ਜੇ ਆਮ ਨਾਗਰਿਕ ਤੋੜੇ ਨਿਯਮ ਤਾਂ ਹੋਵੇ ਕਾਨੂੰਨੀ ਕਾਰਵਾਈ, ਜੇ ਸਰਮਾਏਦਾਰ ਤੋੜਣ ਨਿਯਮ ਤਾਂ...

Last Updated: May 17 2018 12:25

ਜੇ ਆਮ ਨਾਗਰਿਕ ਨਿਯਮ ਤੋੜਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਿਕ ਸ਼ਿਕੰਜਾ ਕੱਸਿਆ ਜਾਂਦਾ ਹੈ, ਪਰ ਜੇ ਸਰਮਾਏਦਾਰਾਂ ਨੂੰ ਲਾਭ ਪਹੁੰਚਾਉਣ ਵਾਸਤੇ ਨਿਯਮ ਤੋੜੇ ਜਾਣ ਤਾਂ ਫਿਰ 'ਰੱਬ ਹੀ ਰਾਖਾ' ਹੋ ਸਕਦੈ। ਤਾਜਾ ਮਿਸਾਲ ਬਠਿੰਡਾ ਤੋਂ ਅੰਮ੍ਰਿਤਸਰ ਤੱਕ ਉਸਾਰੇ ਗਏ ਚਾਰ ਮਾਰਗੀ ਰਾਸ਼ਟਰੀ ਰਾਜ ਮਾਰਚ-54 'ਤੇ ਤਲਵੰਡੀ ਭਾਈ ਨੇੜੇ ਪਿੰਡ ਕੋਟ ਕਰੋੜ ਕਲਾਂ ਵਿਖੇ ਲਗਾਏ ਗਏ ਟੋਲ ਪਲਾਜ਼ੇ ਤੋਂ ਮਿਲਦੀ ਹੈ। ਜਿਸ ਨਾਲ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਲੋਕਾਂ ਤੋਂ ਕਥਿਤ ਤੌਰ 'ਤੇ ਅੰਨੀਂ ਲੁੱਟ ਦਾ ਰਾਹ ਖੁੱਲ ਗਿਆ ਹੈ। ਦੱਸਣਯੋਗ ਹੈ ਕਿ ਨਿਯਮਾਂ ਮੁਤਾਬਿਕ ਕਿਸੇ ਵੀ ਨਗਰ ਨਿਗਮ, ਨਗਰ ਕੌਂਸਲ ਜਾਂ ਫਿਰ ਨਗਰ ਪੰਚਾਇਤ ਦੀ ਹਦੂਦ ਤੋਂ ਪੰਜ ਕਿੱਲੋਮੀਟਰ ਤੱਕ ਟੋਲ ਨਾਕਾ ਨਹੀਂ ਲਗਾਇਆ ਜਾ ਸਕਦਾ, ਪਰ ਪਿੰਡ ਕੋਟ ਕਰੋੜ ਕਲਾਂ ਦੇ ਕੋਲ ਸਥਾਪਤ ਕੀਤੇ ਗਏ ਟੋਲ ਨਾਕੇ ਦੀ ਦੂਰੀ ਨਗਰ ਕੌਂਸਲ ਤਲਵੰਡੀ ਭਾਈ ਦੀ ਹਦੂਦ ਤੋਂ 4 ਕਿੱਲੋਮੀਟਰ ਬਣਦੀ ਹੈ।

ਜਿਸਦੇ ਚੱਲਦਿਆਂ ਨਿਯਮਾਂ ਮੁਤਾਬਿਕ ਇੱਥੇ ਕਿਸੇ ਵੀ ਹਾਲਤ ਵਿੱਚ ਟੋਲ ਨਾਕਾ ਨਹੀਂ ਲਗਾਇਆ ਜਾ ਸਕਦਾ ਸੀ। ਪਤਾ ਲੱਗਿਆ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਦੀ ਇੱਕ ਟੀਮ ਵੱਲੋਂ ਟੋਲ ਪਲਾਜ਼ੇ 'ਤੇ ਇਤਰਾਜ ਲਗਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਇਸ ਟੋਲ ਪਲਾਜ਼ੇ ਨੂੰ ਅੰਦਰਖਾਤੇ ਮਨਜੂਰੀ ਦੇ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਪ੍ਰਕਾਸ਼ਿਤ ਹੋਣ ਉਪਰੰਤ ਉਕਤ ਟੋਲ ਪਲਾਜ਼ਾ ਅੱਜ ਤੋਂ ਆਰੰਭ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮੱਖੂ ਵਿੱਚ ਉਕਤ ਰੋਡ ਅਜੇ ਤੱਕ ਅਣ-ਕੰਪਲੀਟ ਹੈ, ਜਿਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਅਣ-ਕੰਪਲੀਟ ਰੋਡ 'ਤੇ ਟੈਕਸ ਨਹੀਂ ਵਸੂਲਿਆ ਜਾ ਸਕਦਾ। ਯਾਦ ਰਹੇ ਕਿ ਬਠਿੰਡਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ ਇਸ ਕੌਮੀਸ਼ਾਹ ਮਾਰਗ 'ਤੇ ਤਿੰਨ ਟੋਲ ਬੈਰੀਅਰ ਬਣਾਏ ਗਏ ਹਨ। ਇਸ ਤੋਂ ਇਲਾਵਾ ਇੱਕ ਤਲਵੰਡੀ ਭਾਈ ਨੇੜੇ, ਦੂਜਾ ਬਠਿੰਡਾ ਅਤੇ ਤੀਜਾ ਨੌਸ਼ਹਿਰਾ ਪਨੂੰਆ (ਅੰਮ੍ਰਿਤਸਰ) ਵਿੱਚ ਵੀ ਬੈਰੀਅਰ ਚਾਲੂ ਹੋ ਗਏ ਹਨ।

ਤਲਵੰਡੀ ਭਾਈ ਨੇੜੇ ਪੈਂਦੇ ਪਿੰਡ ਕੋਟ ਕਰੋੜ ਕਲਾਂ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਉਕਤ ਕੰਪਨੀ ਵੱਲੋਂ ਹਰ ਮਹੀਨੇ ਪਾਸ ਦੀ ਰੱਖੀ ਫੀਸ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਵੇਖਿਆ ਜਾਵੇ ਤਾਂ ਭਾਵੇਂਕਿ ਨਿਯਮ ਤੋੜ ਕੇ ਸਥਾਪਤ ਕੀਤੇ ਗਏ ਇਸ ਟੋਲ ਪਲਾਜ਼ਾ 'ਤੇ ਨਗਰ ਕੌਂਸਲ ਤਲਵੰਡੀ ਭਾਈ ਦੀ ਹਦੂਦ ਅੰਦਰਲੇ ਲੋਕਾਂ ਨੂੰ ਟੋਲ ਮੁਕਤ ਕਰਨ ਦੀ ਤਜਵੀਜ਼ ਲਿਆਂਦੀ ਗਈ, ਪਰ ਇਸ ਟੋਲ ਪਲਾਜ਼ਾ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਅਜਿਹੇ ਕੋਈ ਵਿਵਸਥਾ ਨਹੀਂ ਕੀਤੀ ਗਈ, ਇੱਥੋਂ ਤੱਕ ਕਿ ਪਿੰਡ ਕੋਟ ਕਰੋੜ ਕਲਾਂ ਜਿੱਥੋਂ ਦੀ ਹੱਦ ਵਿੱਚ ਇਹ ਟੋਲ ਲਗਾਇਆ ਗਿਆ ਹੈ, ਉੱਥੋਂ ਦੇ ਲੋਕਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ। ਉਕਤ ਪਿੰਡ ਦੇ ਲੋਕ ਵੀ ਆਪਣੇ ਵੀਹਕਲ ਲੈ ਕੇ ਘਰੋਂ ਬਾਹਰ ਨਿਕਲਣਗੇ ਤਾਂ ਉਨ੍ਹਾਂ ਨੂੰ ਟੋਲ ਰੈਂਟ ਦੀ ਆੜ ਹੇਠ ਜਜੀਆ ਅਦਾ ਕਰਨਾ ਪਵੇਗਾ। ਇਸ ਸਬੰਧੀ ਟੋਲ ਪਲਾਜ਼ਾ ਦੇ ਮੈਨੇਜਰ ਅਮਿਤ ਸੇਠ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਤੋਂ 20 ਕਿੱਲੋਮੀਟਰ ਦੇ ਘੇਰੇ ਅੰਦਰਲੇ ਲੋਕਾਂ ਨੂੰ ਘੱਟ ਰੇਟ 'ਤੇ ਪਾਸ ਬਣਾ ਕੇ ਦਿੱਤੇ ਜਾਣਗੇ।