ਸਿੱਧੂ ਸਾਹਿਬ ਵਾਅਦੇ ਹੀ ਕਰੀ ਜਾਓਗੇ ਜਾਂ ਫਿਰ ਕੁਝ ਕਰਕੇ ਵੀ ਵਿਖਾਓਗੇ (ਨਿਊਜ਼ ਨੰਬਰ ਸਪੈਸ਼ਲ ਸਟੋਰੀ)..!!

Last Updated: May 10 2018 10:36

ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਹੁਣ ਤੱਕ ਇਹ ਸਰਕਾਰ ਸਮੇਂ-ਸਮੇਂ 'ਤੇ ਲੋਕਾਂ ਨਾਲ ਕੀਤੇ ਵਾਅਦਾਂ ਨੂੰ ਲੈ ਕੇ ਘਿਰਦੀ ਨਜ਼ਰੀ ਆਈ ਹੈ। ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਬੜੇ ਲੰਮੇ ਚੌੜੇ ਵਾਅਦੇ ਕਰ ਰਹੇ ਸਨ, ਪਰ ਹੁਣ ਤੱਕ ਉਕਤ ਵਾਅਦੇ ਨਾ-ਮਾਤਰ ਹੀ ਪੂਰੇ ਹੋ ਰਹੇ ਹਨ। ਜਿਸ ਕਾਰਨ ਪੰਜਾਬ ਵਾਸੀਆਂ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ। ਦੋਸਤੋਂ, ਜੇਕਰ ਆਪਾ ਗੱਲ ਹਰੀਕੇ ਹੈੱਡ ਦੀ ਕਰੀਏ ਤਾਂ ਸਾਬਕਾ ਓਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਰਾਜ ਭਾਗ ਦੇ ਦੌਰਾਨ ਚੰਗੀਆਂ ਵੋਟਾਂ ਬਟੋਰਨ ਵਾਸਤੇ ਪਾਣੀ ਵਾਲੀ ਬੱਸ ਚਲਾਈ ਗਈ ਸੀ, ਜਿਸ ਨੂੰ ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ 4 ਮਹੀਨੇ ਬਾਅਦ ਹੀ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਚਲਾਈ ਗਈ ਪਾਣੀ ਵਾਲੀ ਬੱਸ ਨੂੰ ਬਰੇਕ ਲਗਾ ਦਿੱਤੀ ਗਈ ਸੀ।

ਉਸ ਵੇਲੇ ਸਿੱਧੂ ਦਾ ਬਿਆਨ ਸੀ ਕਿ ਹਰੀਕੇ ਜੰਗਲੀ ਜੀਵ ਪਨਾਹਗਾਹ ਨੂੰ ਅੰਤਰਰਾਸ਼ਟਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ, ਪਰ..!! ਦੋਸਤੋਂ, ਕਰੀਬ 11 ਮਹੀਨੇ ਬੀਤ ਜਾਣ ਦੇ ਬਾਅਦ ਵੀ ਅੰਤਰਰਾਸ਼ਟਰੀ ਸੈਰ ਸਪਾਟਾ ਕੇਂਦਰ ਕਿਧਰੇ ਨਜ਼ਰੀ ਨਹੀਂ ਆ ਰਿਹਾ। ਦੋਸਤੋਂ, ਇਸ ਲੇਖ ਵਿੱਚ ਆਪਾਂ ਸਾਬਕਾ ਓਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਪਾਣੀ ਵਾਲੀ ਬੱਸ ਅਤੇ ਉਸ ਤੋਂ ਬਾਅਦ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਈ ਗਈ ਬਰੇਕ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਬੜੇ ਜੋਰਾ ਸ਼ੋਰਾਂ ਨਾਲ ਪਿਛਲੀ ਅਕਾਲੀ ਸਰਕਾਰ ਦੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵੱਲੋਂ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਹੋਇਆ 12 ਦਸੰਬਰ 2016 ਨੂੰ ਪਾਣੀ ਵਾਲੀ ਬੱਸ ਹਰੀਕੇ ਤੋਂ ਚਲਾ ਕੇ ਲੋਕ ਅਰਪਣ ਕੀਤੀ ਗਈ ਸੀ। ਉਸ ਵੇਲੇ ਸੁਖਬੀਰ ਸਿੰਘ ਬਾਦਲ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਰਾਜ ਵਿੱਚ ਸੈਰ ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਹਰੀਕੇ ਹੈੱਡ ਵਰਕਸ ਵਿਖੇ ਸੈਰ ਸਪਾਟਾ ਵਿਭਾਗ ਵੱਲੋਂ ਯਾਤਰੀਆਂ ਲਈ ਕੰਟੀਨ, ਬੈਠਣ ਲਈ ਪਾਰਕ, ਹੱਟ, ਟੁਆਲਿਟ ਆਦਿ ਹਰ ਸਹੂਲਤ ਦਾ ਪ੍ਰਬੰਧ ਕੀਤਾ ਜਾਵੇਗਾ।

