ਤੇਜ ਰਫਤਾਰ ਬਾਈਕ ਸਵਾਰ ਨੌਜਵਾਨਾਂ ਨੇ ਸੈਰ ਕਰ ਰਹੇ ਬਜ਼ੁਰਗ ਨੂੰ ਮਾਰੀ ਫੇਟ, ਇਲਾਜ ਦੌਰਾਨ ਮੌਤ

Last Updated: May 16 2018 20:14

ਤੇਜ ਰਫਤਾਰ ਬਾਈਕ ਸਵਾਰ ਨੌਜਵਾਨਾਂ ਨੇ ਸੈਰ ਕਰ ਰਹੇ ਬਜ਼ੁਰਗ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਿਟੀ ਦੀ ਪੁਲਿਸ ਨੇ ਬਾਈਕ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸ਼ਮਸੀਰ ਕੌਰ ਪਤਨੀ ਬਲਵਿੰਦਰ ਵਾਸੀ ਮਕਾਨ ਨੰਬਰ. 62 ਪਟੇਲ ਨਗਰ ਥਾਣਾ ਸਿਟੀ ਕਪੂਰਥਲਾ ਨੇ ਦੱਸਿਆ ਕਿ ਉਹ 14 ਮਈ 2018 ਨੂੰ ਵਕਤ ਕਰੀਬ 8 ਵਜੇ ਸ਼ਾਮ ਆਪਣੇ ਸਹੁਰਾ ਨਾਲ ਆਪਣੀ ਗਲੀ ਜੋ ਕਿ ਜੀ.ਟੀ ਰੋਡ ਜਲੰਧਰ-ਕਪੂਰਥਲਾ ਨਾਲ ਲੱਗਦੀ ਹੈ, ਕੋਲ ਸੈਰ ਕਰ ਰਹੇ ਸੀ। ਇਸ ਦੌਰਾਨ ਉਸਦਾ ਸਹੁਰਾ ਅੱਗੇ ਸੈਰ ਕਰ ਰਹੇ ਸੀ ਤੇ ਉਹ ਥੋੜਾ ਪਿੱਛੇ ਜਾ ਰਹੀ ਸੀ। ਇਸ ਦੌਰਾਨ ਜਦੋਂ ਉਸਦਾ ਸਹੁਰਾ ਟੀ-ਪੁਆਇੰਟ ਮੋੜ ਤੋਂ ਪਿੱਛੇ ਮੁੜਨ ਲੱਗਿਆ ਤਾਂ ਇੱਕ ਲਾਲ ਰੰਗ ਦੇ ਪਲਸਰ 'ਤੇ ਸਵਾਰ ਦੋ ਨੌਜਵਾਨ ਬਿਨਾ ਹਾਰਨ ਦਿੱਤੇ ਕਪੂਰਥਲਾ ਸਾਈਡ ਵੱਲੋਂ ਆਏ ਅਤੇ ਮੋਟਰਸਾਈਕਲ ਚਾਲਕ ਨੇ ਉਸਦੇ ਸਹੁਰੇ ਵਿੱਚ ਜੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸਦਾ ਸਹੁਰਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਸਵਾਰ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਭੱਜ ਗਏ। ਉਸ ਨੂੰ ਬਾਅਦ 'ਚ ਮੋਟਰਸਾਈਕਲ ਚਾਲਕ ਦਾ ਨਾਂ ਰੂਬਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਮਨਸੂਰਵਾਲ ਦੋਨਾਂ ਪੰਜਾਬੀ ਬਾਗ ਥਾਣਾ ਸਿਟੀ ਕਪੂਰਥਲਾ ਪਤਾ ਚੱਲਿਆ। ਗੰਭੀਰ ਰੂਪ 'ਚ ਜ਼ਖਮੀ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਾਂਚ ਅਫਸਰ ਏ.ਐਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਬਾਈਕ ਸਵਾਰ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।