ਭਾਖੜਾ ਨਹਿਰ 'ਚੋਂ ਬਰਾਮਦ ਹੋਈ ਅਣਪਛਾਤੀ ਔਰਤ ਦੀ ਲਾਸ਼

Last Updated: May 12 2018 13:41

ਪਟਿਆਲਾ ਨਾਭਾ ਮਾਰਗ ਤੋਂ ਲੰਘਦੀ ਭਾਖੜਾ ਨਹਿਰ 'ਚੋਂ ਲੰਘੀ ਦੇਰ ਸ਼ਾਮ ਇੱਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਉਕਤ ਔਰਤ ਦੀ ਲਾਸ਼ ਨੂੰ ਭਾਖੜਾ ਵਿੱਚ ਤੈਰਦੀ ਵੇਖ ਪੁਲਿਸ ਨੇ ਉਸਨੂੰ ਭੋਲੇ ਸ਼ੰਕਰ ਡਾਇਵਰਜ ਕਲੱਬ ਦੇ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕਢਵਾ ਲਿਆ।

ਪੁਲਿਸ ਅਨੁਸਾਰ ਜਿਸ ਔਰਤ ਦੀ ਲਾਸ਼ ਬਰਾਮਦ ਹੋਈ ਹੈ, ਉਸਦੀ ਉਮਰ ਕਰੀਬ 30-32 ਸਾਲ ਦੀ ਹੈ, ਜਿਸਨੇ ਕਿ ਸਫ਼ੇਦ ਰੰਗ ਦਾ ਨਾਈਟ ਸੂਟ ਤੇ ਜ਼ਾਮਨੀ ਰੰਗ ਦੀ ਕੈਪਰੀ ਪਾਈ ਹੋਈ ਸੀ। ਪੁਲਿਸ ਨੇ ਦੱਸਿਆ ਕਿ ਲਾਸ਼ ਦੇ ਪਾਏ ਹੋਏ ਕੱਪੜਿਆਂ ਦੀ ਤਲਾਸ਼ੀ ਦੇ ਦੌਰਾਨ ਅਜਿਹਾ ਕੋਈ ਵੀ ਦਸਤਾਵੇਜ਼ ਜਾਂ ਨਿਸ਼ਾਨੀ ਨਹੀਂ ਮਿਲੀ ਜਿਸਦੇ ਅਧਾਰ ਤੇ ਕਿ ਉਸਦੀ ਪਹਿਚਾਣ ਹੋ ਸਕੇ।

ਲਾਸ਼ ਨੂੰ ਫ਼ਿਲਹਾਲ ਪਹਿਚਾਣ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਨੂੰ ਕਤਲ ਨਾਲ ਜੋੜ ਕੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਪੁਲਿਸ ਨੂੰ ਮਰਨ ਵਾਲੀ ਦੇ ਜਿਸਮ ਤੇ ਕੁਝ ਅਜਿਹੇ ਨਿਸ਼ਾਨ ਮਿਲੇ ਹਨ ਜਿਹੜੇ ਕਤਲ ਵੱਲ ਇਸ਼ਾਰਾ ਕਰਦੇ ਹਨ।