ਆਜ਼ਾਦ ਦੀ ਆਜ਼ਾਦ ਸੋਚ ਨੇ ਪਹੁੰਚਾ ਦਿੱਤਾ ਉਸਨੂੰ ਥਾਣੇ ! (ਨਿਊਜ਼ਨੰਬਰ ਖਾਸ ਖ਼ਬਰ)

Kulwant Singh
Last Updated: May 16 2018 15:30

ਪਟਿਆਲਾ ਦੇ ਮਸ਼ਹੂਰ ਅਤੇ ਕਾਬਲ ਡਾਕਟਰ ਅਮਰ ਸਿੰਘ ਆਜ਼ਾਦ, ਸਰਕਾਰ ਦੇ ਭਾਰੀ ਵਿਰੋਧ ਦੇ ਬਾਵਜੂਦ ਵੀ ਆਖ਼ਰ ਅਗਾਊਂ ਜਮਾਨਤ ਹਾਸਲ ਕਰਨ ਵਿੱਚ ਕਾਮਯਾਬ ਹੋ ਹੀ ਗਏ ਹਨ। ਇਹ ਉਹੀ ਡਾਕਟਰ ਅਮਰ ਸਿੰਘ ਆਜ਼ਾਦ ਹਨ, ਜਿਨ੍ਹਾਂ ਦੀ ਆਜ਼ਾਦ ਅਤੇ ਲੋਕ ਹਿੱਤੀ ਸੋਚ ਹੀ ਅੱਜ ਉਨ੍ਹਾਂ ਦੀ ਵੈਰੀ ਬਣ ਬੈਠੀ ਹੈ। ਸਰਕਾਰ ਨੇ ਫ਼ੜ ਕੇ ਉਨ੍ਹਾਂ 'ਤੇ ਸਰਕਾਰੀ ਕੰਮ ਕਾਜ ਵਿੱਚ ਵਿਘਨ ਪਾਉਣ ਦੇ ਇਲਜ਼ਾਮਾਂ ਤਹਿਤ ਪਰਚਾ ਠੋਕ ਦਿੱਤਾ ਹੈ।

ਡਾਕਟਰ ਸਾਹਿਬ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਹੀ ਸੀ ਕਿ, ਉਨ੍ਹਾਂ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਖ਼ਸਰੇ ਦੇ ਟੀਕਾਕਰਣ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਉਸ ਮੁਹਿੰਮ ਸਬੰਧੀ ਸੋਸ਼ਲ ਮੀਡੀਆ ਰਾਹੀਂ ਸਰਕਾਰ ਤੋਂ ਚੰਦ ਕੌੜੇ ਸਵਾਲ ਕੀਤੇ ਸਨ।

ਡਾਕਟਰ ਆਜ਼ਾਦ ਦਾ ਇਹ ਵੀ ਦਾਅਵਾ ਹੈ ਕਿ ਇਹ ਉਹ ਸਵਾਲ ਸਨ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਸਨ। ਉਹ ਕਹਿੰਦੇ ਹਨ ਕਿ ਇਹ ਸਭ ਕੁੱਝ ਸਰਕਾਰਾਂ ਨੂੰ ਕਿਉਂ ਹਜਮ ਆਉਂਦਾ ? ਲਿਹਾਜਾ ਸਰਕਾਰ ਜੀ ਨੇ ਭਾਣਾ ਵਰਤਾ ਦਿੱਤਾ। ਸਿਹਤ ਮਾਹਰਾਂ ਅਨੁਸਾਰ ਭਾਵੇਂਕਿ ਡਾਕਟਰ ਆਜ਼ਾਦ ਵੱਲੋਂ ਕੀਤੇ ਗਏ ਸਵਾਲ ਜਵਾਬ ਬੜੇ ਵਾਜ਼ਿਬ ਸਨ, ਪਰ ਵਿਅੰਗ ਇਹ ਵੀ ਹੈ ਕਿ ਸਰਕਾਰ ਤਾਂ ਆਖ਼ਰ ਸਰਕਾਰ ਹੈ, ਕੀ ਜਾਇਜ਼ ਹੈ ਅਤੇ ਕੀ ਨਜਾਇਜ਼ ਇਸਦਾ ਫ਼ੈਸਲਾ ਤਾਂ ਆਖ਼ਰ ਸਰਕਾਰ ਨੇ ਹੀ ਕਰਨਾ ਹੁੰਦਾ ਹੈ, ਡਾਕਟਰ ਆਜ਼ਾਦ ਕੋਣ ਹੁੰਦੇ ਹਨ ਸਰਕਾਰ ਤੋਂ ਸਵਾਲ-ਜਵਾਬ ਕਰਨ ਵਾਲੇ।

