ਬੋਤਲ ਆਸਰੇ ਚੱਲ ਰਹੀ ਹੈ ਪੰਜਾਬ ਸਰਕਾਰ!!! (ਭਾਗ-2) (ਨਿਊਜ਼ ਨੰਬਰ ਐਕਸਕਲਿਊਸਿਵ)

Last Updated: May 15 2018 16:15

 

ਪਿਛਲੇ ਅੰਕ 'ਚ ਤੁਸੀਂ ਪੜ੍ਹਿਆ ਕਿ ਪੰਜਾਬ ਸਰਕਾਰ ਦਾ ਖ਼ਜਾਨਾ ਖ਼ਾਲੀ ਹੈ, ਪਰ ਬਾਵਜੂਦ ਇਸਦੇ ਇਹ ਪਿਛਲੇ ਲੱਗਭਗ ਡੇਢ ਸਾਲ ਤੋਂ ਚੱਲ ਰਹੀ ਹੈ। ਇਹ ਸਰਕਾਰ ਨਾ ਤਾਂ ਆਪਣੇ ਸਰਕਾਰੀ ਕਰਮਚਾਰੀਆਂ ਨੂੰ ਠੀਕ ਢੰਗ ਨਾਲ ਤਨਖ਼ਾਹਾਂ ਹੀ ਦੇ ਪਾ ਰਹੀ ਹੈ, ਨਾ ਆਪਣੇ ਸੇਵਾ-ਮੁਕਤ ਕਰਮਚਾਰੀਆਂ ਦੀ ਪੈਨਸ਼ਨਾਂ ਅਤੇ ਨਾ ਹੀ ਕਿਸਾਨਾਂ ਨੂੰ ਆਪਣੇ ਵਾਅਦੇ ਅਨੁਸਾਰ ਕਰਜਾ ਮੁਕਤ ਕਰ ਪਾ ਰਹੀ ਹੈ। ਤਨਖਾਹ ਦੇ ਨਾਂ 'ਤੇ ਇਸ ਸਰਕਾਰ ਨੇ ਆਪਣੇ ਸਰਕਾਰੀ ਕਰਮਚਾਰੀਆਂ ਨੂੰ ਭਿਖ਼ਾਰੀ ਬਣਾ ਛੱਡਿਆ ਹੈ ਜਿਹੜੇ ਕਿ ਹਰ ਮਹੀਨੇ ਦੀ 1 ਤਰੀਕ ਚੜਦੇ ਹੀ ਆਪਣੇ ਏ.ਟੀ.ਐਮ. ਕਾਰਡਾਂ ਨੂੰ ਪੂੰਝ-ਪੂੰਝ ਕੇ ਮਸ਼ੀਨਾਂ ਵਿੱਚ ਧੱਕੀ ਜਾਂਦੇ ਹਨ, ਇਹ ਚੈੱਕ ਕਰਨ ਲਈ ਕਿ ਕਿਤੇ ਇਹ ਖ਼ਰਾਬ ਤਾਂ ਨਹੀਂ ਹੋ ਗਿਆ। ਅਸੀਂ ਤੁਹਾਨੂੰ ਤੱਥਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਵੇਂ ਪੰਜਾਬ ਸਰਕਾਰ ਦਾ ਖ਼ਜਾਨਾ ਖ਼ਾਲੀ ਪਿਆ ਹੋਇਆ ਹੈ ਪਰ ਬਾਵਜੂਦ ਇਸਦੇ ਇਹ ਪੂਰੇ ਸਰੂਰ ਵਿੱਚ ਹੈ, ਨਸ਼ੇ ਵਿੱਚ ਹੈ ਕਿਉਂਕਿ ਇਹ ਸਰਕਾਰ ਚੱਲ ਹੀ ਬੋਤਲ ਦੇ ਆਸਰੇ ਰਹੀ ਹੈ। 

