ਡੇਂਗੂ ਤੋਂ ਬਚਾਅ ਲਈ ਹਰੇਕ ਸ਼ੁੱਕਰਵਾਰ ਮਣਾਇਆ ਜਾਵੇਗਾ ਡਰਾਈ ਡੇਅ: ਸਿਵਲ ਸਰਜਨ

Last Updated: May 16 2018 19:15

ਗਰਮੀ ਦੇ ਮੌਸਮ ਦੌਰਾਨ ਮੱਛਰਾਂ ਦੇ ਕੱਟੇ ਜਾਣ ਕਾਰਨ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਹੋਣ ਵਾਲੀਆਂ ਬੀਮਾਰੀਆਂ ਤੋਂ ਆਮ ਲੋਕਾਂ ਦਾ ਬਚਾਅ ਕਰਨ ਅਤੇ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਨੈਸ਼ਨਲ ਡੇਂਗੂ ਦਿਵਸ ਮੌਕੇ ਸਰਹਿੰਦ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਡੇਂਗੂ ਅਤੇ ਚਿਕਨਗੁਨੀਆ ਬੀਮਾਰੀ ਹੋਣ ਦੇ ਕਾਰਨਾਂ, ਲੱਛਣਾਂ ਅਤੇ ਇਸਤੋਂ ਬਚਾਅ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਕਿਹਾ ਕਿ ਡੇਂਗੂ ਦੀ ਬਿਮਾਰੀ ਨੂੰ ਜ਼ਿਲ੍ਹੇ 'ਚੋਂ ਖਤਮ ਕਰਨ ਲਈ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਡੇਂਗੂ ਦੇ ਹਾਈ ਰਿਸਕ ਏਰੀਆ ਮੰਡੀ ਗੋਬਿੰਦਗੜ੍ਹ ਅਤੇ ਬਸੀ ਪਠਾਣਾ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਰਵੇਅ ਕਰਵਾਇਆ ਗਿਆ, ਜਿਸ ਦੌਰਾਨ ਡੇਂਗੂ ਤੋਂ ਪ੍ਰਭਾਵਿਤ ਕੋਈ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਆਮ ਜਨਤਾ ਨੂੰ ਡੇਂਗੂ ਦੀ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਹਰ ਸ਼ੁੱਕਰਵਾਰ ਨੂੰ ਡਰਾਈ-ਡੇਅ ਵਜੋਂ ਮਣਾਇਆ ਜਾਵੇ। ਇਸ ਦਿਨ ਘਰਾਂ 'ਚ ਪਏ ਕੂਲਰਾਂ, ਟੈਂਕੀਆਂ, ਟੁੱਟੇ ਭੱਜੇ ਬਰਤਨ ਅਤੇ ਗਮਲਿਆਂ ਵਿੱਚੋਂ ਪਾਣੀ ਕੱਢ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁਕਾਇਆ ਜਾਵੇ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਡਾ. ਹਰਬੀਰ ਸਿੰਘ ਨੇ ਦੱਸਿਆ ਕਿ ਡੇਂਗੂ ਮੱਛਰਾਂ ਨਾਲ ਫੈਲਣ ਵਾਲੀ ਬਿਮਾਰੀ ਹੈ ਜੋ ਕਿ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਨ੍ਹਾਂ ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ, ਮੱਛਰ ਭਜਾਉ ਕਰੀਮਾਂ ਅਤੇ ਯੰਤਰਾਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸਤੋਂ ਇਲਾਵਾ ਆਪਣੇ ਘਰਾਂ ਵਿੱਚ ਅਤੇ ਆਲੇ-ਦੁਆਲੇ ਦੀ ਹਮੇਸ਼ਾ ਸਾਫ-ਸਫਾਈ ਰੱਖਣੀ ਚਾਹੀਦੀ ਹੈ। ਚੇਜ਼ ਬੁਖਾਰ, ਅੱਖਾਂ ਚ ਜਲਣ, ਹੱਡੀਆਂ ਚ ਤੇਜ਼ ਦਰਦ, ਸਰੀਰ ਉੱਤੇ ਲਾਲ ਦਾਣੇ ਹੋਣਾ ਆਦਿ ਲੱਛਣ ਪਾਏ ਜਾਣ ਦੀ ਹਾਲਤ 'ਚ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਜਾ ਕੇ ਡਾਕਟਰਾਂ ਤੋਂ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਬੰਧਿਤ ਮਰੀਜ਼ ਦਾ ਸਮੇਂ ਸਿਰ ਇਲਾਜ ਹੋ ਸਕੇ। ਡੇਂਗੂ ਦੇ ਟੈਸਟ ਸਿਵਲ ਹਸਪਤਾਲ 'ਚ ਮੁਫਤ ਕੀਤੇ ਜਾਂਦੇ ਹਨ।