ਭਗੌੜਾ ਸਟਾਫ ਵੱਲੋਂ 7 ਕੇਸਾਂ ਦੇ 6 ਭਗੌੜਿਆਂ ਨੂੰ ਕਾਬੂ ਕਰਨ ਦਾ ਦਾਅਵਾ

Last Updated: May 17 2018 11:53

ਪਟਿਆਲਾ ਦੇ ਭਗੌੜਾ ਸਟਾਫ ਪੁਲਿਸ ਨੇ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵੱਲੋਂ ਦਰਜ਼ ਕੀਤੇ ਗਏ 7 ਕੇਸਾਂ ਵਿੱਚ ਭਗੌੜੇ ਚੱਲ ਰਹੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿੱਚ ਪਟਿਆਲਾ ਦੇ ਭਗੌੜਾ ਸਟਾਫ ਪੁਲਿਸ ਦੇ ਇੰਚਾਰਜ ਥਾਣੇਦਾਰ ਕਰਮਚੰਦ ਨੇ ਦੱਸਿਆ ਕਿ ਇਨ੍ਹਾਂ ਸਾਰੇ ਭਗੌੜਿਆਂ ਨੂੰ ਫੜਨ ਤੋਂ ਇਲਾਵਾ ਉਨ੍ਹਾਂ ਨੇ ਇੱਕ ਕੇਸ ਨੂੰ ਹੱਲ ਵੀ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਫੜੇ ਗਏ ਭਗੌੜਿਆਂ ਵਿੱਚ ਥਾਣਾ ਸਦਰ ਪਟਿਆਲਾ ਵਿਖੇ ਦਰਜ਼ ਕੇਸ ਵਿੱਚ ਚੱਲ ਰਹੇ ਬਹਾਦਰਗੜ੍ਹ ਵਾਸੀ ਜਸਵੀਰ ਸਿੰਘ, ਥਾਣਾ ਸਿਵਲ ਲਾਈਨ ਪਟਿਆਲਾ 'ਚ ਦਰਜ਼ ਕੇਸ ਦੀ ਭਗੌੜੀ ਗਰਿੱਡ ਕਲੋਨੀ ਵਾਸੀ ਗੀਤਾ ਰਾਣੀ ਅਤੇ ਕੁੰਵਰ ਸਿੰਘ, ਥਾਣਾ ਸਨੌਰ ਦੇ ਭਗੌੜੇ ਪਿੰਡ ਸਰੁਸਤੀਗੜ੍ਹ ਵਾਸੀ ਮਲਕੀਤ ਸਿੰਘ, ਥਾਣਾ ਅਨਾਜ ਮੰਡੀ ਦੇ ਭਗੌੜੇ ਬਾਜਵਾ ਕਲੋਨੀ ਵਾਸੀ ਓਰਮਪਾਲ ਸਿੰਘ, ਥਾਣਾ ਕੋਤਵਾਲੀ ਪੁਲਿਸ ਦੇ ਭਗੌੜੇ ਪਿੰਡ ਸ਼ੇਖਪੁਰਾ ਵਾਸੀ ਇੰਦਰਜੀਤ ਸਿੰਘ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਹੈ। ਥਾਣੇਦਾਰ ਕਰਮਚੰਦ ਅਨੁਸਾਰ ਇਸ ਤੋਂ ਇਲਾਵਾ ਉਨ੍ਹਾਂ ਨੇ ਥਾਣਾ ਸਦਰ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ 'ਚ ਨਾਮਜ਼ਦ ਕੀਤੇ ਗਏ ਲੁਧਿਆਣਾ ਦੇ ਪਿੰਡ ਨੰਗਲ ਖੁਰਦ ਵਾਸੀ ਈਸ਼ਵਰ ਸਿੰਘ ਜੋ ਕਿ ਭਗੌੜਾ ਹੋ ਗਿਆ ਸੀ ਉਸ ਨੂੰ ਵੀ ਗ੍ਰਿਫ਼ਤਾਰ ਕਰਕੇ ਇਹ ਕੇਸ ਵੀ ਹੱਲ ਕਰ ਲਿਆ ਹੈ।