ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ਨੂੰ ਅਜਾਇਬ ਘਰ 'ਚ ਤਬਦੀਲ ਕਰਵਾਉਣ ਦੀ ਮੰਗ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵੀ ਆਈ ਅੱਗੇ.!!!

Last Updated: Mar 30 2018 11:23

ਸ਼ਹੀਦ ਭਗਤ ਸਿੰਘ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਦੇ ਫਿਰੋਜ਼ਪੁਰ ਦੇ ਤੂੜੀ ਬਜ਼ਾਰ ਵਿਚਲੇ ਗੁਪਤ ਟਿਕਾਣੇ ਨੂੰ ਅਜਾਇਬ ਘਰ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਜਿੱਥੇ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸੰਘਰਸ਼ ਵਿੱਢਿਆ ਗਿਆ ਹੈ, ਉੱਥੇ ਹੀ ਹੁਣ ਇਸ ਸੰਘਰਸ਼ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਗਈ ਹੈ ਅਤੇ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ਨੂੰ ਅਜਾਇਬ ਘਰ 'ਚ ਤਬਦੀਲ ਕਰਵਾਉਣ ਦੀ ਮੰਗ ਨੂੰ ਲੈ ਕੇ ਮੀਟਿੰਗ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਫਿਰੋਜ਼ਪੁਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਸੰਧੂ ਮੋਹਰੇ ਵਾਲਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਫਿਰੋਜ਼ਪੁਰ ਵਿਖੇ ਦੋ ਵਾਰੀ ਫੇਰੀ ਪਾ ਚੁੱਕੇ ਹਨ ਅਤੇ ਤੂੜੀ ਬਜ਼ਾਰ ਵਿਚਲੇ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ਨੂੰ ਅਜਾਇਬ ਘਰ ਵਿੱਚ ਤਬਦੀਲ ਕਰਨ ਦਾ ਵਾਅਦਾ ਵੀ ਕਰ ਚੁੱਕੇ ਹਨ, ਪਰ ਸਿੱਧੂ ਵੱਲੋਂ ਕੀਤਾ ਗਿਆ ਉਕਤ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋਇਆ, ਜਿਸ ਕਾਰਨ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਤੋਂ ਇਲਾਵਾ ਆਮ ਆਦਮੀ ਪਾਰਟੀ ਵਿੱਚ ਰੋਸ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਸਮੇਂ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਯਾਦਗਾਰ ਵਜੋਂ ਸਥਾਪਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ, ਪਰ ਨੋਟੀਫਿਕੇਸ਼ਨ ਜਾਰੀ ਹੋਏ ਨੂੰ ਕਰੀਬ 3 ਸਾਲ ਹੋ ਗਏ ਹਨ, ਹਾਲੇ ਤੱਕ ਪੁਰਾਤਤੱਵ ਵਿਭਾਗ ਨੇ ਗੁਪਤ ਟਿਕਾਣੇ ਨੂੰ ਆਪਣੇ ਕਬਜ਼ੇ ਵਿੱਚ ਨਹੀਂ ਲਿਆ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ਨੂੰ ਅਜਾਇਬ ਘਰ ਵਿੱਚ ਤਬਦੀਲ ਕੀਤਾ ਜਾਵੇ।