੂਨਿਟ ਮੋਹਾਲੀ ਦੀ ਫਲਾਇੰਗ ਸੁਕਾਇਡ ਟੀਮ ਵੱਲੋਂ ਪੰਜਾਬ ਨਰਸਿੰਗ ਕਾਉਂਸਲ ਦਫਤਰ ਦੀ ਸੀਨੀਅਰ ਸਹਾਇਕ ਨੂੰ ਰੰਗੇਹੱਥੀਂ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੀ ਗਈ ਕਥਿਤ ਆਰੋਪੀ ਸੀਨੀਅਰ ਸਹਾਇਕ ਦਰਸ਼ੀ ਦੇਵੀ ਵਾਸੀ ਮੋਹਾਲੀ ਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਇਲਜ਼ਾਮ ਅਧੀਨ ਵਿਜੀਲੈਂਸ ਬਿਊਰੋ ਥਾਣਾ ਫਲਾਇੰਗ ਸੁਕਾਇਡ-ਰੇਂਜ਼ ਮੋਹਾਲੀ 'ਚ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮਾਮਲੇ ਸਬੰਧੀ ਵਿਜੀਲੈਂਸ ਬਿਊਰੋ ਰੇਂਜ਼ ਐਸ.ਏ.ਐਸ ਨਗਰ (ਮੋਹਾਲੀ) ਦੇ ਐਸਐਸਪੀ ਪਰਮਜੀਤ ਸਿੰਘ ਵਿਰਕ ਨੇ ਦਾਅਵਾ ਕਰਦੇ ਦੱਸਿਆ ਕਿ ਸ਼ਿਕਾਇਤਕਰਤਾ ਸਵਰਨ ਪ੍ਰਕਾਸ਼ ਵਾਸੀ ਮੌੜ ਮੰਡੀ ਨੇ ਵਿਜੀਲੈਂਸ ਬਿਊਰੋ ਪਾਸ ਸ਼ਿਕਾਇਤ ਕੀਤੀ ਸੀ ਕਿ ਉਹ ਮੌੜ ਮੰਡੀ ਇਲਾਕੇ 'ਚ ਸਰਸਵਤੀ ਇੰਸਟੀਚਿਊਟ ਆਫ਼ ਨਰਸਿੰਗ ਨਾਮਕ ਸੰਸਥਾ ਚਲਾਉਂਦਾ ਹੈ। ਸਤੰਬਰ 2017 'ਚ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦੀ ਟੀਮ ਵੱਲੋਂ ਇਸ ਸੰਸਥਾ ਦੀ ਇੰਸਪੈਕਸ਼ਨ ਕੀਤੀ ਗਈ ਸੀ। ਇੰਸਪੈਕਸ਼ਨ ਦੌਰਾਨ ਸੰਸਥਾ ਵੱਲੋਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਨਰਸਿੰਗ ਕਾਉਂਸਿਲ ਦਫਤਰ ਵੱਲੋਂ ਐਫਲੀਏਸ਼ਨ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਰਿਹਾ ਸੀ।

ਐਸਐਸਪੀ ਵਿਰਕ ਵੱਲੋਂ ਦੱਸੇ ਜਾਣ ਮੁਤਾਬਕ ਸ਼ਿਕਾਇਤਕਰਤਾ ਸਵਰਨ ਪ੍ਰਕਾਸ਼ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਵੱਲੋਂ ਐਫਲੀਏਸ਼ਨ ਸਰਟੀਫਿਕੇਟ ਹਾਸਲ ਕਰਨ ਸਬੰਧੀ ਕਈ ਵਾਰ ਨਰਸਿੰਗ ਕਾਉਂਸਿਲ ਦਫ਼ਤਰ ਕੋਲ ਪਹੁੰਚ ਕੀਤੀ ਗਈ, ਪਰ ਉਸ ਨੂੰ ਕੋਈ ਨਾ ਕੋਈ ਬਹਾਨਾ ਲਗਾ ਕੇ ਟਾਲ ਦਿੱਤਾ ਜਾਂਦਾ ਸੀ। ਬੀਤੇ ਦਿਨੀਂ ਜਦੋਂ ਉਹ ਸਰਟੀਫਿਕੇਟ ਹਾਸਲ ਦੇ ਸਬੰਧ 'ਚ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦਫ਼ਤਰ ਮੈਡੀਕਲ ਭਵਨ ਸੈਕਟਰ 69 'ਚ ਤਾਇਨਾਤ ਸੀਨੀਅਰ ਸਹਾਇਕ ਦਰਸ਼ੀ ਦੇਵੀ (ਜੋ ਇਸ ਨੂੰ ਡੀਲ ਕਰਦੀ ਸੀ) ਨੂੰ ਮਿਲਿਆ ਤਾਂ ਉਸ ਨੇ ਐਫਲੀਏਸ਼ਨ ਸਰਟੀਫਿਕੇਟ ਜਾਰੀ ਕਰਨ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸਦੇ ਬਾਅਦ ਸ਼ਿਕਾਇਤਕਰਤਾ ਨੇ ਸੀਨੀਅਰ ਸਹਾਇਕ ਨਾਲ ਰਿਸ਼ਵਤ ਦੇਣ ਦੀ ਗੱਲ ਤੈਅ ਕਰਨ ਬਾਅਦ ਵਿਜੀਲੈਂਸ ਬਿਊਰੋ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ।

ਐਸਐਸਪੀ ਵਿਰਕ ਨੇ ਅੱਗੇ ਦੱਸਿਆ ਸ਼ਿਕਾਇਤਕਰਤਾ ਸਵਰਨ ਪ੍ਰਕਾਸ਼ ਵੱਲੋਂ ਕੀਤੀ ਸ਼ਿਕਾਇਤ ਦੇ ਬਾਅਦ ਵਿਜੀਲੈਂਸ ਬਿਊਰੋ ਦੇ ਡੀਐਸਪੀ ਰਵਿੰਦਰ ਸਿੰਘ ਅਤੇ ਇੰਸਪੈਕਟਰ ਸਤਵੰਤ ਸਿੰਘ ਤੇ ਇੰਸਪੈਕਟਰ ਪਰਮਜੀਤ ਕੌਰ ਵੱਲੋਂ ਟੀਮ ਮੈਂਬਰਾਂ ਸਮੇਤ ਲਗਾਏ ਗਏ ਟਰੈਪ ਦੇ ਬਾਅਦ ਸਰਕਾਰੀ ਗਵਾਹਾਂ ਮਦਨ ਲਾਲ ਐਗਰੀਕਲਚਰ ਸਬ ਇੰਸਪੈਕਟਰ ਅਤੇ ਸੁੱਚਾ ਸਿੰਘ ਐਗਰੀਕਲਚਰ ਐਕਸਟੈਨਸ਼ਨ ਅਫ਼ਸਰ ਐਸ.ਏ.ਐਸ ਨਗਰ ਦੀ ਹਾਜ਼ਰੀ 'ਚ ਨਰਸਿੰਗ ਕਾਉਂਸਿਲ ਦਫਤਰ ਦੀ ਸੀਨੀਅਰ ਸਹਾਇਕ ਦਰਸ਼ੀ ਦੇਵੀ ਨੂੰ ਸ਼ਿਕਾਇਤਕਰਤਾ ਪਾਸੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰਜਿਸਟਰਾਰ ਪੰਜਾਬ ਨਰਸਿੰਗ ਕਾਉਂਸਿਲ ਦਫ਼ਤਰ 'ਚੋਂ ਰੰਗੇਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੇ ਕਬਜ਼ੇ 'ਚੋਂ ਬਤੌਰ ਰਿਸ਼ਵਤ ਲਈ ਗਈ ਨਗਦੀ ਨੂੰ ਬਰਾਮਦ ਕਰ ਲਿਆ ਗਿਆ ਹੈ, ਜਿਸਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਵਿਜੀਲੈਂਸ ਟੀਮ 'ਚ ਏ.ਐਸ.ਆਈ. ਕਸ਼ਮੀਰ ਸਿੰਘ, ਰਪਿੰਦਰ ਕੌਰ, ਐਚ.ਸੀ. ਭੁਪਿੰਦਰ ਸਿੰਘ ਅਤੇ ਸੀ-2 ਰਸ਼ਪਿੰਦਰ ਸਿੰਘ ਆਦਿ ਸ਼ਾਮਲ ਸਨ।