ਸਕੀਮਾਂ ਦਾ ਲਾਹਾ ਲੈ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੁੱਧ ਉਤਪਾਦਕ : ਬਲਵਿੰਦਰ ਜੀਤ

Last Updated: May 12 2018 13:25

ਕੈਬਨਿਟ ਮੰਤਰੀ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਬਲਬੀਰ ਸਿੰਘ ਸਿੱਧੂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਡਾਇਰੈਕਟਰ ਡੇਅਰੀ ਕਪੂਰਥਲਾ ਬਲਵਿੰਦਰ ਜੀਤ ਦੀ ਅਗਵਾਈ ਹੇਠ ਢਿਲਵਾਂ ਬਲਾਕ ਦੇ ਪਿੰਡ ਮਹਿਮਦਵਾਲ ਵਿਖੇ ਇੱਕ ਦੁੱਧ ਉਤਪਾਦਕ ਜਾਗਰੂਕਤਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸਦਾ ਉਦਘਾਟਨ ਮੁੱਖ ਮਹਿਮਾਨ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਆਸਾ ਸਿੰਘ ਨੇ ਕੀਤਾ। ਦੁੱਧ ਸਹਿਕਾਰੀ ਸਭਾ ਮਹਿਦਵਾਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਰੰਧਾਵਾ ਨੇ ਸਾਰਿਆਂ ਨੂੰ ਜੀਅ ਆਇਆਂ ਕਿਹਾ।

ਇਸ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਡਾਇਰੈਕਟਰ ਬਲਵਿੰਦਰ ਜੀਤ ਨੇ ਦੁੱਧ ਉਤਪਾਦਕਾਂ ਲਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦਾ ਲਾਹਾ ਲੈ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਦੁੱਧ ਦੀ ਮਹੱਤਤਾ, ਪਸ਼ੂਆਂ ਦੀ ਖੁਰਾਕ ਦੀ ਬਣਤਰ ਅਤੇ ਦੁੱਧ ਦੇ ਮੰਡੀਕਰਨ ਬਾਰੇ ਚਾਨਣਾ ਪਾਇਆ। ਸਹਾਇਕ ਨਿਰਦੇਸ਼ਕ ਮੱਛੀ ਪਾਲਣ ਵਿਭਾਗ ਵਿੱਦਿਆ ਸਾਗਰ ਨੇ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਦੱਸਿਆ ਕਿ ਮੱਛੀ ਪਾਲਣ ਅਤੇ ਡੇਅਰੀ ਦੇ ਧੰਦੇ ਨੂੰ ਕਿਵੇਂ ਨਾਲ ਜੋੜ ਕੇ ਕੀਤਾ ਜਾ ਸਕਦਾ ਹੈ।

ਡਾ. ਵਿਨੇ ਸ਼ਰਮਾ ਨੇ ਪਸ਼ੂਆਂ ਵਿੱਚ ਹੋਣ ਵਾਲੀਆਂ ਆਮ ਬਿਮਾਰੀਆਂ ਤੇ ਉਨ੍ਹਾਂ ਦੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਮਾਹਿਰਾਂ ਨੇ ਦੱਸਿਆ ਕਿ ਕਿਸਾਨ ਖੇਤੀ ਨਾਲ ਸਹਾਇਕ ਧੰਦਿਆਂ ਦੇ ਤੌਰ ਤੇ ਇਨ੍ਹਾਂ ਨੂੰ ਅਪਣਾ ਕੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਦੇ ਹਨ। ਇਸ ਮੌਕੇ ਕੋਆਪ੍ਰੇਟਿਵ ਸੁਸਾਇਟੀ ਠੱਟਾ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਲਾਡੀ, ਸਰਪੰਚ ਬਲਕਾਰ ਸਿੰਘ, ਮਲਵਿੰਦਰ ਸਿੰਘ ਰੰਧਾਵਾ, ਡੇਅਰੀ ਇੰਸਪੈਕਟਰ ਸੁਖਵਿੰਦਰ ਕੁਮਾਰ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।