ਪੜ੍ਹਾਈ ਘੱਟ, ਤਣਾਅ ਜ਼ਿਆਦਾ (ਨਿਊਜ਼ਨੰਬਰ ਖਾਸ ਖਬਰ)

Last Updated: May 16 2018 18:25

ਵਿੱਦਿਆ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਹਰੇਕ ਤਰ੍ਹਾਂ ਦੀਆਂ ਔਂਕੜਾਂ ਨੂੰ ਪਾਰ ਕੀਤਾ ਜਾ ਸਕਦਾ ਹੈ, ਲੇਕਿਨ ਬਦਲਦੇ ਸਮੇਂ ਦੇ ਨਾਲ ਸਿੱਖਿਆ ਹੀ ਬੱਚਿਆਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਕਾਰਨ ਹੈ ਬੱਚਿਆਂ 'ਚ ਵੱਧ ਤੋਂ ਵੱਧ ਨੰਬਰ ਲੈ ਕੇ ਆਉਣ ਦੀ ਚਾਹਤ, ਜਿਸ ਕਾਰਨ ਉਹ ਆਪਣਾ ਖੁੱਦ ਦਾ ਹੀ ਨੁਕਸਾਨ ਕਰ ਰਹੇ ਹਨ। ਮਾਹਿਰ ਮਨੋਵਿਗਿਆਨਕਾਂ ਅਨੁਸਾਰ ਬੱਚਿਆਂ 'ਚ ਇਹੋ ਜਿਹੀ ਭਾਵਨਾਵਾਂ ਨੂੰ ਜਗਾਉਣ ਵਾਲੀ ਸਿੱਖਿਆ ਵਿਭਾਗ ਹੈ, ਜੋ ਕਿ ਬੱਚਿਆਂ ਨੂੰ ਨੰਬਰ ਲੈਣ ਤੱਕ ਹੀ ਸੀਮਿਤ ਬਣਾ ਰਹੀ ਹੈ, ਕਾਬਿਲ ਬਣਨ ਦੀ ਸਿੱਖਿਆ ਵੱਲ ਅਧਿਆਪਕਾਂ ਵੱਲੋਂ ਵੀ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਮਾਹਿਰਾਂ ਦੀ ਇਸ ਗੱਲ 'ਚ ਬੱਚਿਆਂ ਦੇ ਮਾਪੇ ਵੀ ਹਾਮੀ ਭਰ ਰਹੇ ਹਨ। ਇੱਕ ਰਿਸਰਚ ਅਨੁਸਾਰ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ 'ਤੇ ਹੁਣੇ ਤੋਂ ਹੋਮਵਰਕ ਦਾ ਬੋਝ ਇਨ੍ਹਾਂ ਪਾਇਆ ਜਾ ਰਿਹਾ ਹੈ ਕਿ ਬੱਚੇ ਸਕੂਲੋਂ 6 ਤੋਂ 7 ਘੰਟੇ ਦੀ ਸਿੱਖਿਆ ਪ੍ਰਾਪਤ ਕਰਕੇ ਆਉਣ ਤੋਂ ਬਾਅਦ ਵੀ ਘਰੇ ਲਗਾਤਾਰ ਆਪਣੇ ਹੋਮਵਰਕ 'ਚ ਰਾਤ ਤੱਕ ਲੱਗੇ ਰਹਿੰਦੇ ਹਨ ਅਤੇ ਖੇਡਾਂ ਤੇ ਮੰਨ ਪਰਚਾਵੇ ਦਾ ਕੋਈ ਸਮਾਂ ਨਾ ਹੋਣ ਕਾਰਨ ਉਨ੍ਹਾਂ ਦਾ ਵਰਤਾਅ ਚਿੜਚਿੜਾ ਹੁੰਦਾ ਜਾ ਰਿਹਾ ਹੈ। ਇਸ ਬਾਰੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੀ ਧਾਰਨਾ ਸਮਝ ਆਈ ਕਿ ਸਕੂਲਾਂ ਵੱਲੋਂ ਆਪਣਾ ਨਾਂ ਬਣਾਉਣ ਲਈ ਖੇਡਾਂ ਅਤੇ ਹੋਰ ਗਤੀਵਿਧੀਆਂ ਨੂੰ ਹਾਨੀਕਾਰਕ ਦੱਸਦੇ ਹੋਏ ਸਿਰਫ਼ ਪੜ੍ਹਾਈ 'ਤੇ ਧਿਆਨ ਦੇਣ ਲਈ ਬੱਚਿਆਂ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ, ਜਿਸ ਕਾਰਨ ਬਾਹਰਲੀ ਗਤੀਵਿਧੀਆਂ ਅਤੇ ਖੇਡਾਂ ਨੂੰ ਤਿਆਗ ਕੇ ਬੱਚੇ ਕਿਤਾਬੀ ਕੀੜੇ ਬਣਦੇ ਜਾ ਰਹੇ ਹਨ। ਇਸ ਆਦਤ ਨਾਲ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਖੇਡਾਂ ਵਿੱਚ ਪੰਜਾਬ ਪਿੱਛੇ ਛੁੱਟ ਸਕਦਾ ਹੈ, ਜਿਸਨੂੰ ਬਦਲਣਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਸਬੰਧ ਵਿੱਚ ਮਨੋਵਿਗਿਆਨਕ ਗੁਰਪ੍ਰੀਤ ਸਿੰਘ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਬੱਚਿਆਂ ਦੇ ਅੱਜ ਕੱਲ੍ਹ ਕੇ ਲਾਈਫ ਸਟਾਈਲ ਤੋਂ ਕਾਫੀ ਚਿੰਤਤ ਹਨ, ਕਾਰਨ ਹੈ ਬੱਚਿਆਂ ਦਾ ਪੜ੍ਹਾਈ ਦੇ ਨਾਂ 'ਤੇ ਆਪਣੀ ਸਿਹਤ ਨਾਲ ਖਿਲਵਾੜ ਕਰਨਾ। ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ ਜ਼ਿਆਦਾਤਰ ਬੱਚੇ ਇਸ ਸਮੱਸਿਆ ਕਾਰਨ ਵੀ ਉਨ੍ਹਾਂ ਕੋਲ ਇਲਾਜ ਲਈ ਆ ਰਹੇ ਹਨ ਕਿ ਘੱਟ ਖਾਣ-ਪੀਣ ਤੋਂ ਬਾਵਜੂਦ ਵੀ ਉਨ੍ਹਾਂ ਨੂੰ ਮੋਟਾਪਾ ਚੜ੍ਹ ਰਿਹਾ ਹੈ, ਜਿਨ੍ਹਾਂ 'ਚ ਜ਼ਿਆਦਾ ਗਿਣਤੀ ਵਿੱਚ ਕੁੜੀਆਂ ਸ਼ਾਮਿਲ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਕੂਲਾਂ ਵੱਲੋਂ ਪੜ੍ਹਾਈ ਦੇ ਪਾਏ ਜਾ ਰਹੇ ਪ੍ਰੈਸ਼ਰ ਕਾਰਨ 6-7 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਵੀ 2-3 ਨੰਬਰ ਵਾਲੇ ਚਸ਼ਮੇ ਲਗਾਣੇ ਪੈ ਰਹੇ ਹਨ। ਪੜ੍ਹਾਈ ਸਿਰਫ਼ ਪੜ੍ਹਾਈ ਨਹੀਂ ਰਹਿ ਗਈ ਹੈ, ਬਲਕਿ ਬੱਚਿਆਂ ਲਈ ਤਣਾਅ ਦਾ ਸਭ ਤੋਂ ਵੱਡਾ ਕਾਰਨ ਬਣ ਚੁੱਕੀ ਹੈ, ਜਿਸਦਾ ਖ਼ਮਿਆਜ਼ਾ ਬੱਚਿਆਂ ਨੂੰ ਹੀ ਭੁਗਤਣਾ ਪੈ ਰਿਹਾ ਹੈ। ਇੱਕ ਸਰਵੇਅ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਹਿਰ ਦੇ ਲਗਭਗ ਹਰੇਕ ਸਕੂਲ ਵਿੱਚ 30 ਪ੍ਰਤੀਸ਼ਤ ਬੱਚਿਆਂ ਨੂੰ ਚਸ਼ਮੇ ਲੱਗੇ ਹੋਏ ਹਨ, ਜਿਸਦਾ ਕਾਰਨ ਸਿਰਫ਼ ਅਤੇ ਸਿਰਫ਼ ਪੜ੍ਹਾਈ ਦਾ ਬਰਡਨ ਹੈ। ਕੁੱਝ ਡਾਕਟਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਬੱਚਿਆਂ ਦਾ ਹੋਮਵਰਕ ਦਾ ਪੈਟਰਨ ਜੋ ਸਕੂਲਾਂ ਵੱਲੋਂ ਅਪਣਾਇਆ ਜਾਂਦਾ ਹੈ, ਉਹ ਹੀ ਠੀਕ ਨਹੀਂ ਹੈ। ਮਾਹਿਰਾਂ ਦੀ ਮਨੁੱਖੀ ਦਿਮਾਗ ਉੱਤੇ ਕੀਤੀ ਜਾੰਚ ਤੋਂ ਬਾਅਦ ਜੋ ਅਹਿੰਮ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਜੋ ਬੱਚੇ ਖੇਡਾਂ ਅਤੇ ਹੋਰ ਗਤੀਵਿਧੀਆਂ 'ਚ ਭਾਗ ਨਹੀਂ ਲੈਂਦੇ, ਉਹ ਜਵਾਨੀ 'ਚ ਹੀ ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੋਣ ਲੱਗਦੇ ਹਨ। ਬੱਚਿਆਂ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗਦੀ ਹੈ, ਜਿਸ ਕਾਰਨ ਉਹ ਬਾਹਰਲੀ ਚੀਜਾਂ ਖਾ ਕੇ ਆਪਣੀ ਸਿਹਤ 'ਤੇ ਹੋਰ ਭੈੜਾ ਅਸਰ ਪਾਉਂਦੇ ਹਨ। ਜ਼ਿਲ੍ਹੇ ਦੇ ਵੱਖ-ਵੱਖ ਮਨੋਵਿਗਿਆਨਕਾਂ ਦੀ ਰਾਏ ਮੰਨੀ ਜਾਵੇ ਤਾਂ ਸਿੱਖਿਆ ਵਿਭਾਗ ਨੂੰ ਲੋੜ ਹੈ ਕਿ ਉਹ ਹੋਮਵਰਕ ਦੇ ਕਾਨਸੈਪਟ ਨੂੰ ਹੀ ਖ਼ਤਮ ਕਰ ਦੇਵੇ, ਤਾਂ ਹੀ ਬੱਚਿਆਂ ਦੀ ਰੁਚੀ ਖੇਡਾਂ 'ਚ ਵੱਧੇਗੀ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇਗਾ। ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਿਰ ਜਦੋਂ ਸਮੇਂ ਦੀ ਇਹ ਮੰਗ ਅਤੇ ਜ਼ਰੂਰਤ ਸਿੱਖਿਆ ਵਿਭਾਗ ਤੱਕ ਪਹੁੰਚਦੀ ਹੈ।