ਜਿਸ ਦਿਨ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਬੱਲੇ-ਬੱਲੇ ਹੋਣ ਦੀ ਖ਼ਬਰ ਮਿਲੀ ਸੀ, ਠੀਕ ਉਸੇ ਦਿਨ ਹੀ ਪੰਜਾਬ ਦੀ ਅਵਾਮ ਨੂੰ ਅਖ਼ਬਾਰਾਂ ਵਿੱਚ ਇਹ ਖ਼ਬਰ ਵੀ ਪੜ੍ਹਨ ਲਈ ਮਿਲ ਗਈ ਕਿ ਜ਼ਿਲ੍ਹਾ ਮਾਨਸਾ ਦੇ ਸੰਧਵੀ ਪਿੰਡ ਵਿੱਚ ਸਰਵਨ ਸਿੰਘ ਨਾਮਕ ਇੱਕ ਸ਼ਖਸ਼ ਨੇ ਆਪਣੇ 18 ਸਾਲਾਂ ਦੇ ਨੌਜਵਾਨ ਮੁੰਡੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਕਤਲ ਦਾ ਕਾਰਨ ਹੋਰ ਕੁਝ ਨਹੀਂ ਬਲਕਿ ਪੰਜਾਬ ਸਰਕਾਰ ਦੀ ਕਮਾਈ ਦਾ ਸਾਧਨ ਸ਼ਰਾਬ ਹੀ ਦੱਸੀ ਗਈ ਸੀ। ਕਹਿੰਦੇ ਹਨ ਕਿ ਮੁੰਡਾ ਆਪਣੇ ਪਿਓ ਨੂੰ ਸ਼ਰਾਬ ਪੀਣੋਂ ਰੋਕਿਆ ਕਰਦਾ ਸੀ। ਹੁਣ ਭਲਾ ਸਰਵਨ ਸਿੰਘ ਪੰਜਾਬ ਸਰਕਾਰ ਨੂੰ ਕਿੰਝ ਘਾਟਾ ਪੈਣ ਦਿੰਦਾ, ਸ਼ਰਾਬ ਨਾ ਪੀਕੇ, ਲਿਹਾਜਾ ਉਸਨੇ ਆਪਣੇ ਮੁੰਡੇ ਦੀ ਹੀ ਘੰਡੀ ਨੱਪ ਦਿੱਤੀ।

ਬੜੀ ਕੌੜੀ ਅਤੇ ਸਿੱਧ ਪੱਧਰੀ ਗੱਲ ਹੈ ਕਿ ਇੱਥੇ ਵੀ ਘਰ ਉਜੜ ਦਾ ਕਾਰਨ ਉਹੀ ਸ਼ਰਾਬ ਬਣੀ, ਜਿਸਤੋਂ ਹੁੰਦੀ ਕਮਾਈ ਵੇਖ-ਵੇਖ ਕੇ ਸਾਡੀ ਸਰਕਾਰ ਖ਼ੁਸ਼ੀਆਂ ਮਣਾ ਰਹੀ ਹੈ, ਭੰਗੜੇ ਪਾ ਰਹੀ ਹੈ। ਲੱਗਭਗ ਦੋ ਹਫ਼ਤੇ ਪਹਿਲਾਂ ਹੁਸ਼ਿਆਰਪੁਰ ਦੇ ਇੱਕ ਸ਼ਰਾਬੀ ਪਿਓ ਨੇ ਬੋਤਲ ਦੇ ਨਸ਼ੇ ਵਿੱਚ ਟੁੰਨ ਹੋਕੇ ਆਪਣੇ 2 ਸਾਲ ਦੇ ਮਾਸੂਮ ਬੱਚੇ ਨੂੰ ਬਲਦੀ ਅੱਗ ਵਿੱਚ ਸੁੱਟ ਦਿੱਤਾ ਸੀ। ਇਹ ਖ਼ਬਰ ਵੀ ਅਜੇ ਲੋਕ ਭੁੱਲੇ ਨਹੀਂ ਹੋਣਗੇ ਕਿ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਇੱਕ ਸ਼ਰਾਬੀ ਬੰਦੇ ਨੇ ਆਪਣੇ ਪੜੌਸ ਵਿੱਚ ਰਹਿਣ ਵਾਲੀ 100 ਸਾਲਾਂ ਦੀ ਬਜੁਰਗ ਔਰਤ ਨਾਲ ਮਾੜਾ ਕੀਤਾ ਸੀ। 

ਇਹ ਤਾਂ ਉਹ ਚੰਦ ਕਿੱਸੇ ਸਨ, ਅਜਿਹੇ ਹਜਾਰਾਂ ਹੀ ਕਿੱਸੇ ਹਨ, ਜਿਹਨਾਂ ਨੂੰ ਸੁਣਕੇ ਸਾਡੇ ਅਖ਼ਬਾਰਾਂ ਅਤੇ ਟੀ. ਵੀ. ਚੈਨਲਾਂ ਵਾਲੇ ਇੱਕ-ਦੋ ਦਿਨਾਂ ਤੱਕ ਤਾਂ ਜਰੂਰ ਟਪੂਸੀਆਂ ਮਾਰਦੇ ਹਨ ਪਰ ਅਗਲੇ ਹੀ ਦਿਨ ਸਭ ਕੁਝ ਭੁੱਲ ਭੁਲਾ ਕੇ ਕਿਸੇ ਹੋਰ ਮਗਰ ਪੈ ਜਾਂਦੇ ਹਨ ਮਾਈਕ ਚੁੱਕ ਕੇ। ਇਸ ਦੇਸ਼, ਇਸ ਸੂਬੇ ਵਿੱਚ ਸ਼ਰਾਬ ਦੇ ਮੰਦੇ ਚੰਗੇ ਕਿੱਸੇ ਸੁਣਾਉਣ ਦਾ ਕੋਈ ਲਾਭ ਨਹੀਂ ਹੋਣ ਵਾਲਾ ਕਿਉਂਕਿ ਸਮੇਂ ਦੀਆਂ ਸਰਕਾਰਾਂ ਢੀਠ ਹਨ, ਉਹਨਾਂ ਨੂੰ ਤਾਂ ਬੱਸ ਕਮਾਈ ਹੋਣੀ ਚਾਹੀਦੀ ਹੈ, ਸਿਰਫ਼ ਕਮਾਈ, ਹੋਵੇ ਭਾਵੇਂ ਜਿੱਥੋਂ ਮਰਜੀ। 

