(Exclusive Story) ਨਹਿਰ 'ਚ ਡਿੱਗੇ ਕੁੱਤੇ ਨੂੰ ਬਚਾਉਣਾ ਪਿਆ ਮਹਿੰਗਾ : ਦੋ ਨੌਜਵਾਨ ਕੁੱਤੇ ਦੇ ਨਾਲ ਹੀ ਪਾਣੀ 'ਚ ਗੁਆਚੇ

Last Updated: May 17 2018 11:36

ਪਟਿਆਲਾ ਵਾਸੀ ਦੋ ਚਚੇਰੇ ਭਰਾਵਾਂ ਨੂੰ ਕੁੱਤਾ ਪਾਲਣ ਦਾ ਸ਼ੌਕ ਇੰਨਾ ਮਹਿੰਗਾ ਪਿਆ ਕਿ ਇਸ ਸ਼ੌਕ ਨੇ ਉਨ੍ਹਾਂ ਦੀ ਜਾਨ ਲੈ ਲਈ। ਇਹ ਦੋਵੇਂ ਭਰਾ ਕੁੱਤੇ ਨੂੰ ਘੁਮਾਉਣ ਲਈ ਨਹਿਰ ਦੇ ਕੰਢੇ ਤੁਰੇ ਜਾ ਰਹੇ ਸਨ ਕਿ ਅਚਾਨਕ ਕੁੱਤਾ ਭੁੜਕ ਕੇ ਨਹਿਰ 'ਚ ਜਾ ਡਿੱਗਾ। ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇਹ ਦੋਵੇਂ ਨੌਜਵਾਨ ਵੀ ਪਾਣੀ ਦੇ ਤੇਜ਼ ਬਹਾਅ ਵਿੱਚ ਗੁਆਚ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਰਖਾਣ ਮਜਰਾ ਦੇ ਰਹਿਣ ਵਾਲੇ 21 ਸਾਲ ਨੌਜਵਾਨ ਜੌਨੀ ਤੇ ਪਿੰਡ ਜੱਸੋਵਾਲ ਦੇ ਰਹਿਣ ਵਾਲੇ 19 ਸਾਲਾਂ ਮੋਨੂੰ ਦੋਵੇਂ ਕਬਾੜ ਇਕੱਠਾ ਕਰਨ ਦਾ ਕੰਮ ਕਰਦੇ ਸਨ ਤੇ ਦੋਵੇਂ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਘਟਨਾ ਤੋਂ ਕੁਝ ਦੇਰ ਪਹਿਲਾਂ ਹੀ ਇਹ ਦੋਵੇਂ ਕੰਮ ਤੋਂ ਵਾਪਸ ਆਏ ਸਨ ਤੇ ਆਉਣ ਸਾਰ ਕੁੱਤਾ ਘੁਮਾਉਣ ਪਿੰਡ ਦੇ ਲਾਗੇ ਪੈਂਦੀ ਨਹਿਰ ਦੇ ਕਿਨਾਰੇ ਨਿਕਲ ਪਏ।

ਅਜੇ ਉਹ ਕੁਝ ਦੂਰ ਹੀ ਗਏ ਸਨ ਕਿ ਕੁੱਤਾ ਉਨ੍ਹਾਂ ਤੋਂ ਛੁੱਟ ਕੇ ਅੱਗੇ-ਅੱਗੇ ਭੱਜ ਲਿਆ ਤੇ ਅਚਾਨਕ ਭੁੜਕ ਕੇ ਨਹਿਰ 'ਚ ਜਾ ਡਿੱਗਾ। ਮੌਕੇ ਤੋਂ ਗੁਜਰ ਰਹੇ ਰਾਹਗੀਰਾਂ ਅਨੁਸਾਰ ਕੁੱਤੇ ਨੂੰ ਬਚਾਉਣ ਲਈ ਮੋਨੂੰ ਰੱਸੀ ਦਾ ਇੱਕ ਸਿਰਾ ਬਾਹਰ ਕਿਨਾਰੇ ਤੇ ਖੜ੍ਹੇ ਜੋਨੀ ਨੂੰ ਫੜਾ ਆਪ ਨਹਿਰ ਵਿੱਚ ਉਤਰ ਗਿਆ। ਇਸ ਦੌਰਾਨ ਅਚਾਨਕ ਰੱਸੀ ਟੁੱਟ ਗਈ ਤੇ ਬਾਹਰ ਖੜ੍ਹੇ ਜੌਨੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਵੀ ਨਹਿਰ ਵਿੱਚ ਜਾ ਡਿੱਗਾ। ਸ਼ਰ-ਸ਼ਰ ਕਰਦੇ ਭਾਖੜਾ ਦੇ ਪਾਣੀ ਨੇ ਜੌਨੀ, ਮੋਨੂੰ ਅਤੇ ਕੁੱਤੇ ਤਿੰਨਾਂ ਨੂੰ ਆਪਣੇ ਅੰਦਰ ਸਮਾ ਲਿਆ।

ਪਾਣੀ ਦਾ ਬਹਾਅ ਇੰਨਾਂ ਤੇਜ਼ ਸੀ ਕਿ ਉਸ ਤੋਂ ਬਾਅਦ ਕੁੱਤਾ ਤਾਂ ਕੀ ਲੱਭਣਾ ਸੀ ਮੁੜ ਕੇ ਮੋਨੂੰ ਤੇ ਜੌਨੀ ਵੀ ਤੇਜ਼ੀ ਨਾਲ ਪਾਣੀ ਵਿੱਚ ਅਲੋਪ ਹੋ ਗਏ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਕੁੱਤਾ ਬਚਾਉਣ ਦੇ ਚੱਕਰ ਵਿੱਚ ਤਾਂ ਨਹਿਰ ਦੇ ਵਿੱਚ ਦੋ ਨੌਜਵਾਨਾਂ ਨੇ ਛਾਲ ਮਾਰ ਛੱਡੀ ਸੀ, ਪਰ ਦੋ ਇਨਸਾਨਾਂ ਨੂੰ ਬਚਾਉਣ ਲਈ ਕਿਸੇ ਨੇ ਵੀ ਪੈਰ ਅੱਗੇ ਨਹੀਂ ਪੁੱਟਿਆ।

ਇੱਥੇ ਕੁਦਰਤ ਦਾ ਇਹ ਗੰਦਾ ਮਜ਼ਾਕ ਵੀ ਦੇਖੋ ਕਿ ਹੁਣ ਕੁੱਤੇ ਰੱਖਣੇ ਵੀ ਅਮੀਰਾਂ ਦੇ ਹੀ ਸ਼ੌਂਕ ਰਹਿ ਗਏ ਹਨ, ਉਨ੍ਹਾਂ ਦੇ ਨਸੀਬਾਂ ਵਿੱਚ ਹੀ ਕੁੱਤੇ ਘਮਾਉਣਾ ਹੈ ਅਤੇ ਜਦੋਂ ਇਸ ਕਲਯੁਗੀ ਕੁਦਰਤੀ ਸੰਤੁਲਨ ਨੂੰ ਵਿਗਾੜਨ ਦੀ ਕੋਸ਼ਿਸ਼ ਜੌਨੀ ਅਤੇ ਮੋਨੂੰ ਨੇ ਕੀਤੀ ਤਾਂ ਧਰਤੀ ਨੇ ਬਦਲਾਅ ਦਾ ਪਹਿਲਾ ਪ੍ਰਮਾਣ, ਖੂਨ ਲੈ ਕੇ ਉਨ੍ਹਾਂ ਨੂੰ ਜਲਸਮਾਧੀ ਦੇ ਦਿੱਤੀ। ਕੀ ਕੁਦਰਤ ਦਾ ਇਹ ਇੱਕ ਭੱਦਾ ਮਜ਼ਾਕ ਸੀ? ਜਾਂ ਫੇਰ ਅਗਾਂਹ ਵਾਸਤੇ ਇੱਕ ਨਸਲਭੇਦੀ ਕੁਦਰਤ ਦੀ ਗਰੀਬਾਂ ਨੂੰ ਚੇਤਾਵਨੀ ਸੀ, "ਆਪਣੀ ਔਕਾਤ ਵਿੱਚ ਰਹੋ?"

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਹਰਮਿੰਦਰ ਸਿੰਘ ਅਨੁਸਾਰ ਪੁਲਿਸ ਇਨ੍ਹਾਂ ਦੋਵੇਂ ਨੌਜਵਾਨਾਂ ਤੇ ਕੁੱਤੇ ਦੀ ਤਲਾਸ਼ ਲਈ ਗੋਤਖੋਰਾਂ ਦੀ ਮਦਦ ਲੈ ਰਹੀ ਹੈ ਲੇਕਿਨ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਹੈ।