ਖੇਤਾਂ 'ਚੋਂ ਮਿਲੀ ਇੱਕ ਪ੍ਰਵਾਸੀ ਮਜ਼ਦੂਰ ਦੀ ਲਾਸ਼

Last Updated: May 06 2018 11:37

ਲੰਘੀ ਦੇਰ ਸ਼ਾਮ ਪੁਲਿਸ ਚੌਂਕੀ ਰੋਹੜ ਜਗੀਰ ਖੇਤਰ ਅਧੀਨ ਪੈਂਦੇ ਪਿੰਡ ਬੀਬੀਪੁਰ ਦੇ ਖੇਤਾਂ 'ਚੋਂ ਇੱਕ ਪਰਵਾਸੀ ਮਜ਼ਦੂਰ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਲਾਸ਼ ਦਾ ਸਿਰ ਬੁਰੀ ਤਰ੍ਹਾਂ ਨਾਲ ਭਾਰੀ ਚੀਜ਼ ਨਾਲ ਕੁਚਲਿਆ ਹੋਇਆ ਪਾਇਆ ਗਿਆ। ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀਆਂ ਮੌਕੇ ਤੇ ਪੁੱਜ ਗਈਆਂ। ਪੁਲਿਸ ਨੇ ਲਾਸ਼ ਦਾ ਪੰਚਨਾਮਾ ਕਰਕੇ ਉਸਨੂੰ ਪੋਸਟਮਾਰਟਮ ਲਈ ਰਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚਾ ਦਿੱਤਾ ਹੈ।

ਮੌਕਾ-ਏ-ਵਾਰਦਾਤ ਤੇ ਪਹੁੰਚੇ ਡੀ.ਐਸ.ਪੀ. ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਰਨ ਵਾਲੇ ਦੀ ਪਹਿਚਾਣ 25 ਸਾਲਾਂ ਦੇ ਅਜੇ ਕੁਮਾਰ ਦੇ ਤੌਰ ਤੇ ਹੋਈ ਹੈ, ਜੋਕਿ ਪਿੰਡ ਬੀਬੀਪੁਰ ਦੇ ਸਾਬਕਾ ਸਰਪੰਚ ਸਾਹਿਬ ਸਿੰਘ ਪੁੱਤਰ ਸਾਧੂ ਸਿੰਘ ਨਾਲ ਨੌਕਰ ਸੀ। ਧਾਲੀਵਾਲ ਦਾ ਕਹਿਣਾ ਹੈ ਕਿ ਅਜੇ ਕੁਮਾਰ ਪਿਛਲੇ ਲਗਭਗ ਦੋ ਦਿਨਾਂ ਤੋਂ ਲਾਪਤਾ ਚੱਲਿਆ ਆ ਰਿਹਾ ਸੀ।

ਉਕਤ ਮਾਮਲੇ ਵਿੱਚ ਥਾਣਾ ਜੁਲਕਾਂ ਪੁਲਿਸ ਨੇ ਫ਼ਿਲਹਾਲ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਡੀ.ਐੱਸ.ਪੀ. ਦਿਹਾਤੀ ਦੀ ਮੰਨੀਏ ਤਾਂ ਸਾਰਾ ਮਾਮਲਾ ਕੁਝ ਸ਼ੱਕੀ ਜਿਹਾ ਜਾਪਦਾ ਹੈ ਪਰ ਪੁਲਿਸ ਬੜੀ ਛੇਤੀ ਹੀ ਕਾਤਲਾਂ ਦਾ ਸੁਰਾਗ ਲਗਾ ਲਵੇਗੀ।