ਗੱਲ ਕਮਾਈ ਅਤੇ ਪੈਸੇ ਦੀ ਕਰੀਏ ਤਾਂ ਸਾਡੇ ਧਾਰਮਿਕ ਗ੍ਰੰਥਾਂ ਅਤੇ ਸ਼ਾਸਤਰਾਂ ਵਿੱਚ ਵੀ ਇਹੀ ਲਿਖ਼ਿਆ ਹੋਇਆ ਹੈ ਕਿ ਜਿਹੜਾ ਸਮਾਜ ਪੈਸੇ ਨੂੰ ਮਾਨਤਾ ਦਿੰਦਾ ਹੈ, ਉਹ ਸਮਾਜ ਹਰ ਪਾਪ ਨੂੰ ਸਵੀਕਾਰ ਕਰ ਸਕਦਾ ਹੈ। ਇੱਥੇ ਤਾਂ ਪਾਪ ਦੀ ਪ੍ਰੀਭਾਸ਼ਾ ਹੀ ਬਦਲ ਚੁੱਕੀ ਹੈ ਕਿਉਂਕਿ ਇੱਥੇ ਗੱਲ ਸਮਾਜਿਕ ਨਹੀਂ ਬਲਕਿ ਸਰਕਾਰੀ ਪਾਪ ਦੀ ਹੋ ਰਹੀ ਹੈ। 

ਸਾਡੇ ਦੇਸ਼ ਵਿੱਚ ਲੱਖਾਂ ਵੇਸਵਾਵਾਂ ਤੇ ਵੇਸਵਾ ਘਰ ਹਨ, ਸਰਕਾਰ ਮੰਨੇ ਜਾਂ ਨਾ ਮੰਨੇ ਪੰਜਾਬ ਵਿੱਚ ਹੀ ਹਨ, ਜਿੱਥੇ ਕਿ ਪੀਣ ਪਿਆਉਣ ਦਾ ਕੰਮ ਵੀ ਚੱਲਦਾ ਹੈ, ਪੈਸਾ ਵੀ ਖ਼ੂਬ ਲੁਟਾਇਆ ਜਾਂਦਾ ਹੈ ਉਹ ਵੀ ਕਮਾਈ ਦਾ ਬੇਹੱਦ ਵਧੀਆ ਤੇ ਟਿਕਾਊ ਸਾਧਨ ਹੈ। ਜਦੋਂ ਇਹ ਸਭ ਕੁਝ ਸਰਕਾਰਾਂ ਮੰਨਣ ਲਈ ਤਿਆਰ ਹਨ ਕਿ ਵੇਸਵਾ ਘਰਾਂ ਤੋਂ ਵੀ ਕਮਾਈ ਹੁੰਦੀ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਆਖ਼ਰ, ਸਰਕਾਰ ਵੇਸਵਾ ਘਰਾਂ, ਜੂਆ ਘਰਾਂ, ਅਫ਼ੀਮ, ਭੁੱਕੇ, ਡੋਡਿਆਂ, ਸਮੈਕ, ਹੈਰੋਇਨ ਨੂੰ ਵੀ ਸ਼ਰਾਬ ਵਾਂਗ ਮਾਨਤਾ ਕਿਉਂ ਨਹੀਂ ਦੇ ਦਿੰਦੀ ਕਿਉਂਕਿ ਕਮਾਈ ਤਾਂ ਇੱਥੋਂ ਵੀ ਖ਼ੂਬ ਹੋ ਸਕਦੀ ਹੈ। ਵੇਖ਼ੋ ਫ਼ਿਰ ਕਿੰਝ ਗਰੀਬੀ ਧੋਤੀ ਜਾਂਦੀ ਹੈ ਸਰਕਾਰ ਦੀ, ਕਿੰਝ ਹੁੰਦੇ ਹਨ ਖ਼ਜਾਨੇ ਫ਼ੁੱਲ। ਲੋਕੀ ਕਹਿੰਦੇ ਨੇ ਤਾਂ ਕਹਿਣ ਦਿਓ ਕਿ ਸ਼ਰਾਬ ਦੀ ਬੋਤਲ ਆਸਰੇ ਚੱਲਦੀ ਹੈ, ਪੰਜਾਬ ਸਰਕਾਰ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।