ਅਗਾਉਂ ਜਮਾਨਤ ਹਾਸਲ ਕਰਨ ਦੇ ਬਾਅਦ ਡਾਕਟਰ ਆਜ਼ਾਦ ਨੇ ਆਪਣੇ ਜਿੰਦਗੀ ਦੇ ਕੁੱਝ ਤਜੁਰਬੇ ਨਿਊਜ਼ ਨੰਬਰ ਨਾਲ ਵੀ ਸਾਂਝੇ ਕੀਤੇ, ਜਿਹੜੇ ਇਹ ਸਾਬਤ ਕਰਨ ਲਈ ਕਾਫ਼ੀ ਹਨ ਕਿ, ਜੇਕਰ ਤੁਸੀਂ ਭਾਰਤ ਵਿੱਚ ਸੁੱਖ਼ ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹੋ ਤਾਂ, ਕਦੇ ਸੁਫ਼ਨੇ ਵਿੱਚ ਵੀ ਸਰਕਾਰ ਦੇ ਕੰਮ-ਕਾਜਾਂ 'ਚ ਨਘੋਚਾਂ ਨਾ ਕੱਢੋਂ। ਭੇਡਾਂ ਬੱਕਰੀਆਂ ਵਾਂਗ ਲਾਈਨ ਵਿੱਚ ਚੱਲਦੇ ਰਹੋ, ਵਰਨਾ ਡਾਂਗਾਂ ਬੜੀਆਂ ਪੈਣਗੀਆਂ, ਜੇਕਰ ਤੁਸੀਂ ਫ਼ਿਰ ਵੀ ਨਾ ਟਲੇ ਤਾਂ, ਜੇਲ੍ਹ ਤਾਂ ਤੁਹਾਡੇ ਲਈ ਹੀ ਬਣੀਆਂ ਹੋਈਆਂ ਨੇ।

ਡਾਕਟਰ ਆਜ਼ਾਦ ਦਾ ਕਹਿਣਾ ਹੈ ਕਿ, ਉਹ ਪਿਛਲੇ ਦੱਸ ਸਾਲਾਂ ਤੋਂ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਦੇ ਮੁੱਖ ਕੰਸਲਟੈਂਟ ਹਨ। ਉਨ੍ਹਾਂ ਦਾ ਮੰਨਣਾ ਹੈ ਕਿ, ਪੰਜਾਬ ਸਰਕਾਰ ਦੇ ਐਮ.ਆਰ. ਟੀਕੇ ਬਾਰੇ ਉਨ੍ਹਾਂ ਦੇ ਵਿਚਾਰਾਂ ਨੇ ਉਨ੍ਹਾਂ ਨੂੰ ਸਰਕਾਰ ਦਾ ਵਿਰੋਧੀ ਬਣਾ ਕੇ ਰੱਖ਼ ਦਿੱਤਾ। ਉਨ੍ਹਾਂ ਨੇ ਮੰਨਿਆ ਕਿ ਇਹ ਸਭ ਕੁੱਝ ਉਨ੍ਹਾਂ ਨਾਲ ਕੋਈ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਜਦੋਂ-ਜਦੋਂ ਉਨ੍ਹਾਂ ਨੇ ਮੁੱਖ ਧਾਰਾ ਅਤੇ ਪ੍ਰਚੱਲਿਤ ਪਰੰਪਰਾ ਤੋਂ ਵੱਖਰੀ ਰਾਏ ਰੱਖੀ, ਉਨ੍ਹਾਂ ਨੂੰ ਆਪਣੇ ਸੀਨੀਅਰਾਂ ਅਤੇ ਸਾਥੀਆਂ ਦੀ ਨਾਰਾਜ਼ਗੀ ਝੱਲਣੀ ਹੀ ਪਈ।

