ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ 'ਚ ਇੱਕ ਵਿਅਕਤੀ ਭੁੱਕੀ ਸਮੇਤ ਗ੍ਰਿਫਤਾਰ

Last Updated: Mar 14 2018 20:48

ਖੰਨਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਭੁੱਕੀ ਤਸਕਰੀ ਕਰਨ ਦੇ ਦੋਸ਼ 'ਚ 10 ਕਿੱਲੋ ਭੁੱਕੀ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਆਰੋਪੀ ਦੇ ਖਿਲਾਫ ਪੁਲਿਸ ਨੇ ਥਾਣਾ ਸਦਰ ਖੰਨਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਇਲਜ਼ਾਮ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਭੁੱਕੀ ਬਰਾਮਦਗੀ ਸਬੰਧੀ ਡੀਐਸਪੀ (ਖੰਨਾ) ਜਗਵਿੰਦਰ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਚੌਂਕੀ ਈਸੜੂ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਅਤੇ ਏਐਸਆਈ ਗੁਰਮੇਜ ਸਿੰਘ ਵੱਲੋਂ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਨਜ਼ਦੀਕੀ ਪਿੰਡ ਪੰਜਰੁਖਾ ਦੇ ਟੀ-ਪੁਆਇੰਟ ਨਜ਼ਦੀਕ ਲਗਾਏ ਗਏ ਨਾਕੇ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਸਾਹਮਣੇ ਤੋਂ ਪੈਦਲ ਆ ਰਹੇ ਇੱਕ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਚੈਕਿੰਗ ਲਈ ਰੋਕਿਆ। ਪੁਲਿਸ ਅਧਿਕਾਰੀ ਵੱਲੋਂ ਕੀਤੇ ਗਏ ਦਾਅਵੇ ਮੁਤਾਬਿਕ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਕਤ ਵਿਅਕਤੀ ਦੇ ਕੋਲ ਚੁੱਕੇ ਹਏ ਥੈਲੇ ਦੀ ਚੈਕਿੰਗ ਕੀਤੀ ਤਾਂ ਤਲਾਸ਼ੀ ਲੈਣ 'ਤੇ ਥੈਲੇ ਵਿੱਚੋਂ 10 ਕਿੱਲੋ ਭੁੱਕੀ ਬਰਾਮਦ ਹੋਈ। ਜਿਸਦੇ ਬਾਅਦ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਉਸਦੀ ਪਹਿਚਾਣ ਸੁੱਚਾ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਨਸਰਾਲੀ (ਥਾਣਾ ਸਦਰ ਖੰਨਾ) ਵਜੋਂ ਹੋਈ। ਬਾਅਦ 'ਚ ਉਕਤ ਵਿਅਕਤੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਹੋਰ ਪੁੱਛਗਿਛ ਸ਼ੁਰੂ ਕਰ ਦਿੱਤੀ ਗਈ ਹੈ।