ਦੱਸ ਇਹ ਵੀ ਦਈਏ ਕਿ ਜਲ ਬਲ ਬੱਸ ਪ੍ਰਾਜੈਕਟ 'ਤੇ ਅਕਾਲੀ ਸਰਕਾਰ ਦੇ ਵੱਲੋਂ 10 ਕਰੋੜ ਰੁਪਏ ਖਰਚੇ ਗਏ ਸਨ। ਬੱਸ ਚੱਲਣ ਤੋਂ 'ਚੰਦ' ਦਿਨਾਂ ਬਾਅਦ ਹੀ ਇਹ ਬੱਸ ਵਿਵਾਦਾਂ ਦੇ ਘੇਰੇ ਵਿੱਚ ਘਿਰ ਗਈ ਸੀ, ਕਿਉਂਕਿ ਦਰਿਆ ਵਿੱਚ ਪਾਣੀ ਵੱਧਣ ਦੇ ਕਾਰਨ ਬੱਸ ਚੱਲਣ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਜਾ ਰਿਹਾ ਸੀ, ਜਿਸ ਕਾਰਨ ਕਿਸਾਨ ਉਕਤ ਜਲ ਬੱਸ ਦਾ ਵਿਰੋਧ ਕਰ ਰਹੇ ਸਨ। ਸੋ ਖੈਰ..!! ਕੁਝ ਦਿਨ ਚੱਲਣ ਤੋਂ ਬਾਅਦ ਜਦੋਂ ਜਨਵਰੀ ਵਿੱਚ ਇਹ ਬੱਸ ਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ ਠੰਡ ਪੈਣ ਕਾਰਨ ਦਰਿਆ ਵਿੱਚ ਪਾਣੀ ਘੱਟ ਗਿਆ ਸੀ ਅਤੇ ਬੱਸ ਨੂੰ ਅਪ੍ਰੈਲ ਮਹੀਨੇ ਤੱਕ ਬੰਦ ਰੱਖਿਆ ਗਿਆ। ਮਾਰਚ 2017 ਵਿੱਚ ਅਕਾਲੀ ਭਾਜਪਾ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆ ਗਈ, ਜਿਸ ਨੇ ਅਕਾਲੀਆਂ ਵੱਲੋਂ ਸ਼ੁਰੂ ਕੀਤੇ ਗਏ ਕਈ ਪ੍ਰੋਜੈਕਟਾਂ ਨੂੰ ਬਰੇਕਾਂ ਲਗਾ ਕੇ ਆਪਣੇ ਪ੍ਰੋਜੈਕਟ ਸ਼ੁਰੂ ਕਰ ਦਿੱਤੇ।

ਜੂਨ 2017 ਵਿੱਚ 10 ਕਰੋੜੀ ਜਲ ਬੱਸ ਨੂੰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਰੇਕ ਲਗਾ ਦਿੱਤੀ ਸੀ। ਉਸ ਸਮੇਂ ਸਿੱਧੂ ਨੇ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਇਹ ਐਲਾਨ ਕੀਤਾ ਸੀ ਕਿ ਇਸ ਜਲਗਾਹ ਵਿੱਚ ਬੱਸ ਦੀ ਥਾਂ ਪੈਰਾਂ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਚਲਾਈਆਂ ਜਾਣਗੀਆਂ, ਕਿਉਂਕਿ ਬੱਸ ਦੇ ਚੱਲਣ ਨਾਲ ਪ੍ਰਵਾਸੀ ਪੰਛੀ ਪ੍ਰਭਾਵਤ ਹੁੰਦੇ ਹਨ। ਸਿੱਧੂ ਨੇ ਉਸ ਵੇਲੇ ਇਹ ਵੀ ਕਿਹਾ ਸੀ ਕਿ ਜਲ ਬੱਸ ਚਲਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ ਅਤੇ ਪਿਛਲੀ ਸਰਕਾਰ ਨੇ ਇਸ ਬੱਸ 'ਤੇ ਨਾਜਾਇਜ਼ ਖ਼ਰਚਾ ਕੀਤਾ ਹੈ। ਸਿੱਧੂ ਨੇ ਉਸ ਵੇਲੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਬੱਸ ਚਲਾਉਣ ਲਈ ਖ਼ਰਚੀ ਰਾਸ਼ੀ ਦੀ ਜਾਂਚ ਕਰਵਾਈ ਜਾਵੇਗੀ।