ਡਾਕਟਰ ਆਜ਼ਾਦ ਦੱਸਦੇ ਹਨ ਕਿ, ਸਾਲ 1972-73 ਵਿੱਚ ਜਦੋਂ ਕੰਪਨੀਆਂ ਦੇ ਪ੍ਰਚਾਰ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ, ਕੁੱਝ ਡਾਕਟਰਾਂ ਨੇ ਨਵ-ਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਕਿ ਉਹ ਬੱਚਿਆਂ ਨੂੰ ਡੱਬਾ ਬੰਦ ਦੁੱਧ ਹੀ ਪਿਆਉਣ, ਤਾਂ ਉਸ ਸਮੇਂ ਕੇਵਲ ਉਹੀ ਸਨ ਜਿਨ੍ਹਾਂ ਨੇ ਬੱਚਿਆਂ ਨੂੰ ਡੱਬਾ ਬੰਦ ਦੁੱਧ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਆਜ਼ਾਦ ਦਾ ਕਹਿਣਾ ਹੈ ਕਿ, ਜਿਨ੍ਹਾਂ ਮਾਵਾਂ ਨੇ ਉਨ੍ਹਾਂ ਦੀ ਸਲਾਹ ਨੂੰ ਮੰਨ ਲਿਆ, ਉਨ੍ਹਾਂ ਦੇ ਬੱਚੇ ਠੀਕ-ਠਾਕ ਤੇ ਸਿਹਤਮੰਦ ਹੋਏ, ਲੇਕਿਨ ਜਿਨ੍ਹਾਂ ਨੇ ਉਨ੍ਹਾਂ ਦੀ ਸਲਾਹ ਨੂੰ ਅਣਗੌਲਿਆ ਕਰਕੇ ਡੱਬਾ ਬੰਦ ਦੁੱਧ ਵੇਚਣ ਵਾਲੀਆਂ ਕੰਪਨੀਆਂ ਦੀ ਸਲਾਹ ਮੰਨੀ, ਉਨ੍ਹਾਂ ਵਿੱਚੋਂ ਕਈਆਂ ਦੇ ਬੱਚੇ ਜਾਂ ਤਾਂ ਮਾਰੇ ਗਏ ਜਾਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ।

ਡਾਕਟਰ ਆਜ਼ਾਦ ਕਹਿੰਦੇ ਹਨ ਕਿ, ਆਪਣੇ ਡਾਕਟਰੀ ਦੇ ਕੈਰੀਅਰ ਦੇ ਸ਼ੁਰੂ ਤੋਂ ਹੀ ਉਹ ਇਸ ਵਿਚਾਰ ਦੇ ਧਾਰਨੀ ਸਨ ਕਿ, ਪਿੰਡਾਂ ਵਿੱਚ ਸੇਵਾਵਾਂ ਦੇਣ ਲਈ ਐਮ.ਬੀ.ਬੀ.ਐਸ. ਯੋਗਤਾ ਵਾਲੇ ਡਾਕਟਰ ਫਿੱਟ ਨਹੀਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੁੱਝ ਅਜਿਹੇ ਇੰਤਜ਼ਾਮ ਕਰੇ ਜਿਸ ਨਾਲ ਕਿ ਕੁੱਝ ਘੱਟ ਯੋਗਤਾ ਵਾਲੇ ਵੱਧ ਡਾਕਟਰ ਪੈਦਾ ਕੀਤੇ ਜਾਣ, ਜਿਹੜੇ ਕਿ ਪਿੰਡਾਂ ਵਿੱਚ ਰਹਿ ਕੇ ਹੀ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ।

ਆਜ਼ਾਦ ਕਹਿੰਦੇ ਹਨ, ਕਿ ਅਜਿਹਾ ਨਹੀਂ ਹੈ ਸਮੇਂ ਦੀਆਂ ਸਰਕਾਰਾਂ ਨੇ ਉਸ ਸਮੇਂ ਉਨ੍ਹਾਂ ਦੀ ਸਲਾਹ ਨੂੰ ਮੰਨਦੇ ਹੋਏ ਅਜਿਹੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ, ਲੇਕਿਨ ਦਵਾਈਆਂ ਬਣਾਉਣ ਵਾਲੀਆਂ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਡਾਕਟਰਾਂ ਦੀ ਭਾਰੂ ਲਾਬੀ ਨੇ ਸਭ ਕੁੱਝ ਮਿੱਟੀ ਵਿੱਚ ਮਿਲਾ ਕੇ ਰੱਖ਼ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ, ਸਰਕਾਰਾਂ ਅਜੇ ਵੀ ਕੁੱਝ ਅਜਿਹੀਆਂ ਹੀ ਕੋਸ਼ਿਸ਼ਾਂ ਵਿੱਚ ਲੱਗੀਆਂ ਹੋਈਆਂ ਹਨ, ਕਿਉਂਕਿ ਆਜ਼ਾਦੀ ਦੇ ਸੱਤਰ ਸਾਲਾਂ ਦੇ ਬਾਅਦ ਵੀ ਪਿੰਡਾਂ ਵਿੱਚ ਸਿਹਤ ਸੇਵਾਵਾਂ ਉਸ ਪੱਧਰ 'ਤੇ ਅੱਜ ਤੱਕ ਵੀ ਨਹੀਂ ਪੁੱਜ ਸਕੀਆਂ ਹਨ, ਜਿਸ ਪੱਧਰ ਤੱਕ ਕਿ ਪੁੱਜਣੀਆਂ ਚਾਹੀਦੀਆਂ ਸਨ।

ਡਾਕਟਰ ਆਜ਼ਾਦ ਹਿੱਕ ਠੋਕ ਕੇ ਕਹਿੰਦੇ ਹਨ ਕਿ, ਐਮ.ਬੀ.ਬੀ.ਐਸ. ਵਿੱਚ ਪੜ੍ਹਾਈ ਜਾਣ ਵਾਲੀ ਐਲੋਪੈਥੀ ਵਿੱਚ ਵੱਡੇ ਨੁਕਸ ਹਨ, ਜਿਹੜੇ ਕਿ ਮਨੁੱਖ਼ਤਾ ਨੂੰ ਸਿਹਤਯਾਬ ਕਰਨ ਲਈ ਨਹੀਂ ਬਲਕਿ, ਉਨ੍ਹਾਂ ਨੂੰ ਹੋਰ ਬਿਮਾਰ ਕਰਨ ਵਾਲੇ ਹਨ। ਉਨ੍ਹਾਂ ਦੇ ਅਨੁਸਾਰ ਐਲੋਪੈਥੀ ਦੀ ਹਰ ਦਵਾਈ ਦੇ ਸਾਈਡ ਇਫ਼ੈਕਟ ਹਨ, ਅੱਜ ਕੋਈ ਵੀ ਦਵਾਈ ਜੇਕਰ ਇੱਕ ਬਿਮਾਰੀ ਨੂੰ ਠੀਕ ਕਰਦੀ ਹੈ ਤਾਂ ਉਹੀ ਦਵਾਈ ਹੋਰਨਾਂ ਕਈ ਬਿਮਾਰੀਆਂ ਦੀ ਜਨਮਦਾਤਾ ਵੀ ਬਣ ਜਾਂਦੀ ਹੈ। (ਬਾਕੀ ਕੱਲ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।