Loading the player...

ਚਾਰਦੀਵਾਰੀ 'ਚ ਕੈਦ ਸ਼ਹੀਦ ਦਾ ਬੁੱਤ ! (SPECIAL STORY)

Avtar Gill
Last Updated: May 12 2018 12:01

ਰੁੱਖਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੀ ਮਹਾਨ ਸ਼ਹੀਦ ਅੰਮ੍ਰਿਤਾ ਦੇਵੀ ਦਾ ਬੁੱਤ ਅੱਜ ਕੱਲ੍ਹ ਉਨ੍ਹਾਂ ਦੀ ਯਾਦ ਵਿੱਚ ਬਣਾਏ ਜਾ ਰਹੇ ਬਹੁਕਰੋੜੀ ਸਮਾਰਕ ਸਥਲ 'ਚ ਕੈਦ ਹੈ। ਲੋਕਾਂ ਨੂੰ ਇਸ ਸਮਾਰਕ ਦੀ ਚਾਰਦੀਵਾਰੀ ਦੇ ਉਪਰ ਚੜ ਕੇ ਵਾਤਾਵਰਣ ਦੀ ਰਾਖੀ ਕਰਨ ਵਾਲੀ ਇਸ ਮਹਾਨ ਸ਼ਹੀਦ ਦੇ ਦਰਸ਼ਨ ਕਰਨੇ ਪੈਂਦੇ ਹਨ, ਇੱਥੋਂ ਤੱਕ ਕਿ ਸੂਬਾ ਪੰਜਾਬ ਦੀ ਵਜਾਰਤ 'ਚ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕਬੀਨਾ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਵੀ ਇਸ ਸਮਾਰਕ ਅਤੇ ਨੇਚਰ ਪਾਰਕ ਦੇ ਦੌਰੇ ਦੌਰਾਨ ਸ਼ਹੀਦ ਅੰਮ੍ਰਿਤਾ ਦੇਵੀ ਦੇ ਬੁੱਤ ਦੇ ਦਰਸ਼ਨ ਚਾਰਦੀਵਾਰੀ ਉਪਰੋਂ ਹੀ ਕਰਨੇ ਪਏ।

ਕਬੀਨਾ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਬਿਸ਼ਨੋਈ ਸਮਾਜ ਦੀ ਰਾਜਧਾਨੀ ਕਹੀ ਜਾਣ ਵਾਲੀ ਸੀਤੋ ਗੁੰਨੋ ਇਲਾਕੇ ਦੇ ਮਹਿਰਾਜ ਪੁਰ ਧੋਰਾ ਵਿਖੇ ਬਣਾਈ ਜਾ ਰਹੀ ਵਿਸ਼ਵ ਦੀ ਪਹਿਲੀ ਸ਼ਹੀਦ ਅੰਮ੍ਰਿਤਾ ਦੇਵੀ ਬਿਸ਼ਨੋਈ ਦੀ ਯਾਦ 'ਚ ਸਮਾਰਕ ਅਤੇ ਨੇਚਰ ਪਾਰਕ ਦਾ ਦੌਰਾ ਕੀਤਾ ਗਿਆ। ਇਸ ਯਾਦਗਾਰੀ ਸਮਾਰਕ 'ਤੇ ਕਰੀਬ 3 ਕਰੋੜ ਤੋਂ ਵੀ ਵੱਧ ਦੀ ਰਕਮ ਦਾ ਖਰਚ ਆਵੇਗਾ। ਇਸ ਨੇਚਰ ਪਾਰਕ 'ਚ ਉਸੇ ਖੇਜੜਲੀ ਦੇ 363 ਰੁੱਖ ਲਾਏ ਗਏ ਹਨ ਜਿਨ੍ਹਾਂ ਦੀ ਰੱਖਿਆ ਅਤੇ ਕੱਟਣੋਂ ਬਚਾਉਣ ਲਈ ਸਨ 1730 'ਚ ਜੋਧਪੁਰ ਵਿਖੇ 363 ਔਰਤ-ਪੁਰਸ਼ ਸਮੇਤ ਬੱਚਿਆਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ, ਇਸ ਕੰਮ ਵਿੱਚ ਸਭ ਤੋਂ ਮੂਹਰੇ ਅੰਮ੍ਰਿਤਾ ਦੇਵੀ ਹੀ ਸੀ ਜਿਸਨੇ ਰੁੱਖਾਂ ਨੂੰ ਬਚਾਉਣ ਲਈ ਰੁੱਖ ਨੂੰ ਜੱਫਾ ਪਾ ਲਿਆ ਪਰ ਰੁੱਖ ਵੱਢਣ ਵਾਲਿਆਂ ਵੱਲੋਂ ਅੰਮ੍ਰਿਤਾ ਦੇਵੀ ਸਮੇਤ ਇਨ੍ਹਾਂ ਦੇ ਨਾਲ ਰੁੱਖਾਂ ਨੂੰ ਬਚਾਉਣ ਆਏ 363 ਰੁੱਖ ਪ੍ਰੇਮੀਆਂ ਨੂੰ ਰੁੱਖਾਂ ਨਾਲ ਹੀ ਕਤਲ ਕਰ ਦਿੱਤਾ ਗਿਆ।

