28 ਅਪ੍ਰੈਲ ਤੋਂ ਲਾਪਤਾ ਨੌਜਵਾਨ ਦੀ ਭੇਦਭਰੇ ਹਲਾਤਾਂ 'ਚ ਮਿਲੀ ਲਾਸ਼

Last Updated: May 05 2018 11:08

28 ਅਪ੍ਰੈਲ ਤੋਂ ਗੁੰਮ ਹੋਏ ਨੌਜਵਾਨ ਦੀ ਲਾਸ਼ ਪਿੰਡ ਸਿੰਬਲੀ ਗੁਜਰਾਂ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਵਿੱਚ ਪਈ ਮਿਲੀ। ਨੌਜਵਾਨ ਦੀ ਲਾਸ਼ ਗਲੀ ਸੜੀ ਸੀ। ਉਸ ਦੇ ਪੈਰਾਂ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ। ਇਸਦਾ ਪਤਾ ਉਸ ਵੇਲੇ ਚੱਲਿਆ ਜਦੋਂ ਬੱਕਰੀ ਚਰਾਉਣ ਵਾਲੇ ਦੀ ਬੱਕਰੀ ਸ਼ਮਸ਼ਾਨਘਾਟ ਦੇ ਅੰਦਰ ਚੱਲ ਗਈ ਸੀ। ਬਕਰਵਾਲ ਬੱਕਰੀ ਨੂੰ ਲੈਣ ਸ਼ਮਸ਼ਾਨਘਾਟ ਦੇ ਅੰਦਰ ਗਿਆ ਤਾਂ ਉਸਨੇ ਦੇਖਿਆ ਕਿ ਨੌਜਵਾਨ ਦੀ ਗਲੀ ਹੋਈ ਲਾਸ਼ ਪਈ ਹੈ। ਜਦੋਂ ਉਸ ਬਕਰਵਾਲ ਵੱਲੋਂ ਰੋਲਾ ਪਾਇਆ ਗਿਆ ਤਾਂ ਲੋਕ ਉੱਥੇ ਇਕੱਠਾ ਹੋ ਗਏ। ਲੋਕਾਂ ਦੀ ਸੂਚਨਾ ਤੇ ਮੌਕੇ ਉੱਤੇ ਸਦਰ ਥਾਣੇ ਦੀ ਪੁਲਿਸ ਪੁੱਜੀ ਅਤੇ ਪੁਲਿਸ ਨੇ ਥਾਣੇ ਵਿੱਚ ਇੱਕ ਗੁੰਮਸ਼ੁਦਾ ਨੌਜਵਾਨ ਦੀ ਸ਼ਿਕਾਇਤ ਆਉਣ ਤੇ ਉਸਦੇ ਪਰਿਵਾਰ ਵਾਲਿਆਂ ਨੂੰ ਦੱਸਿਆ। ਪਰਿਵਾਰ ਵਾਲਿਆਂ ਨੇ ਮੌਕੇ ਤੇ ਪਹੁੰਚ ਉਸ ਨੌਜਵਾਨ ਦੀ ਕੱਪੜਿਆਂ ਤੋਂ ਪਹਿਚਾਣ ਕੀਤੀ ਸੀ। ਨਾਲ ਹੀ ਸ਼ਮਸ਼ਾਨਘਾਟ ਦੇ ਅੰਦਰ ਨੌਜਵਾਨ ਦਾ ਮੋਟਰਸਾਈਕਲ ਵੀ ਮਿਲਿਆ। ਮ੍ਰਿਤਕ ਅਮਰੀਕ ਸਿੰਘ ਉਮਰ 23 ਸਾਲ ਵਾਸੀ ਪਿੰਡ ਬਡਾਲਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਵਿਖੇ ਰੱਖ ਕੇ ਸ਼ੁਰੂਆਤੀ ਜਾਂਚ ਵਿੱਚ 174 ਦੀ ਕਾਰਵਾਈ ਕਰ ਕਿਹਾ ਕਿ ਲਾਸ਼ ਦਾ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ।

ਪਰਿਵਾਰ ਵਾਲਿਆਂ ਦੇ ਮੁਤਾਬਿਕ 28 ਅਪ੍ਰੈਲ ਨੂੰ ਬਡਾਲਾ ਵਾਸੀ ਅਮਰੀਕ ਸਿੰਘ ਬਾਈਕ ਲੈਕੇ ਘਰੋਂ ਗਿਆ ਸੀ। ਦੱਸਿਆ ਜਾ ਰਿਹਾ ਹੈ ਅਤੇ ਉਸ ਦਿਨ ਉਸਦਾ ਦੋਸਤ ਵੀ ਉਸਦੇ ਨਾਲ ਗਿਆ ਸੀ। ਉਸਦਾ ਦੋਸਤ ਤਾਂ ਘਰ ਵਾਪਸ ਆ ਗਿਆ ਸੀ ਪਰ ਅਮਰੀਕ ਸਿੰਘ ਘਰ ਨਹੀਂ ਪਰਤਿਆ। ਘਰ ਵਾਲਿਆਂ ਤੋਂ ਪੁੱਛਗਿੱਛ ਵਿੱਚ ਸਾਹਮਣੇ ਆਇਆ ਉਸ ਦਿਨ ਅਮਰੀਕ ਸਿੰਘ ਦੀ ਘਰ ਵਾਲਿਆਂ ਨਾਲ ਮੋਬਾਈਲ ਫ਼ੋਨ ਤੇ ਗੱਲ ਹੋਈ ਸੀ ਕਿ ਉਹ ਮੋਟਰਸਾਈਕਲ ਠੀਕ ਕਰਵਾ ਰਿਹਾ ਹੈ ਅਤੇ ਕੁਝ ਦੇਰ ਮਗਰੋਂ ਆਵੇਗਾ। ਉਸਦੇ ਬਾਅਦ ਤੋਂ ਅਮਰੀਕ ਦਾ ਮੋਬਾਈਲ ਸਵਿੱਚ ਆਫ਼ ਹੋ ਗਿਆ, ਪਹਿਲੇ ਤਾਂ ਪਰਿਵਾਰ ਵਾਲਿਆਂ ਨੇ ਆਪਣੇ ਪੱਧਰ ਤੇ ਨੌਜਵਾਨ ਦੀ ਭਾਲ ਕੀਤੀ ਪਰ ਉਸਦੇ ਨਾ ਮਿਲਣ ਤੇ ਪਰਿਵਾਰ ਵਾਲਿਆਂ ਨੇ ਕਾਨਵਾਂ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾਈ। ਦੂਸਰੇ ਪਾਸੇ ਥਾਨਾਂ ਸਦਰ ਦੇ ਮੁਖੀ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਨੌਜਵਾਨ ਦੇ ਉਸ ਦਿਨ ਦੇ ਮੋਬਾਈਲ ਫ਼ੋਨ ਦੀ ਡਿਟੇਲ ਕਢਵਾਈ ਜਾਵੇਗੀ ਅਤੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਨੌਜਵਾਨ ਦੇ ਦੋਸਤ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।