20 ਮਈ ਤੋਂ ਬਾਅਦ ਹੀ ਝੋਨੇ ਦੀ ਪਨੀਰੀ ਦੀ ਬਿਜਾਈ ਕੀਤੀ ਜਾਵੇ: ਡਾ ਇੰਦਰਜੀਤ ਸਿੰਘ

Sukhjinder Kumar
Last Updated: May 16 2018 20:04

ਪੰਜਾਬ ਵਿੱਚ ਜਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪ੍ਰੀਜਰਵੇਸ਼ਨ ਆਫ ਸਬ ਸਾਇਲ ਐਕਟ 2019 ਵਿੱਚ ਸੋਧ ਕਰਕੇ ਝੋਨੇ ਦੀ ਪਨੀਰੀ ਬੀਜਣ ਦੀ ਤਾਰੀਖ 20 ਮਈ ਅਤੇ ਲਵਾਈ ਦੀ ਮਿਤੀ 20 ਜੂਨ ਨਿਸ਼ਚਿਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਉਪਰੋਕਤ ਸੋਧ ਨੂੰ ਮੁੱਖ ਰੱਖਦਿਆਂ ਕਿਸਾਨ 20 ਮਈ ਤੋਂ ਪਹਿਲਾਂ ਝੋਨੇ ਦੀ ਪਨੀਰੀ ਨਾ ਬੀਜਣ ਅਤੇ ਨਾ ਹੀ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਇਸ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਸ ਸਾਲ ਝੋਨੇ ਦੀ ਇੱਕ ਨਵੀਂ ਕਿਸਮ ਪੀ.ਆਰ 127 ਜਾਰੀ ਕੀਤੀ ਹੈ, ਜੋ ਪੱਕਣ ਵਿੱਚ 137 ਦਿਨ ਦਾ ਸਮਾਂ ਲੈਂਦੀ ਹੈ। ਇਸ ਤੋਂ ਇਲਾਵਾ ਖੇਤੀ ਯੂਨੀਵਰਸਿਟੀ ਨੇ ਪੀ.ਆਰ. 126, ਪੀ.ਆਰ. 124, ਪੀ.ਆਰ. 123, ਪੀ.ਆਰ. 122, ਪੀ.ਆਰ. 121 ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਸਿਫਾਰਸ਼ ਕੀਤੀਆਂ ਹਨ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਫਸਲ ਦਾ ਬੀਜ ਖੇਤੀਬਾੜੀ ਵਿਭਾਗ, ਪੀ.ਏ.ਯੂ. ਜਾਂ ਕਿਸੇ ਲਾਇਸੰਸਧਾਰੀ ਬੀਜ ਵਿਕ੍ਰੇਤਾ ਤੋਂ ਹੀ ਖਰੀਦਣਾ ਚਾਹੀਦਾ ਹੈ ਅਤੇ ਆੜ੍ਹਤੀਏ ਤੋਂ ਬੀਜ ਖਰੀਦਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀਰ ਖੇਤੀਬਾੜੀ ਵਿਭਾਗ/ਪੀ.ਏ.ਯੂ. ਵੱਲੋਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕਰਨ, ਤਾਂ ਜੋ ਬਾਅਦ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਦੁਕਾਨਦਾਰ ਤੋਂ ਬੀਜ ਖਰੀਦਣ ਦੇ ਬਾਅਦ ਬਿੱਲ ਜ਼ਰੂਰ ਲਿਆ ਜਾਵੇ ਅਤੇ ਜੇਕਰ ਕੋਈ ਦੁਕਾਨਦਾਰ ਬਿੱਲ ਨਹੀਂ ਦਿੰਦਾ ਤਾਂ ਕਿਸਾਨ ਲਿਖਤੀ ਰੂਪ ਵਿੱਚ ਸਬੰਧਤ ਬਲਾਕ ਖੇਤੀਬਾੜੀ ਅਫਸਰ ਕੋਲ ਸ਼ਿਕਾਇਤ ਦਰਜ ਕਰਵਾਉਣ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਜੇਕਰ ਘਰੇਲੂ ਪੱਧਰ 'ਤੇ ਝੋਨੇ/ਬਾਸਮਤੀ ਦਾ ਬੀਜ ਸੰਭਾਲ ਕੇ ਰੱਖਿਆ ਹੈ ਤਾਂ ਉਸ ਦੀ ਖੇਤੀਬਾੜੀ ਵਿਭਾਗ ਦੀਆਂ ਬੀਜ ਪਰਖ ਪ੍ਰਯੋਗਸ਼ਾਲਾਵਾਂ ਤੋਂ ਪਰਖ ਕਰਵਾ ਲੈਣੀ ਚਾਹੀਦੀ ਹੈ, ਜਿਸ ਦੀ ਪ੍ਰਤੀ ਸੈਂਪਲ 15/-ਰੁਪਏ ਫੀਸ ਹੈ।