ਕਿਤੇ ਦੁੱਧ ਦੇ ਨਾਂਅ 'ਤੇ ਜ਼ਹਿਰ ਤਾਂ ਨਹੀਂ ਪੀ ਰਹੇ ਨੇ ਭਾਰਤ ਵਾਸੀ..!!! (ਨਿਊਜ਼ ਨੰਬਰ ਸਪੈਸ਼ਲ ਸਟੋਰੀ)

Last Updated: May 14 2018 17:01

ਭਾਰਤ ਵਿੱਚ ਜਿੱਥੇ ਕੁੱਝ ਕਿਸਾਨਾਂ ਵੱਲੋਂ ਆਪਣੀ ਫਸਲਾਂ 'ਤੇ ਜਹਿਰੀਲੀ ਦਵਾਈਆਂ ਛਿੜਕ ਕੇ ਲੋਕਾਂ ਨੂੰ ਜਹਿਰ ਖੁਆਇਆ ਜਾ ਰਿਹਾ ਹੈ, ਉੱਥੇ ਹੀ ਹੁਣ ਨਕਲੀ ਅਤੇ ਸਿੰਥੈਟਿਕ ਦੁੱਧ ਤਿਆਰ ਕਰਨ ਵਾਲੇ ਕੁੱਝ ਮਿਲਾਵਟਖੋਰਾਂ ਨੇ ਹੱਦ ਕਰ ਦਿੱਤੀ ਹੈ। ਵੇਖਿਆ ਜਾਵੇ ਤਾਂ ਭਾਰਤ ਵਾਸੀਆਂ ਨੂੰ ਖਾਣ-ਪੀਣ ਵਾਲੀਆਂ ਜ਼ਿਆਦਾਤਰ ਮਿਲਾਵਟੀ ਵਸਤੂਆਂ ਬਜ਼ਾਰ ਵਿੱਚੋਂ ਮਿਲਣ ਕਾਰਨ ਉਨ੍ਹਾਂ ਨੂੰ ਭਿਆਨਕ ਬਿਮਾਰੀਆਂ ਵੀ ਜਕੜ ਰਹੀਆਂ ਹਨ। ਜਿਸ ਕਾਰਨ ਮਨੁੱਖੀ ਸਰੀਰ ਦੀ ਸਿਹਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ, ਜੋ ਦੇਸ਼ ਲਈ ਵੱਡਾ ਖਤਰਾ ਸਾਬਿਤ ਹੋ ਰਹੀ ਹੈ। ਬੱਚਿਆਂ ਨੂੰ ਉਨ੍ਹਾਂ ਦੀ ਚੰਗੀ ਸਿਹਤ ਲਈ ਡਾਕਟਰ ਦੁੱਧ ਜ਼ਿਆਦਾ ਤੋਂ ਜ਼ਿਆਦਾ ਪਿਆਉਣ ਲਈ ਅਪੀਲ ਕਰਦੇ ਹਨ, ਪਰ ਅੱਜ ਕੱਲ੍ਹ ਬਜ਼ਾਰ ਵਿੱਚ ਮਿਲਾਵਟ ਵਾਲੇ ਦੁੱਧ ਦੇ ਨਾਲ-ਨਾਲ ਨਕਲੀ ਦੁੱਧ ਮਿਲਣ ਕਾਰਨ ਬੱਚਿਆਂ ਦਾ ਭਵਿੱਖ ਖਤਰੇ ਵੱਲ ਜਾਂਦਾ ਨਜ਼ਰੀ ਆ ਰਿਹਾ ਹੈ। 

