ਸੋਸ਼ਲ ਮੀਡੀਆ 'ਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਡਰ ਵੀ ਨਹੀਂ ਲੱਗਦਾ..? (ਨਿਊਜ਼ ਨੰਬਰ ਸਪੈਸ਼ਲ ਸਟੋਰੀ)

Last Updated: May 15 2018 15:29

21ਵੀਂ ਸਦੀ ਵਿੱਚ ਜਿਵੇਂ ਹੀ ਵਿਗਿਆਨ ਨੇ ਤਰੱਕੀ ਵੱਲ ਕਦਮ ਰੱਖੇ ਹਨ, ਉਸ ਦੀ ਘਬਰਾਹਟ ਇੱਕ ਨਹੀਂ, ਦੋ ਨਹੀਂ ਬਲਕਿ ਸੈਂਕੜੇ ਸ਼ਰਾਰਤੀ ਲੋਕਾਂ ਨੂੰ ਹੋਣ ਲੱਗੀ ਹੈ। ਵਿਗਿਆਨ ਦੁਆਰਾ ਕੀਤੀਆਂ ਜਾ ਰਹੀਆਂ ਨਿੱਤ ਨਵੀਆਂ ਖੋਜਾਂ ਦਾ ਕੁਝ ਕੁ ਸ਼ਰਾਰਤੀ ਅਨਸਰ ਜਿੱਥੇ ਗਲਤ ਫ਼ਾਇਦਾ ਲੈ ਰਹੇ ਹਨ, ਉੱਥੇ ਹੀ ਗਲਤ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਚੱਕਰਾਂ ਵਿੱਚ ਵੀ ਪਾ ਰਹੇ ਹਨ। ਵੈਸੇ ਵੇਖਿਆ ਜਾਵੇ ਤਾਂ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਝੂਠੀਆਂ ਅਫ਼ਵਾਹਾਂ ਵੱਡੇ ਪੱਧਰ 'ਤੇ ਫੈਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਕਈ ਵਾਰ ਸੱਚੀ ਖ਼ਬਰ ਦੀ ਭਰੋਸੇਯੋਗਤਾ ਵੀ ਖ਼ਤਮ ਹੋ ਜਾਂਦੀ ਹੈ। ਬੀਤੇ ਸਮੇਂ ਦੌਰਾਨ ਕਈ ਨਾਮਵਰ ਸ਼ਖ਼ਸੀਅਤਾਂ ਦੀ ਮੌਤ ਬਾਰੇ ਵੀ ਕਈ ਵਾਰ ਅਫ਼ਵਾਹਾਂ ਫੈਲ ਚੁੱਕੀਆਂ ਹਨ, ਜਿਸ ਨਾਲ ਇਨ੍ਹਾਂ ਮਹਾਨ ਹਸਤੀਆਂ ਦੇ ਪ੍ਰਸੰਸਕਾਂ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਹੁੰਦੀ ਹੈ।

ਦੋਸਤੋਂ, ਜੇਕਰ ਆਪਾ ਤਾਜ਼ਾ ਹਲਾਤਾਂ 'ਤੇ ਨਿਗ੍ਹਾ ਮਾਰੀਏ ਤਾਂ ਅੱਜ ਹਰ ਇੱਕ ਵਿਅਕਤੀ ਦੀ ਜੇਬ ਵਿੱਚ ਇੰਟਰਨੈੱਟ ਦੀ ਸਹੂਲਤ ਵਾਲਾ ਸਮਾਰਟ ਫ਼ੋਨ ਮਿਲਦਾ ਹੈ। ਨਵੀਂ ਪਨੀਰੀ ਤੋਂ ਇਲਾਵਾ ਆਮ ਉਮਰ ਵਰਗ ਅਤੇ ਬੱਚੇ ਵੀ 'ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ' ਆਦਿ ਦੇ ਦੀਵਾਨੇ ਹੋਏ ਫਿਰਦੇ ਹਨ। ਸੋਸ਼ਲ ਮੀਡੀਆ ਦੀ ਵਰਤੋਂ ਦਾ ਚੰਗਾ ਪੱਖ ਦੇਖੀਏ ਤਾਂ ਇਹ ਬਹੁਤ ਵੱਡੀ ਸਹੂਲਤ ਹੈ, ਕਿਉਂਕਿ ਦੁਨੀਆ ਹਮੇਸ਼ਾ ਸਾਡੀ ਮੁੱਠੀ ਵਿੱਚ ਰਹਿੰਦੀ ਹੈ ਅਤੇ ਅਸੀਂ ਆਪਣੇ ਦੋਸਤਾਂ ਨਾਲ ਜੁੜੇ ਰਹਿੰਦੇ ਹਾਂ। ਇਸ ਤੋਂ ਇਲਾਵਾ ਦੁਨੀਆ ਦੇ ਕਿਸੇ ਵੀ ਹਿੱਸੇ ਦੀ ਖ਼ਬਰ ਸਾਡੇ ਕੋਲ ਮਿੰਟਾਂ-ਸਕਿੰਟਾਂ ਵਿੱਚ ਪਹੁੰਚ ਜਾਂਦੀ ਹੈ, ਪਰ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਕੁਝ ਅਜਿਹੇ ਪੱਖ ਵੀ ਸਾਡੇ ਸਾਹਮਣੇ ਆ ਰਹੇ ਹਨ ਜੋ ਸਾਡੇ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਸੋਸ਼ਲ ਮੀਡੀਆ 'ਤੇ ਫੈਲੀਆਂ ਝੂਠੀਆਂ ਅਫ਼ਵਾਹਾਂ ਕਾਰਨ ਕਈ ਵਾਰ ਤਾਂ ਸਹੀ ਖ਼ਬਰ ਵੀ ਹੱਥੋਂ ਨਿਕਲ ਜਾਂਦੀ ਹੈ। 

ਦੋਸਤੋਂ, ਜੇਕਰ ਦੂਜੇ ਪਾਸੇ ਵੇਖੀਏ ਤਾਂ ਜਿੱਥੇ ਆਮ ਲੋਕ ਇਨ੍ਹਾਂ ਝੂਠੀਆਂ ਅਫ਼ਵਾਹਾਂ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਸਰਕਾਰ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਸੋਸ਼ਲ ਮੀਡੀਆ ਤੋਂ ਘਬਰਾਉਣ ਲੱਗ ਪਏ ਹਨ। ਦੋਸਤੋਂ ਸਾਡਾ ਸਾਰਿਆਂ ਦਾ ਜੀਵਨ ਹੁਣ ਇੰਟਰਨੈੱਟ ਨਾਲ ਜੁੜਿਆ ਹੋਇਆ ਹੈ। ਸਰਕਾਰ ਵੀ ਆਪਣੇ ਕਈ ਕੰਮ ਐਪ ਰਾਹੀਂ ਕਰਦੀ ਹੈ। ਈ-ਕਾਮਰਸ, ਹੋਟਲ, ਸੈਰ-ਸਪਾਟਾ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਵਪਾਰ ਇੰਟਰਨੈੱਟ ਰਾਹੀਂ ਹੀ ਹੁੰਦੇ ਹਨ। ਵੇਖਿਆ ਜਾਵੇ ਤਾਂ ਇੰਟਰਨੈੱਟ ਹੁਣ ਹਵਾ-ਪਾਣੀ ਵਾਂਗ ਹੈ। ਪ੍ਰਸ਼ਾਸਨ ਨੂੰ ਡਰ ਰਹਿੰਦਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਅਫ਼ਵਾਹਾਂ ਫੈਲਣ ਨਾਲ ਸਥਿਤੀ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ। ਕਈ ਵਾਰ ਉਹ ਆਪਣੀ ਨਾਕਾਮੀ ਦੇ ਕਿੱਸੇ ਫੈਲਣ ਤੋਂ ਰੋਕਣ ਲਈ ਵੀ ਬੰਦ ਕਰਦੀ ਹੋਵੇਗੀ। ਸੋਸ਼ਲ ਮੀਡੀਆ 'ਤੇ ਰੋਜ਼ ਅਫ਼ਵਾਹਾਂ ਫੈਲਦੀਆਂ ਰਹਿੰਦੀਆਂ ਹਨ, ਤਾਂ ਕੀ ਰੋਜ਼ ਹੀ ਫੇਸਬੁੱਕ ਅਤੇ ਵਟਸਐਪ ਬੰਦ ਕਰ ਦਿੱਤਾ ਜਾਵੇ। ਸੋਸ਼ਲ ਮੀਡੀਆ ਦਾ ਉਭਾਰ ਅਜਿਹੇ ਸਪੇਸ ਦੇ ਰੂਪ ਵਿੱਚ ਹੋਇਆ ਸੀ, ਜਿੱਥੇ ਲੋਕ ਸਨ। ਜੋ ਮੀਡੀਆ ਅਤੇ ਸਿਆਸੀ ਦਲਾਂ ਤੋਂ ਵੱਖਰੇ ਨਵੇਂ ਸਪੇਸ ਦੀ ਰਚਨਾ ਕਰ ਰਹੇ ਸਨ ਅਤੇ ਆਪਣੀਆਂ ਗੱਲਾਂ ਲਿਖ ਰਹੇ ਸਨ।

ਹੁਣ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਕਿਸ ਤਰ੍ਹਾਂ ਪਾਰਟੀਆਂ ਨੇ ਇਸ ਸਪੇਸ ਦੀ ਵਰਤੋਂ ਸਿਆਸੀਕਰਨ ਕਰਨ ਵਿੱਚ ਕੀਤੀ ਅਤੇ ਕਿਸ ਤਰ੍ਹਾਂ ਅਫ਼ਵਾਹਾਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਇਸ ਖੇਡ ਵਿੱਚ ਸੱਤਾਧਾਰੀ ਦਲ ਨਾਲ ਜੁੜੇ ਸਮਰਥਕਾਂ ਅਤੇ ਸੰਗਠਨਾਂ ਦਾ ਹੀ ਪੱਲਾ ਭਾਰੀ ਰਹਿੰਦਾ ਹੈ। ਇਨ੍ਹਾਂ ਖ਼ਿਲਾਫ਼ ਸ਼ਾਇਦ ਹੀ ਕਦੇ ਕਾਰਵਾਈ ਹੁੰਦੀ ਹੋਵੇ। ਜਥੇਬੰਦ ਰੂਪ ਗਾਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਮਨ-ਮੁਆਫ਼ਕ ਨਾ ਲਿਖਣ 'ਤੇ ਸਿਆਸੀ ਸਮਰਥਕ ਵਟਸਐਪ ਤੋਂ ਲੈ ਕੇ ਫੇਸਬੁੱਕ ਅਤੇ ਟਵਿੱਟਰ 'ਤੇ ਬਦਨਾਮ ਕਰਨ ਦੀ ਖੇਡ ਖੇਡਣ ਲੱਗਦੇ ਹਨ। ਇਨ੍ਹਾਂ ਦੇ ਹੰਗਾਮਾ ਕਰਨ ਨਾਲ ਨਿਊਜ਼ ਚੈਨਲਾਂ ਦੇ ਨਿਊਜ਼ ਰੂਮ ਵਿੱਚ ਭੂਚਾਲ ਜਿਹਾ ਆ ਜਾਂਦਾ ਹੈ। ਟੀਵੀ ਐਂਕਰ ਵੀ ਸੋਸ਼ਲ ਮੀਡੀਆ 'ਤੇ ਫੈਲੀਆਂ ਇਨ੍ਹਾਂ ਨੂੰ ਜਨਤਾ ਸਮਝ ਕੇ ਇਨ੍ਹਾਂ ਦੀ ਭਾਸ਼ਾ ਬੋਲਣ ਲੱਗਦੇ ਹਨ, ਅਤੇ ਜਦੋਂ ਇਹ ਚੁੱਪ ਹੋ ਜਾਂਦੇ ਹਨ ਤਾਂ ਉਹ ਮੁੱਦਾ ਚੈਨਲਾਂ ਤੋਂ ਗਾਇਬ ਹੋ ਜਾਂਦਾ ਹੈ। 

