ਦੌਣਕਲਾਂ ਰੇਲਵੇ ਸਟੇਸ਼ਨ ਤੋਂ ਲਾਸ਼ ਬਰਾਮਦ

Last Updated: May 07 2018 13:45

ਪਟਿਆਲਾ ਦੇ ਨੇੜਲੇ ਪਿੰਡ ਦੌਣਕਲਾਂ ਰੇਲਵੇ ਸਟੇਸ਼ਨ ਕੋਲੋਂ ਇੱਕ ਅਣਪਛਾਤੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਕਤ ਵਿਅਕਤੀ ਚੱਲਦੀ ਟ੍ਰੇਨ ਤੋਂ ਥੱਲੇ ਡਿੱਗ ਪਿਆ ਸੀ ਜਿਸਦੇ ਚਲਦਿਆਂ ਕਿ ਉਸਦੀ ਮੌਤ ਹੋ ਗਈ।

ਰੇਲਵੇ ਪੁਲਿਸ ਏ.ਐਸ.ਆਈ. ਜਸਵੀਰ ਸਿੰਘ ਨੇ ਦੌਣਕਲਾਂ ਰੇਲਵੇ ਸਟੇਸ਼ਨ ਤੋਂ ਲਾਸ਼ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਸ਼ ਦੇ ਪਾਏ ਹੋਏ ਕੱਪੜਿਆਂ ਦੀ ਤਲਾਸ਼ੀ ਦੇ ਦੌਰਾਨ ਅਜਿਹਾ ਕੋਈ ਵੀ ਪਹਿਚਾਣ ਪੱਤਰ ਬਰਾਮਦ ਨਹੀਂ ਹੋਇਆ ਜਿਸ ਤੋਂ ਕਿ ਉਸਦੀ ਕੋਈ ਪਹਿਚਾਣ ਹੋ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪਹਿਚਾਣ ਕਰਵਾਉਣ ਲਈ ਫ਼ਿਲਹਾਲ 72 ਘੰਟੇ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰਖ਼ਵਾ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਅਗਰ ਲਾਸ਼ ਦਾ ਕੋਈ ਵਾਰਸ ਨਾ ਮਿਲਿਆ ਤਾਂ ਉਸਦਾ ਪੋਸਟਮਾਰਟਮ ਕਰਵਾ ਕੇ ਸਰਕਾਰੀ ਖ਼ਰਚੇ ਤੇ ਸੰਸਕਾਰ ਕਰ ਦਿੱਤਾ ਜਾਵੇਗਾ। ਮਰਨ ਵਾਲੇ ਦੀ ਉਮਰ ਅੰਦਾਜ਼ਨ 30 ਸਾਲ ਦੱਸੀ ਜਾਂਦੀ ਹੈ।