ਕਮਰੇ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਕਰ ਰਹੀ ਜਾਂਚ

Last Updated: May 12 2018 10:56

ਪੰਜਪੀਰ ਟਿੱਬਾ ਵਾਸੀ ਇੱਕ ਨੌਜਵਾਨ ਦੀ ਕਮਰੇ 'ਚੋਂ ਪੱਖੇ ਨਾਲ ਲਟਕਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੂੰ ਜਦ ਇਸਦਾ ਪਤਾ ਚਲਿਆ ਤਾਂ ਉਨ੍ਹਾਂ ਇਸਦੀ ਸੂਚਨਾ ਪੁਲਿਸ ਅਤੇ ਮੁਹੱਲੇ ਦੇ ਲੋਕਾਂ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਥੱਲੇ ਲਾਹ ਕੇ ਕਾਰਵਾਈ ਤੋਂ ਬਾਅਦ ਉਸਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਕੋਲ ਦਾਅਵਾ ਕੀਤਾ ਕਿ ਉਨ੍ਹਾਂ ਦਾ ਲੜਕਾ 19 ਸਾਲਾਂ ਸਮਾਈਲ ਬੀਤੀ ਰਾਤ ਰੋਜ਼ਾਨਾ ਵਾਂਗ ਛੱਤ 'ਤੇ ਸੁੱਤਾ ਸੀ। ਪਰ ਦੇਰ ਰਾਤ ਉਹ ਛੱਤ ਤੋਂ ਹੇਠਾਂ ਆਇਆ ਪਰ ਇਹ ਪਤਾ ਨਹੀਂ ਸੀ ਕਿ ਉਹ ਖੁਦਕੁਸ਼ੀ ਕਰਨ ਲਈ ਹੀ ਕਮਰੇ 'ਚ ਗਿਆ ਹੈ।

ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਚਲਿਆ ਜਦ ਉਨ੍ਹਾਂ ਵੇਖਿਆ ਕਿ ਕਮਰੇ ਵਿੱਚ ਪੱਖਾ ਟੰਗਣ ਵਾਲੀ ਹੁੱਕ ਨਾਲ ਫਾਹਾ ਲਗਾ ਕੇ ਸਮਾਈਲ ਨੇ ਆਤਮਹੱਤਿਆ ਕਰ ਲਈ। ਪਰਿਵਾਰ ਦਾ ਦਾਅਵਾ ਹੈ ਕਿ ਮ੍ਰਿਤਕ ਮਾਨਸਿਕ ਤੌਰ 'ਤੇ ਪਰੇਸ਼ਾਨੀ ਸੀ, ਇਹੀ ਕਾਰਨ ਰਿਹਾ ਕਿ ਉਸਨੇ ਇਸ ਪਰੇਸ਼ਾਨੀ ਤੋਂ ਖੇੜਾ ਛੁੜਾਉਣ ਲਈ ਘਰ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੋਂ ਬਾਅਦ ਫਿਲਹਾਲ ਪੁਲਿਸ ਨੇ ਧਾਰਾ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ।