ਅਬੋਹਰ-ਫਾਜ਼ਿਲਕਾ ਸੜਕ ਉਸਾਰੀ ਮਾਮਲਾ, ਐਕਸੀਅਨ ਮੁਅੱਤਲ, ਕਈ ਅਧਿਕਾਰੀ ਕੀਤੇ ਚਾਰਜਸ਼ੀਟ

Last Updated: May 17 2018 11:18

ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅਬੋਹਰ-ਫਾਜ਼ਿਲਕਾ ਸੜਕ ਉਸਾਰੀ ਮਾਮਲੇ 'ਚ ਬੜੀ ਤੇਜੀ ਨਾਲ ਕਾਰਵਾਈ ਕਰਦੇ ਸਬੰਧਤ ਐਕਸੀਅਨ ਨੂੰ ਮੁਅੱਤਲ ਕਰ ਦਿੱਤਾ ਅਤੇ ਉਸਾਰੀ ਦੌਰਾਨ ਵਰਤੀ ਲਾਪਰਵਾਹੀ ਤੇ ਕੁਤਾਹੀ ਕਾਰਨ ਨਿਯਮ 10 ਦੇ ਤਹਿਤ ਨਿਗਰਾਨ ਇੰਜੀਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਦਕਿ ਸਬੰਧਤ ਐਸ.ਡੀ.ਈ ਤੇ ਜੂਨੀਅਰ ਇੰਜੀਨੀਅਰ ਨੂੰ ਵੀ ਨਿਯਮ 8 ਅਨੁਸਾਰ ਚਾਰਜਸ਼ੀਟ ਕੀਤਾ ਹੈ। ਮੰਤਰੀ ਵੱਲੋਂ ਬੀਤੇ ਦਿਨੀਂ ਅਬੋਹਰ ਪਹੁੰਚ ਕੇ ਅਬੋਹਰ-ਫਾਜ਼ਿਲਕਾ ਦੀ ਹੋਈ ਉਸਾਰੀ 'ਤੇ ਸਵਾਲੀਆ ਚਿੰਨ੍ਹ ਲਾਉਂਦੇ ਆਪਣੀ ਹਾਜ਼ਰੀ ਵਿੱਚ ਨਾਲ ਲਿਆਂਦੀ ਕੁਆਲਟੀ ਟੀਮ ਵੱਲੋਂ ਸੈਂਪਲਿੰਗ ਕਰਵਾਈ ਗਈ।

ਮੰਤਰੀ ਸਿੰਗਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਵਿੱਚ ਉੁਸਾਰੀ ਸਮਗਰੀ ਦੀ ਗੁਣਵੱਤਾ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਜਾਂ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੁਣਵੱਤਾ ਦੇ ਮਾਮਲੇ ਵਿੱਚ ਕੀਤੀ ਹਰ ਛੋਟੀ-ਵੱਡੀ ਬੇਨਿਯਮੀ ਨੂੰ ਸੰਜੀਦਗੀ ਨਾਲ ਲਿਆ ਜਾਵੇਗਾ ਤਾਂ ਜੋ ਜਾਨ-ਮਾਲ ਦੇ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਇੱਥੇ ਜ਼ਿਕਰਯੋਗ ਹੈ ਕਿ ਬੀਤੀ 14 ਮਈ ਨੂੰ ਲੋਕ ਨਿਰਮਾਣ ਮੰਤਰੀ ਨੇ ਵਿਭਾਗ ਦੇ ਸਕੱਤਰ ਹੁਸਨ ਲਾਲ ਅਤੇ ਕੁਆਲਟੀ ਕੰਟ੍ਰੋਲ ਟੀਮ ਦੇ ਸਹਿਯੋਗ ਨਾਲ ਅਬੋਹਰ-ਫਾਜ਼ਿਲਕਾ ਰੋਡ ਦੇ 6 ਕਿੱਲੋਮੀਟਰ ਦੇ ਨਵੇਂ ਹਿੱਸੇ ਵਾਲੀ ਸੜਕ ਉਸਾਰੀ ਦੇ ਕੰਮ ਦਾ ਜਾਇਜ਼ਾ ਲਿਆ ਸੀ।

ਕੁਆਲਟੀ ਕੰਟ੍ਰੋਲ ਟੀਮ ਨੇ ਉਸਾਰੀ ਵਿੱਚ ਵਰਤੇ ਗਏ ਸਾਮਾਨ ਜਿਵੇਂ ਲੁੱਕ ਟਾਈਲਾਂ ਆਦਿ ਸਮਗਰੀ ਦਾ ਜਾਇਜ਼ਾ ਲਿਆ। ਟੀਮ ਵੱਲੋਂ ਦਿੱਤੀ ਗਈ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਇਸ ਪ੍ਰਤੱਖ ਜਾਂਚ ਨੇ ਇਹ ਸਪੱਸ਼ਟ ਕਰ ਦਿੱਤਾ ਕਿ 10 ਦਿਨ ਪਹਿਲਾਂ ਵਰਤੀਆਂ ਗਈਆਂ ਟਾਈਲਾਂ ਵਿੱਚੋਂ ਬਹੁਤੀਆਂ ਟੁੱਟੀਆਂ ਤੇ ਤਿੜਕੀਆਂ ਹੋਈਆਂ ਸਨ। ਇਹ ਵੀ ਦੇਖਿਆ ਕਿ ਕਾਂਟਰੈਕਟ ਵਿੱਚ ਦਰਸਾਈ ਮਿਕਦਾਰ ਮੁਤਾਬਕ ਟਾਈਲਾਂ ਨੂੰ ਸਹੀ ਤਰੀਕੇ ਨਾਲ ਲਗਾਉਣ ਲਈ ਲੋੜੀਂਦੇ ਸੀਮਿੰਟ ਦੀ ਵਰਤੋਂ ਨਹੀਂ ਕੀਤੀ ਗਈ। ਮੌਕੇ ਤੋਂ ਲਏ ਗਏ ਸੈਂਪਲਾਂ ਨੂੰ ਰਿਸਰਚ ਲੈਬ ਵਿੱਚ ਭੇਜਿਆ ਗਿਆ ਅਤੇ ਮੁੱਢਲੀ ਜਾਂਚ ਤੋਂ ਬਾਅਦ ਮੌਕੇ ਤੋਂ ਲਏ ਦੋ ਸੈਂਪਲ ਮਾੜੀ ਗੁਣਵੱਤਾ ਦੇ ਪਾਏ ਗਏ। ਮੰਤਰੀ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੀ ਵਿਸਤ੍ਰਿਤ ਤਫਤੀਸ਼ ਅੱਗੇ ਕੀਤੀ ਜਾਵੇਗੀ ਅਤੇ ਠੇਕੇਦਾਰ ਦੇ ਖ਼ਿਲਾਫ਼ ਲੋੜੀਂਦੇ ਕਦਮ ਚੁੱਕੇ ਜਾਣਗੇ ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨੂੰ ਵੀ ਬਖ਼ਸਿਆ ਨਹੀਂ ਜਾਵੇਗਾ।