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਕੁੱਝ ਸਮੇਂ ਪਹਿਲਾਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਬਜ਼ਾਰ ਵਿੱਚ ਮਿਲਦੇ ਮਿਲਾਵਟੀ ਅਤੇ ਸਿੰਥੈਟਿਕ ਦੁੱਧ ਬਾਰੇ ਬਹੁਤ ਸਖਤ ਟਿੱਪਣੀ ਕੀਤੀ ਗਈ ਸੀ। ਕੋਰਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਉਦੋਂ ਹੀ ਜਾਗਣਗੀਆਂ, ਜਦੋਂ ਇਹ ਮਿਲਾਵਟਖੋਰ ਸਿੱਧੇ ਤੌਰ 'ਤੇ ਇਸ ਵਿੱਚ ਸਾਈਨਾਈਡ ਮਿਲਾ ਦੇਣਗੇ, ਜਿਸ ਨਾਲ ਲੋਕ ਸ਼ਰੇਆਮ ਮਰਨ ਲੱਗ ਜਾਣਗੇ। ਕੋਰਟ ਨੇ ਅਜਿਹੀ ਟਿੱਪਣੀ ਕਿਸੇ ਆਮ ਪ੍ਰਾਈਵੇਟ ਏਜੰਸੀ ਵੱਲੋਂ ਕੀਤੀ ਜਾਂਚ ਦੇ ਅਧਾਰ 'ਤੇ ਨਹੀਂ ਕੀਤੀ ਸੀ, ਸਗੋਂ ਭਾਰਤ ਸਰਕਾਰ ਦੇ ਖੁਰਾਕ ਅਤੇ ਸਿਹਤ ਸੁਰੱਖਿਆ ਬਾਰੇ ਮੰਤਰਾਲੇ ਅਧੀਨ ਕੰਮ ਕਰਨ ਵਾਲੇ ਸਰਕਾਰੀ ਅਦਾਰੇ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ ਰਾਹੀਂ ਸਾਰੇ ਦੇਸ਼ ਵਿੱਚ ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਉਪਲਬਧ ਬਜ਼ਾਰੀ ਦੁੱਧ ਦੇ ਜੋ ਸੈਂਪਲ ਲਏ ਗਏ ਸੀ, ਉਨ੍ਹਾਂ ਦੇ ਅਧਾਰ 'ਤੇ ਕੀਤੀ ਸੀ।

ਦੋਸਤੋਂ, ਜੇਕਰ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇਸ ਸਰਹੱਦੀ ਜ਼ਿਲ੍ਹੇ ਵਿੱਚ ਕੁੱਝ ਮੁਨਾਫਾਖੋਰਾਂ ਨੇ ਸਫੈਦ ਦੁੱਧ ਨੂੰ ਕਾਲਾ ਧੰਦਾ ਬਣਾ ਲਿਆ ਹੈ, ਜੋ ਦੇਸ਼ ਦੇ ਭਵਿੱਖ ਨੂੰ ਤਰੱਕੀ ਦੇਣ ਦੀ ਬਿਜਾਏ ਹੇਠਲੇ ਪੱਧਰ 'ਤੇ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਅਤੇ ਇਹ ਕਾਲਾ ਧੰਦਾ ਕਰਨ ਵਾਲੇ ਵਪਾਰੀਆਂ ਦੀ ਦਿਨ-ਬ-ਦਿਨ ਚਾਂਦੀ ਹੋ ਰਹੀ ਹੈ। ਜਹਿਰੀਲਾ, ਮਿਲਾਵਟੀ ਅਤੇ ਸਿੰਥੈਟਿਕ ਦੁੱਧ ਲਗਾਤਾਰ ਸਾਡੇ ਅਤੇ ਸਾਡੇ ਬੱਚਿਆਂ ਦੇ ਜੀਵਨ ਨੂੰ ਖੋਰਾ ਲਗਾ ਰਿਹਾ ਹੈ ਅਤੇ ਨਕਲੀ ਸਿੰਥੈਟਿਕ ਦੁੱਧ ਦੀ ਵਿਕਰੀ ਜੋਰਾਂ 'ਤੇ ਹੈ। ਵੇਖਿਆ ਜਾਵੇ ਤਾਂ ਸੂਬੇ ਵਿੱਚ ਐਨੀਆਂ ਤਾਂ ਮੱਝਾਂ-ਗਾਵਾਂ ਹੀ ਨਹੀਂ ਹਨ, ਜਿਨ੍ਹਾਂ ਦੇ ਅਸਲ ਦੁੱਧ ਤੋਂ ਮੰਗ ਅਤੇ ਸਪਲਾਈ ਪੂਰੀ ਹੋ ਸਕੇ। ਇਹ ਨਕਲੀ ਦੁੱਧ ਹੀ ਤਾਂ ਹੈ ਜਿਹੜਾ ਕੁਇੰਟਲਾਂ ਦੇ ਕੁਇੰਟਲ ਤਿਆਰ ਹੋ ਕੇ ਮਾਰਕੀਟ ਵਿੱਚ ਧੜਾਧੜ ਵਿੱਕ ਰਿਹਾ ਹੈ ਅਤੇ ਲੋਕਾਂ ਦੀ ਮੰਗ ਨੂੰ ਪੂਰਾ ਕਰ ਰਿਹਾ ਹੈ।

