ਹੁਣ ਬੱਕਰੀਆਂ ਬਚਾਉਣਗੀਆਂ ਬੰਦਿਆਂ ਦੀ ਜਾਨ!! (ਨਿਊਜ਼ ਨੰਬਰ ਐਕਸਕਲਿਊਸਿਵ)

Last Updated: May 17 2018 10:32

ਸਦੀਆਂ ਤੋਂ ਮਨੁੱਖ਼ ਅਤੇ ਜਾਨਵਰ ਦਾ ਗੂੜਾ ਰਿਸ਼ਤਾ ਰਿਹਾ ਹੈ, ਇਹ ਗੱਲ ਵੱਖ਼ਰੀ ਹੈ ਕਿ, ਜਾਨਵਰਾਂ ਨੂੰ ਮਨੁੱਖ਼ ਨੇ ਹਮੇਸ਼ਾ ਹੀ ਆਪਣੇ ਫ਼ਾਇਦੇ ਲਈ ਇਸਤੇਮਾਲ ਕੀਤਾ ਹੈ। ਜਾਨਵਰ ਨੇ ਹਮੇਸ਼ਾ ਮਨੁੱਖ਼ ਲਈ ਕੰਮ ਕੀਤਾ ਹੈ, ਉਸਦੇ ਕੰਮ ਆਇਆ ਹੈ, ਜਦਕਿ ਮਨੁੱਖ ਨੇ ਕੇਵਲ ਉਹਨਾਂ ਪਸ਼ੂਆਂ ਅਤੇ ਜਾਨਵਰਾਂ ਨਾਲ ਹੀ ਦੋਸਤਾਨਾਂ ਨਿਭਾਇਆ ਹੈ, ਜਿਹੜੇ ਉਸਦੇ ਲਈ ਫ਼ਾਇਦੇ ਦਾ ਸੌਦਾ ਸਾਬਤ ਹੋਏ ਹਨ। ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ, ਸਦੀਆਂ ਤੋਂ ਜਾਨਵਰ ਅਤੇ ਪਸ਼ੂ ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ਼ ਦਾ ਆਹਾਰ ਤੱਕ ਵੀ ਬਣਦੇ ਆਏ ਹਨ।

ਅੱਜ ਦੇ ਵੀਹਵੀਂ ਸਦੀ ਵਿੱਚ ਜਦੋਂ ਸਾਈਂਸ ਬੇਹੱਦ ਤਰੱਕੀਆਂ ਤੇ ਹੈ, ਜਿਹੜੀ ਕਿ ਮਨੁੱਖ਼ ਨੂੰ ਚੰਦ ਅਤੇ ਮੰਗਲ ਤੱਕ ਵੀ ਲੈ ਜਾ ਚੁੱਕੀ ਹੈ ਲੇਕਿਨ ਬਾਵਜੂਦ ਇਸਦੇ ਜਾਨਵਰ ਅੱਜ ਵੀ ਇਨਸਾਨ ਦੇ ਨਾਲ ਖ਼ੜੇ ਨਜ਼ਰ ਆ ਰਹੇ ਹਨ। ਬੱਕਰੀਆਂ ਜਿਹਨਾਂ ਨੂੰ ਕਿ ਇਨਸਾਨ ਹੁਣ ਤੱਕ ਦੁੱਧ ਅਤੇ ਮੀਟ ਲਈ ਹੀ ਇਸਤੇਮਾਲ ਕਰਦਾ ਆਇਆ ਹੈ, ਹੁਣ ਉਹ ਇਨਸਾਨਾਂ ਦੀ ਜਾਨ ਵੀ ਬਚਾਉਣਗੀਆਂ ਅਤੇ ਉਹ ਵੀ ਆਪਣਾ ਖ਼ੂਨ ਦੇ ਕੇ।

