...ਤੇ ਹੁਣ ਮਧੂ ਮੱਖੀ ਦੇ 55 ਬੱਕਸੇ ਚੜੇ ਅੱਗ ਦੀ ਭੇਂਟ..!!!

Last Updated: May 17 2018 10:47

ਜਿੱਥੇ ਅੰਤਰਰਾਸ਼ਟਰੀ ਸ਼ਹਿਦ ਦੇ ਰੇਟ ਘੱਟ ਮਿਲਣ ਨਾਲ ਮਧੂ ਮੱਖੀ ਪਾਲਕ ਪਹਿਲੋਂ ਹੀ ਵਾਧੂ ਖਰਚਿਆਂ ਦੇ ਬੋਝ ਦੇ ਥੱਲੇ ਦੱਬਿਆ ਹੋਇਆ ਹੈ, ਉੱਥੇ ਹੀ ਇਸ ਵਾਰ ਅੱਗ ਲੱਗਣ ਨਾਲ ਮਧੂ ਮੱਖੀ ਪਾਲਕਾਂ ਦੇ ਮਧੂ ਮੱਖੀ ਸਮੇਤ ਬੱਕਸਿਆਂ ਦਾ ਨੁਕਸਾਨ ਹੋ ਰਿਹਾ ਹੈ। ਤਾਜਾ ਘਟਨਾ ਪਿੰਡ ਗੱਟਾ ਬਾਦਸ਼ਾਹ ਦੀ ਹੈ। ਜਿੱਥੇ ਦੇ ਮਧੂ ਮੱਖੀ ਪਾਲਕ ਜੋਗਾ ਸਿੰਘ ਵੱਲੋਂ ਪਿੰਡ ਗਾਮਾ ਮੁਰਾਦਾ ਦੇ ਜੰਗਲਾਤ ਵਿਭਾਗ ਦੇ ਸਫੈਦਿਆਂ ਵਿੱਚ ਰੱਖੇ 70 ਬੱਕਸਿਆਂ ਵਿੱਚੋਂ 55 ਬੱਕਸੇ ਅੱਗ ਦੇ ਭੇਂਟ ਚੜ ਗਏ। ਇਸ ਮੌਕੇ ਜੋਗਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬੀਤੀ ਦਰਮਿਆਨੀ ਰਾਤ ਨੂੰ ਜਸਵਿੰਦਰ ਸਿੰਘ ਪੁੱਤਰ ਗੁੱਜ਼ਰ ਸਿੰਘ ਵਾਸੀ ਜੱਲੇ ਵਾਲਾ ਨੇ ਜੰਗਲਾਤ ਵਿਭਾਗ ਦੇ ਨਾਲ ਲੱਗਦੀ ਆਪਣੀ ਮਾਲਕੀ ਜ਼ਮੀਨ ਤੇ ਕਣਕ ਦੇ ਨਾੜ ਨੂੰ ਬੇਪਰਵਾਹੀ ਨਾਲ ਅੱਗ ਲਗਾ ਕੇ ਆਪ ਘਰੇ ਚਲਿਆ ਗਿਆ।

ਜਿਸ ਕਾਰਨ ਅੱਗ ਜੰਗਲਾਤ ਵਿਭਾਗ ਦੇ ਦਰੱਖਤਾਂ ਨੂੰ ਲੱਗ ਗਈ ਅਤੇ ਦਰੱਖਤਾਂ ਵਿੱਚ ਰੱਖੇ ਉਸ ਦੇ 70 ਬੱਕਸਿਆਂ ਵਿੱਚੋਂ 55 ਬੱਕਸੇ ਸੜ ਕੇ ਸਵਾਹ ਹੋ ਗਏ। ਜੋਗਾ ਸਿੰਘ ਨੇ ਦੱਸਿਆ ਕਿ 55 ਬਕਸੇ ਸੜਣ ਨਾਲ ਉਸ ਦਾ ਕਰੀਬ ਸਾਢੇ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੂਜੇ ਪਾਸੇ ਜਸਵਿੰਦਰ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਉਸ ਨੇ ਅੱਗ ਨਹੀਂ ਲਗਾਈ। ਇਸ ਮਾਮਲੇ ਸਬੰਧੀ ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਕਾ ਵੇਖ ਕੇ ਸਫੈਦਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।