ਚੋਣ ਕਮਿਸ਼ਨ ਵੱਲੋਂ ਵੋਟ ਸੂਚੀ 'ਚ ਕੀਤੀ ਜਾਵੇਗੀ ਸੋਧ

Last Updated: May 16 2018 17:57

ਨੀਲਿਮਾ ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ ਚਲਾਇਆ ਜਾਣਾ ਹੈ। ਜਿਸ ਦੌਰਾਨ 15 ਮਈ ਤੋਂ 20 ਜੂਨ 2018 ਤੱਕ ਬੀ.ਐਲ.ਓਜ਼. ਵੱਲੋਂ ਡੋਰ-ਟੂ-ਡੋਰ ਸਰਵੇਅ ਕੀਤਾ ਜਾਵੇਗਾ, ਜਿਸ ਦੌਰਾਨ ਬੀ.ਐਲ.ਓਜ਼. ਵੱਲੋਂ ਯੋਗਤਾ ਮਿਤੀ 01 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਉੱਪਰ ਦੇ ਅਜਿਹੇ ਵਿਅਕਤੀਆਂ ਦੀ ਸੂਚਨਾ ਇਕੱਤਰ ਕੀਤੀ ਜਾਵੇਗੀ, ਜੋ ਕਿ ਅਜੇ ਤੱਕ ਵੀ ਵੋਟ ਕਾਰਡ ਤੋਂ ਵਾਂਝੇ ਹਨ। ਉਨ੍ਹਾਂ ਨੇ ਦੱਸਿਆ ਕਿ ਸਰਵੇਅ ਦੌਰਾਨ ਬੀ.ਐਲ.ਓਜ਼. ਵੱਲੋਂ ਯੋਗਤਾ ਮਿਤੀ 01 ਜਨਵਰੀ 2019 ਦੇ ਅਧਾਰ 'ਤੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਲੜਕੇ/ਲੜਕੀਆਂ ਦੀ ਪਹਿਚਾਣ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵੋਟਰ ਸੂਚੀਆਂ ਵਿੱਚ ਮਲਟੀਪਲ ਐਂਟਰੀਆਂ ਅਤੇ ਹੋਰ ਤਰੁੱਟੀਆਂ ਦਾ ਡਾਟਾ ਵੀ ਇਕੱਤਰ ਕੀਤਾ ਜਾਵੇਗਾ, ਤਾਂ ਜੋ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 21 ਜੂਨ 2018 ਤੋਂ 31 ਜੁਲਾਈ 2018 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਾਲਾਈਜੇਸ਼ਨ ਅਤੇ ਪੋਲਿੰਗ ਸਟੇਸ਼ਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਵੀ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਹੋਏ ਸ਼ਡਿਊਲ ਅਨੁਸਾਰ ਇਸ ਜ਼ਿਲ੍ਹੇ ਵਿਚਲੇ ਸਮੁੱਚੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਵਿੱਚ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ 01 ਸਤੰਬਰ 2018 ਤੋਂ 31 ਅਕਤੂਬਰ 2018 ਤੱਕ ਨਵੀਆਂ ਵੋਟਾਂ ਬਣਾਉਣ/ਕਟਵਾਉਣ/ਸੋਧ ਕਰਵਾਉਣ ਸਬੰਧੀ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣਗੇ ਅਤੇ ਮਿਤੀ 04 ਜਨਵਰੀ 2019 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਬੀ.ਐਲ.ਓਜ਼. ਵੱਲੋਂ ਮਿਤੀ 15.05.2018 ਤੋਂ 20.06.2018 ਦੌਰਾਨ ਕੀਤੇ ਜਾਣ ਵਾਲੇ ਡੋਰ-ਟੂ-ਡੋਰ ਸਰਵੇਅ ਵਿੱਚ ਬੀ.ਐਲ.ਓਜ਼. ਨੂੰ ਆਪਣਾ ਸਹਿਯੋਗ ਦੇਣ ਲਈ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਅਧੀਨ ਸਮੂਹ ਬੀ.ਐਲ.ਏ. (ਬੂਥਲੈਵਲ ਏਜੰਟ) ਦੇ ਵੇਰਵੇ ਜ਼ਿਲ੍ਹਾ ਚੋਣ ਦਫ਼ਤਰ ਪਠਾਨਕੋਟ ਨੂੰ ਭੇਜ ਦਿੱਤੇ ਜਾਣ, ਤਾਂ ਜੋ ਇਨ੍ਹਾਂ ਵੇਰਵਿਆਂ ਨੂੰ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਭੇਜਿਆ ਜਾ ਸਕੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੁਸਾਈਟੀਜ਼, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ, ਬੀ.ਐਲ.ਓਜ਼., ਸੁਪਰਵਾਈਜ਼ਰ, ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰਾਂ/ਕੈਂਪਸ ਅੰਬੈਸਡਰਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ, ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕੀਤਾ ਜਾਵੇ।