ਜੀ ਹਾਂ, ਇਹ ਗੱਲ ਸੋਲਾਂ ਆਨੇ ਸੱਚ ਹੈ ਕਿਉਂਕਿ ਬੱਕਰੀਆਂ ਹੁਣ ਥੈਲੇਸੀਮੀਆ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਬੱਚਿਆਂ ਨੂੰ ਆਪਣਾ ਖ਼ੂਨ ਦੇ ਕੇ ਉਹਨਾਂ ਦਾ ਇਲਾਜ ਕਰਨਗੀਆਂ। ਥੈਲੇਸੀਮੀਆ ਨਾਮ ਦੀ ਇਹ ਬਿਮਾਰੀ ਖੂਨ ਨਾਲ ਸਬੰਧਿਤ ਹੈ ਤੇ, ਇਸ ਤੋਂ ਪੀੜਤ ਮਰੀਜ਼ਾਂ ਨੂੰ ਥੋੜੇ-ਥੋੜੇ ਸਮੇਂ ਬਾਅਦ ਖੂਨ ਚੜਾਉਣਾ ਪੈਂਦਾ ਹੈ ਪਰ ਹੁਣ ਲੁਧਿਆਣਾ ਵਿੱਚ ਬੱਕਰੀਆਂ ਦੇ ਖੂਨ ਨਾਲ ਇਸ ਬਿਮਾਰੀ ਦਾ ਟਾਕਰਾ ਕਰਨ ਲਈ ਇੱਕ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ। ਥੈਲੇਸੀਮੀਆ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਪੀੜਤ ਨੂੰ ਥੋੜੇ-ਥੋੜੇ ਦਿਨਾਂ ਬਾਅਦ ਹੀ ਨਵਾਂ ਖੂਨ ਚੜਾਉਣਾ ਪੈਂਦਾ ਹੈ ਤਾਂ ਜੋ, ਉਸ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਜਿਉਂਦਾ ਰੱਖਿਆ ਜਾ ਸਕੇ।

ਪਟਿਆਲਾ ਦੇ ਸਪੈਸ਼ਲ ਥੈਲੇਸੀਮੀਆ ਵਾਰਡ ਦੇ ਇੰਚਾਰਜ ਡਾ. ਸ਼ਸ਼ੀ ਅਨੁਸਾਰ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਵਾਰ-ਵਾਰ ਖੂਨ ਚੜਾਉਣ ਅਤੇ ਉਨਾਂ ਦੇ ਇਲਾਜ ਅਤੇ ਦਵਾਈਆਂ ਤੇ ਕਾਫ਼ੀ ਖਰਚਾ ਆਉਂਦਾ ਹੈ, ਜੋ ਕਿ ਆਮ ਮਰੀਜ਼ਾਂ ਦੀ ਪਹੁੰਚ ਤੋਂ ਦੂਰ ਹੁੰਦਾ ਹੈ। ਡਾ. ਸ਼ਸ਼ੀ ਅਨੁਸਾਰ ਮਹਿੰਗੇ ਇਲਾਜ ਦੇ ਚਲਦਿਆਂ ਬਹੁਤੇ ਮਰੀਜ਼ ਇਲਾਜ ਤੇ ਖੂਨ ਨਾ ਮਿਲਣ ਕਾਰਨ ਮਰ-ਮਰ ਕੇ ਜੀਵਨ ਕੱਟਣ ਲਈ ਮਜ਼ਬੂਰ ਹੋ ਜਾਂਦੇ ਹਨ, ਜਾਂ ਫਿਰ ਉਮਰ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਹਨ।

ਉਹਨਾਂ ਕਿਹਾ ਕਿ, ਅਜਿਹੇ ਮਰੀਜ਼ਾਂ ਲਈ ਪੰਜਾਬ ਸਰਕਾਰ ਵੱਲੋਂ ਆਯੁਰਵੈਦ ਪ੍ਰਣਾਲੀ ਰਾਹੀਂ ਇਲਾਜ ਕਰਨ ਲਈ ਇੱਕ ਪ੍ਰਾਜੈਕਟ ਹੋਂਦ ਵਿੱਚ ਲਿਆਂਦਾ ਹੈ, ਜਿਹੜਾ ਕਿ ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਇੱਥੇ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਦਾ ਬੱਕਰੀਆਂ ਦੇ ਖੂਨ ਨਾਲ ਇਲਾਜ ਕੀਤਾ ਜਾਵੇਗਾ।