ਸੂਤਰਾਂ ਦੀ ਮੰਨੀਏ ਤਾਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਕੁੱਝ ਮੁਨਾਫਾਖੋਰ ਆਪਣੇ ਦੁੱਧ ਦੇ ਇਸ ਕਾਲੇ ਧੰਦੇ ਨੂੰ ਦਿਨ-ਬ-ਦਿਨ ਵਧਾਉਣ ਵਿੱਚ ਲੱਗੇ ਹੋਏ ਹਨ ਅਤੇ ਲੋਕਾਂ ਵਿੱਚ ਬਿਮਾਰੀਆਂ ਪੈਦਾ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਨਕਲੀ ਦੁੱਧ ਨੂੰ ਬਣਾਉਣ ਲਈ ਪਹਿਲੋਂ ਯੂਰੀਆ ਅਤੇ ਰਿਫਾਈਂਡ ਤੇਲ ਨੂੰ ਪਾਣੀ ਦੀ ਮਦਦ ਨਾਲ ਮਿਲਾਕੇ ਘੋਲ ਤਿਆਰ ਕਰ ਲਿਆ ਜਾਂਦਾ ਹੈ ਅਤੇ ਫਿਰ ਇਸ ਵਿੱਚ ਕਾਸਟਿਕ ਸੋਡਾ ਅਤੇ ਸੈਂਟ ਮਿਲਾਉਣ ਤੋਂ ਬਾਅਦ ਨਕਲੀ ਦੁੱਧ ਤਿਆਰ ਹੋ ਜਾਂਦਾ ਹੈ। ਇਸ ਵਿੱਚ ਜ਼ਿਆਦਾ ਝੱਗ ਬਣਾਉਣ ਲਈ ਜਿੱਥੇ ਸਰਫ ਵਰਗੇ ਪਦਾਰਥਾਂ ਦੀ ਵਰਤੋ ਕੀਤੀ ਜਾਂਦੀ ਹੈ, ਉੱਥੇ ਹੀ ਨਕਲੀ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਾਸਟਿਕ ਸੋਡੇ ਦੀ ਵਰਤੋ ਵੀ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਜ਼ਿਲ੍ਹੇ ਵਿੱਚ ਕਈ ਇਲਾਕੇ ਅਜਿਹੇ ਵੀ ਹਨ, ਜਿੱਥੇ ਪਨੀਰ ਵੀ ਨਕਲੀ ਵਿਕਦਾ ਹੈ।

ਇਸ ਸਾਰੇ ਮਾਮਲੇ ਨੂੰ ਲੈ ਕੇ 'ਨਿਊਜ਼ ਨੰਬਰ' ਟੀਮ ਵੱਲੋਂ ਜਦੋਂ ਇੱਕ ਡੇਅਰੀ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੇਕਰ ਸਿਹਤ ਵਿਭਾਗ ਵੱਲੋਂ ਗੰਭੀਰਤਾ ਨਾਲ ਦੁੱਧ ਲਿਆਉਣ ਵਾਲਿਆਂ ਦੇ ਸੈਂਪਲ ਚੈੱਕ ਕੀਤੇ ਜਾਣ ਤਾਂ ਸਾਰੀ ਸਥਿਤੀ ਸਾਫ ਹੋ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਧੰਦੇ ਵਿੱਚ ਕਈ ਤਰ੍ਹਾਂ ਦੇ ਗਲਤ ਸਮਾਨ ਦੀ ਵਰਤੋ ਕੀਤੀ ਜਾਂਦੀ ਹੈ, ਜੋ ਸਹੀ ਨਹੀਂ ਹੈ। ਲੋਕਾਂ ਨੂੰ ਜ਼ਿਆਦਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਮਿਲਾਵਟ ਵਾਲਾ ਦੁੱਧ ਮਿਲ ਰਿਹਾ ਹੈ। ਦੂਜੇ ਪਾਸੇ ਧਾਰਮਿਕ ਖੇਤਰ ਅਤੇ ਉੱਘੀ ਸਮਾਜ ਸੇਵੀ ਸੰਸਥਾ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਨੇ ਜਬਰ ਜਿਨਾਹ ਵਾਂਗ ਮਿਲਾਵਟਖੋਰਾਂ ਲਈ ਵੀ ਸਖ਼ਤ ਕਾਨੂੰਨ ਬਣਾਉਣ ਤੋਂ ਮੰਗ ਕੀਤੀ। ਉਨ੍ਹਾਂ ਨੇ ਸਮੁੱਚੇ ਸੂਬੇ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਤਿਉਹਾਰਾਂ ਦੇ ਮੌਸਮ ਦੌਰਾਨ ਖ਼ਾਸ ਕਰ ਮਿਠਾਈਆਂ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਸਖ਼ਤ ਨਜ਼ਰ ਰੱਖਣ ਅਤੇ ਵਿਸ਼ੇਸ਼ ਟੀਮ ਬਣਾ ਕੇ ਇਹ ਯਕੀਨੀ ਬਣਾਉਣ ਕਿ ਹਰੇਕ ਨਾਗਰਿਕ ਨੂੰ ਸ਼ੁੱਧ ਖਾਣ ਪੀਣ ਦਾ ਸਮਾਨ ਮਿਲੇ, ਤਾਂ ਜੋ ਲੋਕ ਜਾਨਲੇਵਾ ਬਿਮਾਰੀਆਂ ਤੋਂ ਬੱਚ ਸਕਣ।

ਇਸ ਮਾਮਲੇ ਨੂੰ ਲੈ ਕੇ ਜਦੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਮਵੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅੱਜ ਹੀ ਡੇਅਰੀ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਨਗੇ ਕਿ ਨਕਲੀ ਅਤੇ ਮਿਲਾਵਟੀ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕੋਈ ਵੀ ਅਨਸਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਦੁੱਧ ਦੀ ਕੁਆਲਿਟੀ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮੁੱਦਾ ਹੈ ਅਤੇ ਇਸ ਸਬੰਧੀ ਫੌਰੀ ਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ। ਦੋਸਤੋਂ, ਜੇਕਰ ਇਸ ਮਸਲੇ 'ਤੇ ਸਿਹਤ ਮਹਿਕਮੇ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵੇਚਿਆ ਜਾਣ ਵਾਲਾ 68 ਫੀਸਦੀ ਦੁੱਧ ਭਾਰਤੀ ਖੁਰਾਕ ਰੈਗੂਲੇਟਰੀ ਵੱਲੋਂ ਨਿਰਧਾਰਿਤ ਸ਼ੁੱਧਤਾ 'ਤੇ ਖਰਾ ਨਹੀਂ ਉੱਤਰਦਾ।

'ਨਿਊਜ਼ ਨੰਬਰ' ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਫੂਡ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ਡੇਅਰੀਆਂ ਅਤੇ ਦੁੱਧ ਦਾ ਧੰਦਾ ਕਰਨ ਵਾਲੇ ਲੋਕਾਂ ਦੇ ਦੁੱਧ ਦੇ ਸੈਂਪਲ ਲਏ ਜਾਂਦੇ ਹਨ। ਸੋ ਦੋਸਤੋਂ, ਇਹ ਮੁੱਦਾ ਬਹੁਤ ਹੀ ਗੰਭੀਰ ਹੈ, ਡੇਅਰੀ ਵਿਭਾਗ ਅਤੇ ਸਿਹਤ ਵਿਭਾਗ ਨੂੰ ਛੇਤੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਕਿ ਡਿਪਟੀ ਕਮਿਸ਼ਨਰ ਅਤੇ ਸਿਹਤ ਵਿਭਾਗ ਫਿਰੋਜ਼ਪੁਰ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਮਿਲਾਵਟਖੋਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਦੇਖਣਾ ਹੁਣ ਇਹ ਹੋਵੇਗਾ ਕਿ ਆਖਿਰ ਕਦੋਂ ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਮਿਲਾਵਟਖੋਰਾਂ ਵਿਰੁੱਧ ਮੁਹਿੰਮ ਚਲਾਉਂਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।