ਇਸ ਮਹਾਨ ਸ਼ਹੀਦ ਅੰਮ੍ਰਿਤਾ ਦੇਵੀ ਦੀ ਯਾਦ 'ਚ ਬਣਾਈ ਜਾ ਰਹੀ ਇਸ ਸਮਾਰਕ ਅਤੇ ਨੇਚਰ ਪਾਰਕ 'ਚ ਆਪਣੇ ਦੌਰੇ ਦੌਰਾਨ ਜਦ ਕਬੀਨਾ ਮੰਤਰੀ ਨੇ ਪੱਕੀਆਂ ਇੱਟਾਂ ਅਤੇ ਸੀਮੈਂਟ ਵਿੱਚ ਚਿਣੇ ਗਏ ਸ਼ਹੀਦ ਦੇ ਬੁੱਤ ਦੇ ਦਰਸ਼ਨ ਕੀਤੇ ਤਾਂ ਉਸ ਤੋਂ ਬਾਅਦ ਨਿਊਜ਼ ਨੰਬਰ ਦੀ ਟੀਮ ਨੇ ਇੱਕ ਸ਼ਹੀਦ ਦੇ ਬੁੱਤ ਨੂੰ ਇਸ ਤਰੀਕੇ ਨਾਲ ਚਾਰਦੀਵਾਰੀ ਵਿੱਚ ਕੈਦ ਕਰਕੇ ਰੱਖੇ ਜਾਣ ਬਾਰੇ ਮੰਤਰੀ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਨੇ ਇਸਨੂੰ ਗ਼ਲਤ ਦੱਸਦਿਆਂ ਕਿਹਾ ਕਿ ਇਹ ਅਧਿਕਾਰੀਆਂ ਦੀ ਅਣਗਹਿਲੀ ਹੈ। ਉਨ੍ਹਾਂ ਉਸੇ ਵੇਲੇ ਬੁੱਤ ਦੇ ਮੂਹਰੇ ਵਾਲੀ ਦੀਵਾਰ ਨੂੰ ਹਟਾ ਕੇ ਉੱਥੇ ਲੋਹੇ ਦੇ ਪਾਈਪਾਂ ਵਾਲਾ ਗੇਟ ਲਗਾਉਣ ਦੇ ਹੁਕਮ ਦਿੱਤੇ ਤਾਂ ਜੋ ਇੱਥੇ ਆਉਣ ਜਾਣ ਵਾਲੇ ਸ਼ਹੀਦ ਦੇ ਦਰਸ਼ਨ ਤਾਂ ਚੰਗੇ ਤਰੀਕੇ ਨਾਲ ਕਰ ਸਕਣ।

ਰੁੱਖਾਂ ਦੀ ਰਾਖੀ ਅਤੇ ਵਾਤਾਵਰਣ ਪ੍ਰੇਮੀ ਦੀ ਜਿੰਦਾ ਮਿਸਾਲ ਸ਼ਹੀਦ ਮਾਤਾ ਅੰਮ੍ਰਿਤਾ ਦੇਵੀ ਦੀ ਯਾਦ 'ਚ ਬਣਾਈ ਜਾ ਰਹੀ ਸਮਾਰਕ 'ਚ ਉਨ੍ਹਾਂ ਦੇ ਬੁੱਤ ਨੂੰ ਇਸ ਤਰ੍ਹਾਂ ਚਾਰਦੀਵਾਰੀ ਵਿੱਚ ਕੈਦ ਕਰਨ ਪਿੱਛੇ ਅਧਿਕਾਰੀਆਂ ਅਤੇ ਬਿਸ਼ਨੋਈ ਸਮਾਜ ਦੇ ਆਗੂਆਂ ਦਾ ਇਹ ਤਰਕ ਸੀ ਕਿ, ਬੁੱਤ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਇਸ ਲਈ ਚਾਰਦੀਵਾਰੀ ਕਰਵਾਈ ਗਈ ਹੈ, ਇਹ ਕੋਈ ਵਾਜਬ ਜਵਾਬ ਨਹੀਂ ਸੀ ਜਿਸਦਾ ਸਹੀ ਜਵਾਬ ਕਬੀਨਾ ਮੰਤਰੀ ਨੇ ਸਖਤ ਅਲਫਾਜਾ 'ਚ ਚਾਰਦੀਵਾਰੀ ਦੀ ਸਾਹਮਣੇ ਵਾਲੀ ਦੀਵਾਰ ਨੂੰ ਢਾਹ ਕੇ ਉੱਥੇ ਗੇਟ ਲਗਾਉਣ ਦਾ ਹੁਕਮ ਦੇ ਕੇ ਮੰਡੀਬੋਰਡ ਦੇ ਅਧਿਕਾਰੀਆਂ ਨੂੰ ਸਬਕ ਸਿਖਾਇਆ ਹੈ ਕਿ ਸ਼ਹੀਦਾਂ ਦਾ ਮਾਣ ਸਨਮਾਨ ਕਰਨਾ ਸਿਖ ਲਓ।