ਉਸ ਸਮੇਂ ਸਿੱਧੂ ਨੇ ਕਿਹਾ ਸੀ ਕਿ ਹਰੀਕੇ ਝੀਲ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ਕਰਾਂਗੇ ਅਤੇ ਜਲ ਬੱਸ ਉਨ੍ਹਾਂ ਚਿਰ ਤੱਕ ਬੰਦ ਰਹੇਗੀ, ਜਿਨ੍ਹਾਂ ਚਿਰ ਤੱਕ ਪੀ.ਆਰ.ਟੀ.ਸੀ. ਮੁਨਾਫੇ ਵਿੱਚ ਨਹੀਂ ਆ ਜਾਂਦਾ, ਪਰ ਹੁਣ ਤਾਂ ਸਿੱਧੂ ਸਾਹਿਬ ਪੀ.ਆਰ.ਟੀ.ਸੀ. ਵੀ ਮੁਨਾਫੇ ਵਿੱਚ ਆ ਚੁੱਕਾ ਹੈ, ਪਰ ਅਜੇ ਤੱਕ ਨਾ ਤਾਂ ਪਾਣੀ ਬੱਸ ਨੂੰ ਦੁਬਾਰਾ ਚਲਾਉਣ ਸਬੰਧੀ ਤਜਵੀਜ਼ ਬਣੀ ਹੈ ਤੇ ਨਾ ਹੀ ਝੀਲ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ਕਰਨ ਲਈ ਕੋਈ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਦੱਸ ਦਈਏ ਕਿ ਉਸ ਵੇਲੇ ਸੈਰ ਸਪਾਟਾ ਵਿਭਾਗ ਪੰਜਾਬ ਵੱਲੋਂ ਹਰੀਕੇ ਝੀਲ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ, ਪਰ ਉਹ ਵੀ ਹੁਣ ਠੱਪ ਹੋ ਕੇ ਰਹਿ ਗਏ ਹਨ। ਕਈ ਪ੍ਰੋਜੈਕਟ ਮੁਕੰਮਲ ਹੋਣ ਦੇ ਨੇੜੇ ਹਨ, ਪਰ ਉਨ੍ਹਾਂ ਦਾ ਵੀ ਕੰਮ ਬੰਦ ਹੋਇਆ ਪਿਆ ਹੈ।

ਇਸ ਮਾਮਲੇ ਨੂੰ ਲੈ ਕੇ ਜਦੋਂ ਨਿਊਜ਼ ਨੰਬਰ ਵੱਲੋਂ ਕਰੀਬ ਸਾਲ ਪਹਿਲੋਂ ਬੰਦ ਕੀਤੀ ਜਲ ਬੱਸ ਸਬੰਧੀ ਅਕਾਲੀ ਦਲ ਦੇ ਜ਼ੀਰਾ ਹਲਕੇ ਦੇ ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਜੋ ਵੀ ਵਾਅਦਾ ਕੀਤਾ ਉਹ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਸੁਖਬੀਰ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਲ ਬੱਸ ਸ਼ੁਰੂ ਕੀਤੀ ਜਾਵੇਗੀ ਬਾਦਲ ਨੇ ਵਾਅਦਾ ਪੂਰਾ ਕਰਦਿਆਂ ਜਲ ਬੱਸ ਸ਼ੁਰੂ ਕਰਵਾ ਦਿੱਤੀ। ਉਨ੍ਹਾਂ ਕਾਂਗਰਸ 'ਤੇ ਦੋਸ਼ ਮੜਦਿਆਂ ਆਖਿਆ ਕਿ ਕਾਂਗਰਸ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ, ਇਸ ਸਰਕਾਰ ਨੇ ਹੁਣ ਤੱਕ ਅਕਾਲੀ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਨੂੰ ਹੀ ਬੰਦ ਕਰਵਾਇਆ ਹੈ ਆਪਣਾ ਨਵਾਂ ਕਾਰਜ਼ ਕੋਈ ਸ਼ੁਰੂ ਨਹੀਂ ਕਰਵਾਇਆ। ਜ਼ੀਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਸਮੇਂ ਆਪਣੇ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਕਰ ਸਕੇ, ਜਿਸ ਕਾਰਨ ਪੰਜਾਬ ਵਾਸੀਆਂ ਵਿੱਚ ਰੋਸ ਦੀ ਲਹਿਰ ਹੈ।

ਦੂਜੇ ਪਾਸੇ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦਾਅਵਾ ਕਰ ਰਹੇ ਹਨ ਕਿ ਛੇਤੀ ਹੀ ਹਰੀਕੇ ਝੀਲ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲ ਚੁੱਕੇ ਹਨ ਅਤੇ ਛੇਤੀ ਹੀ ਇਸ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਦੋਸਤੋਂ, ਸਾਲ ਦੇ ਕਰੀਬ ਹੋ ਗਿਆ ਹੈ ਪਾਣੀ ਵਾਲੀ ਬੱਸ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਬੰਦ ਕੀਤਿਆਂ ਹੋਇਆ, ਪਰ ਹੁਣ ਤੱਕ ਹਰੀਕੇ ਝੀਲ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ਨਹੀਂ ਕੀਤਾ ਗਿਆ। ਸੋ ਦੋਸਤੋਂ, ਦੇਖਣਾ ਹੁਣ ਇਹ ਹੋਵੇਗਾ ਕਿ ਆਖਰ ਕਦੋਂ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਹੁੰਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।