ਜਿਵੇਂ ਕਿ ਦੋਸਤੋਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਖ਼ਸਰਾ ਅਤੇ ਰੂਬੇਲਾ ਟੀਕਾਕਰਨ ਸਬੰਧੀ ਕਾਫੀ ਜ਼ਿਆਦਾ ਅਫ਼ਵਾਹਾਂ ਫੈਲਾਈਆਂ ਗਈਆਂ ਅਤੇ ਟੀਕੇ ਸਬੰਧੀ ਕਾਫੀ ਗਲਤ ਜਾਣਕਾਰੀ ਬੱਚਿਆਂ ਦੇ ਮਾਪਿਆਂ ਸਾਹਮਣੇ ਪੇਸ਼ ਕੀਤੀ ਗਈ। ਜਿਸ ਤੋਂ ਬਾਅਦ ਕਈਆਂ ਨੇ ਆਪਣੇ ਬੱਚਿਆਂ ਨੂੰ ਖ਼ਸਰਾ ਅਤੇ ਰੂਬੇਲਾ ਟੀਕਾ ਹੀ ਨਹੀਂ ਲਗਵਾਇਆ। ਸਵਾਲ ਉੱਠਦਾ ਹੈ ਕਿ ਹੁਣ ਜੋ ਅੱਜ ਦੇ ਦੌਰ ਵਿੱਚ, ਖ਼ਾਸ ਕਰਕੇ ਪੰਜਾਬ ਵਿੱਚ ਜਿੱਥੇ ਨਸ਼ਿਆਂ ਦਾ ਬੋਲ-ਬਾਲਾ ਹੈ, ਖ਼ੁਰਾਕ ਵਿੱਚ ਮਿਲਾਵਟ ਹੈ, ਹਵਾ ਵਿੱਚ ਜ਼ਹਿਰਾਂ ਘੁਲ ਰਹੀਆਂ ਹਨ, ਪਾਣੀ ਦੂਸ਼ਿਤ ਹੋ ਰਿਹਾ ਹੈ ਅਤੇ ਜ਼ਹਿਰੀਲਾ ਧੂੰਆਂ ਹਾਨੀਕਾਰਕ ਸਥਿਤੀਆਂ ਪੈਦਾ ਕਰ ਰਿਹਾ ਹੈ, ਕੀ ਇਹ ਸਭ ਕੁਝ ਇਨਸਾਨ ਨੂੰ ਬਿਮਾਰ, ਕਮਜ਼ੋਰ, ਨਿਪੁੰਸਕ, ਨਾਮਰਦ ਨਹੀਂ ਬਣਾ ਰਹੀਆਂ? ਇਸ ਬਾਰੇ ਕੌਣ ਸੋਚ ਰਿਹਾ ਹੈ? ਪਰ.!! ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਚੀਜ਼ਾਂ ਦੇ ਬੁਰੇ ਨਤੀਜੇ ਨੂੰ ਨਜ਼ਰਅੰਦਾਜ਼ ਕਰਕੇ ਲੋਕ ਜ਼ਿੰਮੇਵਾਰ ਸਿਰਫ਼ ਟੀਕਿਆਂ ਨੂੰ ਹੀ ਠਹਿਰਾਉਣਗੇ ਤਾਂ ਇਹ ਬਹੁਤ ਹੀ ਗ਼ਲਤ ਤੇ ਨਾਜਾਇਜ਼ ਗੱਲ ਹੈ। 

ਇਨ੍ਹਾਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਛੁੱਟੀਆਂ ਆਦਿ ਦੀਆਂ ਝੂਠੀਆਂ ਅਫ਼ਵਾਹਾਂ ਜਿੱਥੇ ਮੁਲਾਜ਼ਮ ਵਰਗ ਨੂੰ ਭੰਬਲਭੂਸੇ ਵਿੱਚ ਪਾ ਦਿੰਦੀਆਂ ਹਨ, ਜੋ ਮਿੰਟਾਂ-ਸਕਿੰਟਾਂ ਵਿੱਚ ਹੀ ਵਾਇਰਲ ਹੋ ਕੇ ਸੋਸ਼ਲ ਮੀਡੀਆ ਨਾਲ ਜੁੜੇ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਹੁਣ ਲੋਕ ਸੋਸ਼ਲ ਮੀਡੀਏ ਦੀ ਹਰ ਇੱਕ ਖ਼ਬਰ ਦੀ ਸਚਾਈ ਜਾਣਨ ਲਈ ਆਪਣੇ ਦੋਸਤਾਂ ਆਦਿ ਨੂੰ ਫ਼ੋਨ ਕਰਦੇ ਆਮ ਦੇਖੇ ਜਾਂਦੇ ਹਨ। ਸੋ ਦੋਸਤੋਂ, ਸਾਨੂੰ ਸਾਰਿਆਂ ਨੂੰ ਆਪਣੇ ਧਰਮ-ਨਿਰਪੱਖ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਕੋਈ ਵੀ ਅਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ, ਜਿਸ ਨਾਲ ਨਾਗਰਿਕ, ਧਰਮ ਜਾਂ ਜਾਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ। ਇਸ ਨਾਲ ਜਿੱਥੇ ਮਾਹੌਲ ਖਰਾਬ ਹੁੰਦਾ ਹੈ ਉੱਥੇ ਕਾਨੂੰਨ ਵਿਵਸਥਾ ਵਿੱਚ ਵੀ ਵਿਘਨ ਪੈਂਦਾ ਹੈ। ਸੋ ਸਾਨੂੰ ਸਾਰਿਆਂ ਨੂੰ ਗਲਤ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਨੂੰ ਰੋਕਣਾ ਚਾਹੀਦਾ ਹੈ ਅਤੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਸਬੰਧੀ ਪੁਲਿਸ ਨੂੰ ਰਿਪੋਰਟ ਕਰਨੀ ਚਾਹੀਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।