ਦੁੱਧ ਉਤਪਾਦਕਾਂ ਨੂੰ ਡੇਅਰੀ ਵਿਕਾਸ ਅਧਿਕਾਰੀਆਂ ਨੇ ਸਿਖਾਏ ਵੱਧ ਦੁੱਧ ਉਤਪਾਦਨ ਕਰਨ ਦੇ ਆਸਾਨ ਤਰੀਕੇ

Last Updated: May 14 2018 10:13

ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਵਿਗਿਆਨਕ ਢੰਗ ਨਾਲ ਲੀਹਾਂ ਤੇ ਚਲਾਉਣ ਦੇ ਸਬੰਧ 'ਚ ਪਸ਼ੂ ਪਾਲਕਾਂ ਨੂੰ ਸਿਖਲਾਈ ਦੇਣ ਦੇ ਉਦੇਸ਼ ਨਾਲ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਬਧੌਛੀ ਕਲਾਂ ਵਿਖੇ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ। ਇਸ ਜਾਗਰੂਕਤਾ ਸਮਾਰੋਹ ਦੌਰਾਨ ਆਸਪਾਸ ਦੇ ਪਿੰਡਾਂ ਤੇ ਹੋਰ ਇਲਾਕਿਆਂ 'ਚੋਂ ਵੱਡੀ ਗਿਣਤੀ 'ਚ ਦੁੱਧ ਉਤਪਾਦਕਾਂ ਨੇ ਸ਼ਮੂਲੀਅਤ ਕੀਤੀ। ਸਮਾਰੋਹ ਦੌਰਾਨ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ (ਵਿਕਾਸ) ਹਰਪਾਲ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਦੁੱਧ ਉਤਪਾਦਕਾਂ ਨੂੰ ਡੇਅਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ, ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਆਂ ਅਤੇ ਸੂਚਨਾ ਦਾ ਅਧਿਕਾਰ ਐਕਟ-2005 ਬਾਰੇ ਜਾਣਕਾਰੀ ਦਿੱਤੀ।

ਇਸ ਸਮਾਰੋਹ ਦੌਰਾਨ ਮਲਕੀਤ ਸਿੰਘ ਟੈਕਨੀਕਲ ਅਫਸਰ ਬੀਜਾ ਵੱਲੋਂ ਦੁਧਾਰੂ ਪਸ਼ੂਆਂ ਦੀਆਂ ਨਸਲਾਂ ਅਤੇ ਨਸਲ ਸੁਧਾਰ ਸਬੰਧੀ ਜਾਣਕਾਰੀ ਦਿੱਤੀ ਗਈ। ਜਦਕਿ ਡੇਅਰੀ ਇੰਸਪੈਕਟਰ ਚਰਨਜੀਤ ਸਿੰਘ ਨੇ ਦੁਧਾਰੂ ਪਸ਼ੂਆਂ ਲਈ ਸੰਤੁਲਿਤ ਪਸ਼ੂ ਖੁਰਾਕ, ਕੱਟੀਆਂ ਤੇ ਵੱਛੀਆਂ ਅਤੇ ਵਹਿੜੀਆਂ ਦੀ ਖੁਰਾਕ ਸਬੰਧੀ, ਪਸ਼ੂਆਂ ਦੇ ਹਰੇ ਚਾਰੇ, ਦੁਧਾਰੂ ਪਸ਼ੂਆਂ ਦਾ ਪ੍ਰਬੰਧ ਅਤੇ ਦੁੱਧ ਦੇ ਮੰਡੀਕਰਨ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਅਜੇ ਸਿੰਘ ਨੇ ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ ਅਤੇ ਹਰੇ ਚਾਰੇ ਦਾ ਹੇਅ ਅਤੇ ਸਾਈਲੇਜ਼ ਬਣਾਉਣ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਦਵਿੰਦਰ ਸਿੰਘ ਵੱਲੋਂ ਦੁੱਧ ਦੀ ਬਣਤਰ, ਫੈਟ ਘਟਣ ਤੇ ਵਧਣ ਦੇ ਕਾਰਨਾਂ ਸਬੰਧੀ ਦੱਸਿਆ ਅਤੇ ਡਾ. ਸੰਜੀਵ ਕੋਹਲੀ ਵੈਟਨਰੀ ਅਫਸਰ ਚਨਾਰਥਲ ਕਲਾਂ ਨੇ ਪਸ਼ੂਆਂ ਦੀਆਂ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਜਰਨੈਲ ਸਿੰਘ ਲੈਬ ਇੰਚਾਰਜ ਬੀਜਾ ਵੱਲੋਂ ਵਿਭਾਗੀ ਮੋਬਾਈਲ ਲੈਬ ਰਾਹੀਂ ਕੈਟਲ ਫੀਡ, ਖਲ੍ਹਾਂ ਦੇ 76 ਸੈਂਪਲ ਚੈਕ ਕਰਕੇ ਦੁੱਧ ਉਤਪਾਦਕਾਂ ਨੂੰ ਘੱਟ ਪਾਏ ਗਏ ਤੱਤਾਂ ਅਤੇ ਪ੍ਰੋਟੀਨ ਨੂੰ ਪੂਰਾ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਦਿੱਤੀ।

ਇਸ ਮੌਕੇ ਰਤਨ ਸਿੰਘ ਡਿਪਟੀ ਡਾਇਰੈਕਟਰ ਪੀ.ਐੱਨ.ਬੀ ਟ੍ਰੇਨਿੰਗ ਸੈਂਟਰ ਸਰਹਿੰਦ, ਅਗਾਂਹ ਵਧੂ ਕਿਸਾਨ ਕੇਹਰ ਸਿੰਘ ਮਾਰਵਾ, ਭੁਪਿੰਦਰ ਸਿੰਘ ਬਧੌਛੀ ਕਲਾਂ, ਰਘਵੀਰ ਸਿੰਘ ਪੰਚ, ਗੁਰਿੰਦਰ ਸਿੰਘ ਪ੍ਰਧਾਨ, ਸਤਨਾਮ ਸਿੰਘ ਖਰੋੜ ਫੀਡ ਫੈਕਟਰੀ, ਮਾਸਟਰ ਤਰਸਮੇ ਸਿੰਘ, ਵਿਪਨ ਕੁਮਾਰ ਮਾਰਕਫੈਡ, ਭਗਵੰਤ ਸਿੰਘ ਆਦਿ ਤੋਂ ਇਲਾਵਾ ਹੋਰ ਇਲਾਕਾ ਵਾਸੀ ਮੌਜੂਦ ਸਨ।