ਆਯੁਰਵੈਦਿਕ ਵਿਭਾਗ ਮੁਤਾਬਿਕ ਇਸ ਪ੍ਰਾਜੈਕਟ ਉਪਰ ਲਗਭਗ 36 ਲੱਖ ਰੁਪਏ ਖਰਚ ਆਉਣਗੇ ਤੇ ਇਸ ਪ੍ਰਾਜੈਕਟ ਨੂੰ ਚਲਾਉਣ ਲਈ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ ਬੱਕਰੀਆਂ ਦਾ ਖੂਨ ਮਰੀਜਾਂ ਅੰਦਰ ਅਯਾਰਕਤ ਬਸਤੀ ਪ੍ਰਣਾਲੀ ਅਧੀਨ ਭੇਜਿਆ ਜਾਵੇਗਾ ਜਿਸਦੇ ਚਲਦਿਆਂ ਬੱਕਰੀਆਂ ਦਾ ਖੂਨ ਮਰੀਜ ਦੇ ਅੰਦਰ ਜਾ ਕੇ ਸਰੀਰ ਵਿੱਚ ਥੈਲੇਸੀਮੀਆ ਦੇ ਕੀਟਾਣੂੰਆਂ ਵਿਰੁੱਧ ਲੜਣ ਦੀ ਸ਼ਕਤੀ ਪੈਦਾ ਕਰੇਗਾ, ਜਿਸ ਨਾਲ ਮਰੀਜ਼ ਨੂੰ ਜੋ ਥੋੜੇ-ਥੋੜੇ ਸਮੇਂ ਬਾਅਦ ਖੂਨ ਚੜਾਇਆ ਜਾਂਦਾ ਹੈ, ਉਸਦੀ ਜਰੂਰਤ ਉਨੀ ਛੇਤੀ ਨਹੀਂ ਪਵੇਗੀ ਜਿੰਨੀ ਕਿ ਹੁਣ ਪੈਂਦੀ ਹੈ।

ਬੱਚਾ ਰੋਗਾਂ ਦੇ ਮਾਹਿਰ ਡਾ. ਨਰਿੰਦਰ ਸਿੰਘ ਤੂਰ ਨੇ ਦੱਸਿਆ ਕਿ ਪੰਜਾਬ ਵਿੱਚ ਇਹ ਬਿਮਾਰੀ ਆਮ ਤੌਰ 'ਤੇ ਖੱਤਰੀ ਸਿੱਖ ਬਰਾਦਰੀ ਦੇ ਲੋਕਾਂ ਵਿੱਚ ਜ਼ਿਆਦਾ ਪਾਈ ਜਾ ਰਹੀ ਹੈ, ਲੇਕਿਨ ਇਸ ਦੇ ਕਾਰਨ ਕੀ ਹਨ, ਇਹ ਅਜੇ ਵੀ ਇੱਕ ਅਣਸੁਲਝਿਆ ਸੁਆਲ ਬਣਿਆ ਹੋਇਆ ਹੈ। ਹੁਣ ਵੇਖ਼ਣਾ ਇਹ ਹੈ ਕਿ ਜਦੋਂ ਥੈਲੇਸੀਮੀਆ ਦੀ ਬਿਮਾਰੀ ਦੇ ਮੂਹਰੇ ਭਾਰਤੀ ਸਾਈਂਸ ਅਤੇ ਸਿਹਤ ਤੰਤਰ ਪੂਰੀ ਤਰ੍ਹਾਂ ਨਾਲ ਫ਼ੇਲ ਸਾਬਤ ਹੋ ਰਿਹਾ ਹੈ, ਉੱਥੇ ਬੱਕਰੀਆਂ ਇਸ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਕਾਮਯਾਬ ਹੁੰਦੀਆਂ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ, ਲੇਕਿਨ ਹਾਲ ਦੀ ਘੜੀ ਥੈਲੇਸੀਮੀਆ ਦੀ ਬਿਮਾਰੀ ਨਾਲ ਪੀੜਤ ਮਰੀਜ਼ ਤਰਸਦੀਆਂ ਨਜ਼ਰਾਂ ਨਾਲ ਬੱਕਰੀਆਂ ਦਾ ਮੂੰਹ ਤੱਕਦੇ ਹੋਏ ਨਜ਼ਰ ਆ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।