ਲਾਸ਼ ਲੈਣ ਤੋਂ ਪਰਿਵਾਰ ਨੇ ਕੀਤਾ ਇਨਕਾਰ, ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਦਿੱਤਾ ਧਰਨਾ

Last Updated: May 16 2018 20:22

ਬੀਤੇ ਦਿਨੀਂ ਰੇਲਵੇ ਫਾਟਕ ਨਾਲ ਟਕਰਾ ਕੇ ਜ਼ਖ਼ਮੀ ਹੋਏ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿੱਚ ਰੇਲਵੇ ਪੁਲਿਸ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਵਿੱਚ ਧਰਨਾ ਲਗਾ ਕੇ ਰੋਸ ਜਾਹਿਰ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਮ੍ਰਿਤਕ ਦੀ ਮੌਤ ਲਈ ਜਿੰਮੇਵਾਰ ਪੁਲਿਸ ਕਰਮਚਾਰੀਆਂ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਪੁਲਿਸ ਕਪਤਾਨ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਮ੍ਰਿਤਕ ਦੀ ਲਾਸ਼ ਨੂੰ ਲਿਜਾਣ ਲਈ ਰਾਜੀ ਹੋਇਆ। ਪਿੰਡ ਪੰਜਕੋਸੀ ਵਾਸੀ ਮ੍ਰਿਤਕ 50 ਸਾਲਾਂ ਦੇ ਰਾਜ ਕੁਮਾਰ ਪੁੱਤਰ ਚਾਚਨ ਰਾਮ ਦੇ ਭਰਾ ਘਨਸ਼ਿਆਮ ਉਦਾਨਿਆ ਨੇ ਇਲਜ਼ਾਮ ਲਾਇਆ ਕਿ ਬੇਸ਼ੱਕ ਰਾਜਕੁਮਾਰ ਰੇਲਵੇ ਫਾਟਕ ਨਾਲ ਟਕਰਾ ਕੇ ਜ਼ਖ਼ਮੀ ਹੋਇਆ ਸੀ, ਪਰ ਜੇਕਰ ਰੇਲਵੇ ਪੁਲਿਸ ਕਰਮਚਾਰੀ ਉਸਦਾ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਤਾਂ ਰਾਜ ਕੁਮਾਰ ਦੀ ਮੌਤ ਨਹੀਂ ਹੁੰਦੀ। ਉਨ੍ਹਾਂ ਦਾ ਕਹਿਣਾ ਸੀ ਕਿ ਰੇਲਵੇ ਪੁਲਿਸ ਕਰਮਚਾਰੀਆਂ ਨੇ ਉਸਦਾ ਇਲਾਜ ਕਰਵਾਉਣ ਦੀ ਬਜਾਏ ਉਸਨੂੰ ਥਾਣੇ ਵਿੱਚ ਹਿਰਾਸਤ 'ਚ ਰੱਖਿਆ, ਜਿਸ ਕਾਰਨ ਉਸਦੀ ਹਾਲਤ ਵਿਗੜੀ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਉਨ੍ਹਾਂ ਦਾ ਇਲਜ਼ਾਮ ਸੀ ਕਿ ਪੁਲਿਸ ਕਰਮਚਾਰੀ ਹੀ ਰਾਜਕੁਮਾਰ ਦੀ ਮੌਤ ਦੇ ਜਿੰਮੇਵਾਰ ਹਨ। ਇਸ ਲਈ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਤੋਂ ਲਿਜਾਣ ਤੋਂ ਮਨਾ ਕਰ ਦਿੱਤਾ ਅਤੇ ਹਸਪਤਾਲ ਵਿੱਚ ਹੀ ਟੈਂਟ ਲਗਾਕੇ ਧਰਨਾ ਸ਼ੁਰੂ ਕਰ ਦਿੱਤਾ। ਪੁਲਿਸ ਕਪਤਾਨ ਅਮਰਜੀਤ ਸਿੰਘ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਭਰੋਸਾ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਮ੍ਰਿਤਕ ਦੀ ਲਾਸ਼ ਲਿਜਾਣ ਨੂੰ ਰਾਜੀ ਹੋਏ ਅਤੇ ਧਰਨਾ ਚੁੱਕਿਆ ਗਿਆ। ਜੀ.ਆਰ.ਪੀ ਪੁਲਿਸ ਨੇ ਫਿਲਹਾਲ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਜਿਸ ਤਰ੍ਹਾਂ ਦੀ ਵੀ ਕੋਈ ਗੱਲ ਸਾਹਮਣੇ ਆਵੇਗੀ, ਉਸ ਮੁਤਾਬਿਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।